ਟ੍ਰਿਬਿਊਨ ਨਿਊਜ਼ ਸਰਵਿਸਚੰਡੀਗੜ੍ਹ, 1 ਫਰਵਰੀਚੰਡੀਗੜ੍ਹ ਦੇ ਕਰ ਤੇ ਆਬਕਾਰੀ ਵਿਭਾਗ ਨੇ ਬਿਨਾਂ ਹੋਲੋਗ੍ਰਾਮ (ਕੋਡ) ਤੋਂ ਸ਼ਰਾਬ ਵੇਚਣ ਵਾਲਿਆਂ ਵਿਰੁੱਧ ਕਾਰਵਾਈ ਕਰਦਿਆਂ 2411 ਪੇਟੀ ਸ਼ਰਾਬ ਦੀ ਬਿਨਾਂ ਕੋਡ ਤੋਂ ਬਰਾਮਦ ਕੀਤੀ ਹੈ। ਵਿਭਾਗ ਨੇ ਸ਼ਰਾਬ ਦੀਆਂ ਸਾਰੀਆਂ ਪੇਟੀਆਂ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਰ ਤੇ ਆਬਕਾਰੀ ਵਿਭਾਗ ਨੇ ਲੰਘੀ ਰਾਤ ਇੰਡਸਟਰੀਅਲ ਏਰੀਆ ਵਿਖੇ ਸਥਿਤ ਸ਼ਰਾਬ ਦੇ ਗੁਦਾਮ ਵਿੱਚ ਛਾਪਾ ਮਾਰਿਆ, ਜਿੱਥੋਂ ਟੀਮ ਨੇ 2411 ਬੇਟੀ ਸ਼ਰਾਬ ਦੀਆਂ ਬਿਨਾਂ ਕੋਡ ਤੋਂ ਬਰਾਮਦ ਕੀਤੀ ਹੈ। ਕਰ ਤੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਚੰਡੀਗੜ੍ਹ ਦੀ ਸ਼ਰਾਬ ਦੀ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਹੋਰਨਾਂ ਸੂਬਿਆਂ ਵਿੱਚ ਤਸਕਰੀ ਦੀ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਸਨ। ਇਨ੍ਹਾਂ ਸ਼ਿਕਾਇਤਾਂ ’ਤੇ ਕਾਰਵਾਈ ਕਰਦਿਆਂ ਚੰਡੀਗੜ੍ਹ ਦੇ ਕਰ ਤੇ ਆਬਕਾਰੀ ਵਿਭਾਗ ਵੱਲੋਂ 24 ਘੰਟੇ ਸ਼ਹਿਰ ਵਿੱਚ ਚੌਕਸੀ ਰੱਖੀ ਜਾ ਰਹੀ ਹੈ।