ਅੰਮ੍ਰਿਤਸਰ ਜ਼ਿਲ੍ਹੇ ’ਚ ਸਰਪੰਚੀ ਦੀਆਂਂ 247 ਤੇ ਪੰਚੀ ਦੀਆਂ 1387 ਨਾਮਜ਼ਦਗੀਆਂ ਰੱਦ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 6 ਅਕਤੂਬਰ
ਪੰਚਾਇਤ ਚੋਣਾਂ ਵਾਸਤੇ ਦਾਖ਼ਲ ਨਾਮਜ਼ਦਗੀਆਂ ਦੀ ਪੜਤਾਲ ਦੌਰਾਨ ਜ਼ਿਲ੍ਹੇ ਵਿੱਚ ਸਰਪੰਚਾਂ ਦੇ ਅਹੁਦੇ ਵਾਸਤੇ ਲਗਪਗ 247 ਅਤੇ ਪੰਚਾਂ ਦੇ ਅਹੁਦੇ ਵਾਸਤੇ ਲਗਪਗ 1387 ਨਾਮਜ਼ਦਗੀਆਂ ਰੱਦ ਹੋ ਗਈਆਂ ਹਨ। ਹੁਣ ਜ਼ਿਲ੍ਹੇ ਵਿੱਚ 858 ਗ੍ਰਾਮ ਪੰਚਾਇਤਾਂ ਵਾਸਤੇ ਸਰਪੰਚਾਂ ਦੇ ਅਹੁਦੇ ਲਈ 3523 ਅਤੇ ਪੰਚਾਂ ਦੇ ਉੱਤੇ 13,473 ਨਾਮਜ਼ਦਗੀਆਂ ਠੀਕ ਪਾਈਆਂ ਗਈਆਂ ਹਨ। ਭਲਕੇ ਨਾਮਜ਼ਦਗੀ ਵਾਪਸ ਲੈਣ ਦਾ ਆਖ਼ਰੀ ਦਿਨ ਹੈ।
ਸਰਕਾਰੀ ਬੁਲਾਰੇ ਮੁਤਾਬਕ ਜ਼ਿਲ੍ਹੇ ਦੇ 10 ਬਲਾਕਾਂ ਵਿੱਚ 858 ਗ੍ਰਾਮ ਪੰਚਾਇਤਾਂ ਵਾਸਤੇ ਸਰਪੰਚਾਂ ਲਈ ਕੁੱਲ 3770 ਅਤੇ ਪੰਚਾਂ ਵਾਸਤੇ ਕੁੱਲ 14,860 ਨਾਮਜ਼ਦਗੀਆਂ ਦਾਖ਼ਲ ਹੋਈਆਂ ਸਨ। ਪੜਤਾਲ ਮਗਰੋਂ ਜ਼ਿਲ੍ਹੇ ਵਿੱਚ 247 ਨਾਮਜ਼ਦਗੀਆਂ ਸਰਪੰਚਾਂ ਵਾਸਤੇ ਤੇ 1387 ਨਾਮਜ਼ਦਗੀਆਂ ਪੰਚਾਂ ਵਾਸਤੇ ਯੋਗ ਨਾ ਹੋਣ ਕਾਰਨ ਰੱਦ ਹੋ ਗਈਆਂ ਹਨ। ਜ਼ਿਲ੍ਹੇ ਵਿੱਚ ਹੁਣ 3523 ਨਾਮਜ਼ਦਗੀਆਂ ਸਰਪੰਚਾਂ ਵਾਸਤੇ ਅਤੇ 13,473 ਨਾਮਜ਼ਦਗੀਆਂ ਪੰਚਾਂ ਵਾਸਤੇ ਯੋਗ ਕਰਾਰ ਦਿੱਤੀਆਂ ਹਨ।
ਸਰਕਾਰੀ ਅਧਿਕਾਰੀ ਮੁਤਾਬਕ ਅਜਨਾਲਾ ਬਲਾਕ ਵਿੱਚ ਸਰਪੰਚ ਵਾਸਤੇ 18 ਅਤੇ ਪੰਚਾਂ ਵਾਸਤੇ 70, ਰਮਦਾਸ ਵਿੱਚ ਸਰਪੰਚ ਵਾਸਤੇ 21 ਅਤੇ ਪੰਚਾਂ ਵਾਸਤੇ 81, ਚੁਗਾਵਾਂ ਵਿੱਚ ਸਰਪੰਚ ਵਾਸਤੇ 45 ਅਤੇ ਪੰਚਾਂ ਵਾਸਤੇ 175, ਹਰਸ਼ਾ ਛੀਨਾ ਬਲਾਕ ਵਿੱਚ ਸਰਪੰਚ ਵਾਸਤੇ ਨੌ ਅਤੇ ਸਰਪੰਚਾਂ ਵਾਸਤੇ 64, ਅਟਾਰੀ ਬਲਾਕ ਵਿੱਚ ਸਰਪੰਚ ਵਾਸਤੇ 11 ਅਤੇ ਪੰਚਾਂ ਵਾਸਤੇ 73, ਵੇਰਕਾ ਵਿੱਚ ਸਰਪੰਚ ਵਾਸਤੇ 21 ਅਤੇ ਪੰਚਾਂ ਵਾਸਤੇ 235, ਰਈਆ ਬਲਾਕ ਵਿੱਚ ਸਰਪੰਚ ਵਾਸਤੇ 54 ਅਤੇ ਪੰਚਾਂ ਵਾਸਤੇ 285, ਤਰਸਿੱਕਾ ਬਲਾਕ ਵਿੱਚ ਸਰਪੰਚ ਵਾਸਤੇ 36 ਅਤੇ ਪੰਚਾਂ ਵਾਸਤੇ 243, ਜੰਡਿਆਲਾ ਗੁਰੂ ਵਿੱਚ ਸਰਪੰਚ ਵਾਸਤੇ 15 ਅਤੇ ਪੰਚਾਂ ਵਾਸਤੇ 52 ਅਤੇ ਮਜੀਠਾ ਬਲਾਕ ਵਿੱਚ ਸਰਪੰਚ ਵਾਸਤੇ 17 ਅਤੇ ਪੰਚਾਂ ਵਾਸਤੇ 109 ਨਾਮਜ਼ਦਗੀਆਂ ਨੂੰ ਅਯੋਗ ਕਰਾਰ ਦਿੰਦਿਆਂ ਰੱਦ ਕੀਤਾ ਗਿਆ।
ਉਮੀਦਵਾਰਾਂ ਨੂੰ ਅੱਜ ਅਲਾਟ ਕੀਤੇ ਜਾਣਗੇ ਚੋਣ ਨਿਸ਼ਾਨ
ਜਲੰਧਰ (ਪਾਲ ਸਿੰਘ ਨੌਲੀ): ਪੰਚਾਇਤ ਚੋਣਾਂ ਲਈ ਪਿੰਡਾਂ ਵਿੱਚ ਸਰਗਮੀਆਂ ਤੇਜ਼ ਹੋ ਗਈਆਂ ਹਨ। ਭਲਕੇ 7 ਅਕਤੂਬਰ ਨੂੰ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਦੀਆਂ ਹਨ ਅਤੇ ਚੋਣ ਲੜਨ ਵਾਲੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਵੀ ਭਲਕੇ ਹੀ ਅਲਾਟ ਕਰ ਦਿੱਤੇ ਜਾਣਗੇ। ਪਿੰਡਾਂ ਵਿੱਚ ਉਮੀਦਵਾਰਾਂ ਨੇ ਵੋਟਰਾਂ ਨਾਲ ਸਿੱਧਾ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ ਹੈ। ਲੰਘੀ ਰਾਤ ਨਾਮਜ਼ਦਗੀਆਂ ਦੀ ਪਛਾਣ ਮੁਕੰਮਲ ਹੋ ਗਈ ਸੀ। ਇਸੇ ਦੌਰਾਨ ਜ਼ਿਲ੍ਹੇ ਵਿੱਚ ਸਰਪੰਚੀ ਦੇ ਅਹੁਦੇ ’ਤੇ ਚੋਣ ਲੜਨ ਵਾਲੇ ਉਮੀਦਵਾਰਾਂ ’ਚੋਂ 68 ਦੇ ਪੇਪਰ ਰੱਦ ਹੋ ਗਏ ਹਨ ਜਦੋਂਕਿ 214 ਨਾਮਜ਼ਦਗੀਆਂ ਪੰਚਾਂ ਦੀ ਚੋਣ ਲੜਨ ਦੇ ਉਮੀਦਵਾਰਾਂ ਦੀਆਂ ਰੱਦ ਹੋਈਆਂ ਹਨ। ਲੋਹੀਆ ਬਲਾਕ ਵਿੱਚ ਸਰਪੰਚੀ ਦੀ ਚੋਣ ਲੜਨ ਦੇ ਇੱਛੁਕ ਉਮੀਦਵਾਰਾਂ ਦੇ ਸਭ ਤੋਂ ਵੱਧ ਪੇਪਰ ਰੱਦ ਹੋਏ ਹਨ। ਇਨ੍ਹਾਂ ਦੀ ਗਿਣਤੀ 19 ਦੱਸੀ ਜਾ ਰਹੀ ਹੈ। ਪੰਚਾਂ ਦੀਆਂ ਨਾਮਜ਼ਦੀਆਂ 214 ਰੱਦ ਹੋਈਆਂ ਹਨ। ਲੋਹੀਆਂ ਵਿੱਚ ਹੀ ਪੰਚਾਂ ਦੀਆਂ ਸਭ ਤੋਂ ਵੱਧ ਨਾਮਜ਼ਦੀਆਂ ਰੱਦ ਹੋਈਆਂ ਹਨ ਜਿਨ੍ਹਾਂ ਦੀ ਗਿਣਤੀ 52 ਦੇ ਕਰੀਬ ਦੱਸੀ ਜਾ ਰਹੀ ਹੈ। ਜ਼ਿਲ੍ਹੇ ਵਿੱਚ ਸਰਪੰਚਾਂ ਦੇ ਅਹੁਦੇ ਲਈ ਯੋਗ ਉਮੀਦਵਾਰ 2974 ਰਹਿ ਗਏ ਹਨ ਜਦੋਂਕਿ ਪੰਚਾਂ ਵਿੱਚੋਂ 9914 ਜਣਿਆਂ ਦੇ ਕਾਗਜ਼ ਸਹੀ ਪਏ ਗਏ ਹਨ। ਪਿੰਡਾਂ ਵਿੱਚ ਇਸ ਵਾਰ ਸਖ਼ਤ ਮੁਕਾਬਲਾ ਹੋਣ ਦੇ ਅਸਾਰ ਦੱਸੇ ਜਾ ਰਹੇ ਹਨ। ਸੂਬੇ ਵਿੱਚ ਇਸ ਵਾਰ ਪੰਚਾਇਤਾਂ ਦੀਆਂ ਚੋਣਾਂ ਸੱਤ ਸਾਲਾਂ ਬਾਅਦ ਹੋ ਰਹੀਆਂ ਹਨ।