ਨਿਫ਼ਟ ਦੇ ਵਿਦਿਆਰਥੀਆਂ ਵੱਲੋਂ 25 ਡਿਜ਼ਾਈਨ ਪੇਸ਼
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 9 ਜੂਨ
ਨਾਰਦਨ ਇੰਡੀਆ ਇੰਸਟੀਚਿਊਟ ਆਫ਼ ਫੈਸ਼ਨ ਟੈਕਨਾਲੋਜੀ, ਮੁਹਾਲੀ (ਨਿਫ਼ਟ) ਵੱਲੋਂ ਚੰਡੀਗੜ੍ਹ ਦੇ ਨਿੱਜੀ ਹੋਟਲ ਵਿੱਚ ਟੈਕਸਟਾਈਲ ਡਿਜ਼ਾਈਨ ਵਿਭਾਗ ਦੇ ਗ੍ਰੈਜੂਏਟ ਵਿਦਿਆਰਥੀਆਂ ਦੇ ਅੰਤਿਮ ਡਿਜ਼ਾਈਨ ਸੰਗ੍ਰਹਿ ਨੂੰ ਪ੍ਰਦਰਸ਼ਿਤ ਕਰਨ ਲਈ ‘ਸੁਵਿਯਾਨ-2024’ ਕਰਵਾਇਆ ਗਿਆ। ਵਿਦਿਆਰਥੀਆਂ ਨੇ ਫੈਬਰਿਕਸ ਤੇ ਘਰੇਲੂ ਫਰਨੀਸ਼ਿੰਗ ਉਤਪਾਦਾਂ ਦੇ 25 ਡਿਜ਼ਾਈਨ ਪੇਸ਼ ਕੀਤੇ। ਇਸ ਮੌਕੇ ਨਿਫ਼ਟ ਦੇ ਡਾਇਰੈਕਟਰ ਜਨਰਲ ਤੇ ਇੰਡਸਟਰੀ ਤੇ ਕਾਮਰਸ ਵਿਭਾਗ ਦੇ ਡਾਇਰੈਕਟਰ ਦਵਿੰਦਰਪਾਲ ਸਿੰਘ ਖਰਬੰਦਾ ਮੁੱਖ ਮਹਿਮਾਨ ਵਜੋਂ ਪਹੁੰਚੇ ਜਿਨ੍ਹਾਂ ਨੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਦੀ ਸ਼ਲਾਘਾ ਕੀਤੀ।
ਉਨ੍ਹਾਂ ਕਿਹਾ ਕਿ ਨਿਫ਼ਟ ਵੱਲੋਂ ਪੰਜਾਬ ਨੂੰ ਫੈਸ਼ਨ ਦੇ ਖੇਤਰ ਵਿੱਚ ਪੇਸ਼ੇਵਰ ਮੁਹਾਰਤ ਹਾਸਲ ਕਰਕੇ ਸਿੱਖਣ ਅਤੇ ਵਧਣ-ਫੁੱਲਣ ਲਈ ਵਧੀਆ ਪਲੇਟਫਾਰਮ ਮੁਹੱਈਆ ਕਰਵਾਇਆ ਗਿਆ ਹੈ। ਸ੍ਰੀ ਖਰਬੰਦਾ ਨੇ ਕਿਹਾ ਕਿ ਨਿਫ਼ਟ ਤੋਂ ਸਿੱਖਿਆ ਪੂਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਸੂਬਾ ਸਰਕਾਰ ਵੱਲੋਂ 100 ਫ਼ੀਸਦੀ ਨੌਕਰੀ ਦਾ ਪ੍ਰਬੰਧ ਕਰਕੇ ਦਿੱਤਾ ਜਾਵੇਗਾ। ਮੁੱਖ ਮਹਿਮਾਨ ਨੇ ਵੱਖ-ਵੱਖ ਖੇਤਰਾਂ ਵਿੱਚ ਮਲ੍ਹਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ।