ਧਨੌਲਾ ਦੇ ਵਿਕਾਸ ਕਾਰਜਾਂ ਲਈ 25 ਕਰੋੜ ਦੀ ਗਰਾਂਟ ਜਾਰੀ: ਹੇਅਰ
ਪਰਸ਼ੋਤਮ ਬੱਲੀ/ਰਵਿੰਦਰ ਰਵੀ
ਬਰਨਾਲਾ/ਧਨੌਲਾ, 12 ਅਕਤੂਬਰ
ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਸੂਬਾ ਸਰਕਾਰ ਵੱਲੋਂ ਧਨੌਲਾ ਦੇ ਵਿਕਾਸ ਕਾਰਜਾਂ ਲਈ ਕਰੀਬ 25 ਕਰੋੜ ਰੁਪਏ ਦੀ ਗਰਾਂਟ ਜਾਰੀ ਕਰਦਿਆਂ ਕਿਹਾ ਕਿ ਇਸ ਨਾਲ ਸ਼ਹਿਰ ਦੇ ਵਿਕਾਸ ਕਾਰਜ ਵਿਆਪਕ ਪੱਧਰ ’ਤੇ ਨੇਪਰੇ ਚਾੜ੍ਹੇ ਜਾਣਗੇ। ਉਨ੍ਹਾਂ ਬਾਜ਼ੀਗਰ ਬਸਤੀ ਧਨੌਲਾ ਵਿੱਚ ਗਲੀਆਂ ਵਿੱਚ ਇੰਟਰਲਾਕਿੰਗ ਟਾਈਲਾਂ ਲਗਾਉਣ ਦੇ ਕੰਮ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ 25 ਕਰੋੜ ਰੁਪਏ ਦੀ ਵੱਡੀ ਗ੍ਰਾਂਟ ਧਨੌਲਾ ਸ਼ਹਿਰ ਲਈ ਜਾਰੀ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਇਸ ਗ੍ਰਾਂਟ ਨਾਲ ਸ਼ਹਿਰ ਵਿੱਚ ਬੈਡਮਿੰਟਨ ਅਤੇ ਬਾਕਸਿੰਗ ਦਾ ਇਨਡੋਰ ਸਟੇਡੀਅਮ, ਕਮਿਊਨਿਟੀ ਮੈਰਿਜ ਪੈਲੇਸ ਬਣਾਉਣ, ਸੜਕਾਂ, ਇੰਟਰਲਾਕ ਟਾਈਲਾਂ ਆਦਿ ਦੇ ਕੰਮ ਨੇਪਰੇ ਚਾੜ੍ਹੇ ਜਾਣਗੇ। ਉਨ੍ਹਾਂ ਕਿਹਾ ਕਿ ਉਹ ਬਰਨਾਲਾ ਵਿਧਾਨ ਸਭਾ ਹਲਕੇ ਦੀ ਬਿਹਤਰੀ ਲਈ ਲਗਾਤਾਰ ਯਤਨਸ਼ੀਲ ਹਨ ਤੇ ਕਿਸਾਨਾਂ ਲਈ ਸਿੰਚਾਈ ਪਾਈਪਲਾਈਨ ਪ੍ਰਾਜੈਕਟ ਤਹਿਤ ਲਈ 300 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਵੱਧ ਤੋਂ ਵੱਧ ਰਕਬੇ ਤਕ ਨਹਿਰੀ ਪਾਣੀ ਪਹੁੰਚਦਾ ਕਰਨ ਲਈ ਨਵੇਂ ਮੋਘੇ ਕੱਢੇ ਗਏ ਤੇ ਹੋਰ ਵੀ ਕੰਮ ਕੀਤਾ ਕੀਤਾ ਜਾਣਾ ਹੈ। ਇਸ ਮੌਕੇ ਓਐੱਸਡੀ ਹਸਨਪ੍ਰੀਤ ਭਾਰਦਵਾਜ, ਨਗਰ ਕੌਂਸਲ ਬਰਨਾਲਾ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਨਵਾਸੀਆ, ਈ.ਓ ਵਿਸ਼ਾਲਦੀਪ, ਪ੍ਰਧਾਨ ਨਗਰ ਸੁਧਾਰ ਟਰੱਸਟ ਰਾਮ ਤੀਰਥ ਮੰਨਾ ਆਦਿ ਹਾਜ਼ਰ ਸਨ।
ਸੰਸਦ ਮੈਂਬਰ ਵੱਲੋਂ ਬਰਨਾਲਾ ਸ਼ਹਿਰ ਵਿੱਚ ਵਿਕਾਸ ਕਾਰਜਾਂ ਦੀ ਸ਼ੁਰੂਆਤ
ਬਰਨਾਲਾ ਸ਼ਹਿਰ ਦੇ ਵਾਰਡ ਨੰਬਰ 23 ਵਿਚ ਮੀਤ ਹੇਅਰ ਨੇ 57. 24 ਲੱਖ ਰੁਪਏ ਦੀ ਲਾਗਤ ਨਾਲ ਬਨਣ ਵਾਲੀਆਂ ਗਲੀਆਂ ਦਾ ਨੀਂਹ ਪੱਥਰ ਰੱਖਿਆ। ਇਸੇ ਤਰ੍ਹਾਂ ਵਾਰਡ ਨੰਬਰ 1 ’ਚ ਉਨ੍ਹਾਂ 54.19 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਗਲੀਆਂ ਸਬੰਧੀ ਕੰਮਾਂ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਬਰਨਾਲਾ ਨੂੰ ਕਈ ਵਿਕਾਸ ਪ੍ਰਾਜੈਕਟ ਦਿੱਤੇ ਗਏ ਹਨ ਤਾਂ ਜੋ ਆਮ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਇਸੇ ਦੌਰਾਨ ਉਨ੍ਹਾਂ ਵਾਰਡ ਨੰਬਰ 5 ’ਚ 48 ਲੱਖ ਰੁਪਏ ਦੇ ਕੰਮਾਂ ਦਾ ਨੀਂਹ ਪੱਥਰ ਰੱਖਿਆ। ਇਸ ਤੋਂ ਇਲਾਵਾ ਸੰਘੇੜਾ ਨੂੰ 8 ਕਰੋੜ ਰੁਪਏ ਸਿੰਚਾਈ ਲਈ ਪਾਈਪਾਂ ਪਾਉਣ ਲਈ ਦਿੱਤੇ ਗਏ ਹਨ।