ਦਿੱਲੀ ਨਗਰ ਨਿਗਮ ਦੇ ਸਕੂਲ ਦੇ 24 ਵਿਦਿਆਰਥੀ ਗੈਸ ਲੀਕ ਹੋਣ ਕਾਰਨ ਬੇਹੋਸ਼ ਤੇ ਬਿਮਾਰ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 11 ਅਗਸਤ
ਇਥੋਂ ਦੇ ਨਰੈਣਾ ਖੇਤਰ ਵਿੱਚ ਮਿਊਂਸੀਪਲ ਸਕੂਲ ਦੇ 24 ਵਿਦਿਆਰਥੀ ਅੱਜ ਕਥਿਤ ਤੌਰ 'ਤੇ ਨੇੜੇ ਗੈਸ ਲੀਕ ਹੋਣ ਕਾਰਨ ਬਿਮਾਰ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ਨਗਰ ਨਿਗਮ ਦੇ ਸੀਨੀਅਰ ਹਸਪਤਾਲ ’ਚ 19 ਵਿਦਿਆਰਥੀਆਂ ਨੂੰ ਤੁਰੰਤ ਆਰਐੱਮਐੱਲ ਹਸਪਤਾਲ ਲਿਜਾਇਆ ਗਿਆ, ਜਦੋਂ ਕਿ ਬਾਕੀਆਂ ਨੂੰ ਆਚਾਰੀਆ ਸ਼੍ਰੀ ਭਿਕਸ਼ੂ ਹਸਪਤਾਲ ਭੇਜਿਆ ਗਿਆ। ਇਹ ਘਟਨਾ ਸਵੇਰੇ ਕਰੀਬ 11:20 ਵਜੇ ਵਾਪਰੀ। ਦਿੱਲੀ ਪੁਲੀਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਜੋ ਨੇੜਲੇ ਇਲਾਕੇ 'ਚ ਰੇਲਗੱਡੀ ਦੇ ਲੰਘਣ ਤੋਂ ਬਾਅਦ ਵਾਪਰਿਆ। ਇਹ ਗੈਸ ਲੀਕ ਰੇਲਵੇ ਟ੍ਰੈਕ ਦੇ ਨੇੜੇ ਹੀ ਹੋਈ ਸੀ। ਐੱਮਸੀਡੀਜ਼ ਸਿਹਤ ਵਿਭਾਗ ਦੇ ਡਾਕਟਰਾਂ ਦੀ ਟੀਮ ਤੇ ਸਿੱਖਿਆ ਵਿਭਾਗ ਦੇ ਅਧਿਕਾਰੀ ਵੀ ਸਥਿਤੀ ਦੀ ਨਿਗਰਾਨੀ ਕਰਨ ਲਈ ਹਸਪਤਾਲ ਵਿੱਚ ਮੌਜੂਦ ਸਨ।
ਅਧਿਕਾਰੀਆਂ ਨੇ ਦੱਸਿਆ ਕਿ ਸਕੂਲ ਦੇ ਨੇੜੇ ਗੈਸ ਲੀਕ ਹੋਣ ਦੀ ਘਟਨਾ ਕਾਰਨ ਵਿਦਿਆਰਥੀ ਬਿਮਾਰ ਹੋ ਗਏ। ਸਾਰੇ ਵਿਦਿਆਰਥੀ ਠੀਕ ਹਨ ਦੋ ਹਸਪਤਾਲਾਂ ਦੇ ਡਾਕਟਰਾਂ ਦੁਆਰਾ ਉਨ੍ਹਾਂ ਦੀ ਦੇਖਭਾਲ ਕੀਤੀ ਜਾ ਰਹੀ ਹੈ। ਦਿੱਲੀ ਨਗਰ ਨਿਗਮ ਦੇ ਸਿਹਤ ਵਿਭਾਗ ਦੇ ਅਧਿਕਾਰੀ ਦੋ ਹਸਪਤਾਲਾਂ ਤੇ ਸਕੂਲ ਵੀ ਪਹੁੰਚੇ ਤੇ ਐੱਮਸੀਡੀ ਦਾ ਸਿੱਖਿਆ ਵਿਭਾਗ ਵੀ ਮੌਜੂਦ ਸੀ। ਉਨ੍ਹਾਂ ਕਿਹਾ ਕਿ ਦਿੱਲੀ ਨਗਰ ਨਿਗਮ ਆਪਣੇ ਪੱਧਰ 'ਤੇ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਘਟਨਾ ਕਿਸ ਕਾਰਨ ਹੋਈ ਹੈ। ਦਿੱਲੀ ਦੇ ਇੰਦਰਾਪੁਰੀ ਸਥਿਤ ਜੇਜੇ ਕਲੋਨੀ ਵਿੱਚ ਦਿੱਲੀ ਨਗਰ ਨਿਗਮ ਦਾ ਨਿਗਮ ਪ੍ਰਤਿਭਾ ਵਿਦਿਆਲਿਆ ਹੈ, ਜਿੱਥੇ ਸ਼ੁੱਕਰਵਾਰ ਨੂੰ 24 ਬੱਚੇ ਬਿਮਾਰ ਹੋਏ, ਦੇ ਸਾਰੇ ਬੱਚੇ ਠੀਕ ਹਨ। ਦੱਸਿਆ ਜਾ ਰਿਹਾ ਹੈ ਕਿ ਤੇਜ਼ ਰਹੱਸਮਈ ਬਦਬੂ ਆਈ ਜਿਸ ਤੋਂ ਬਾਅਦ ਬੱਚਿਆਂ ਦੀ ਸਿਹਤ ਵਿਗੜ ਗਈ। ਜਾਣਕਾਰੀ ਅਨੁਸਾਰ ਆਰਐੱਮਐੱਲ ਵਿੱਚ ਦਾਖ਼ਲ 19 ਵਿੱਚੋਂ 13 ਬੱਚੇ ਠੀਕ ਹਨ। ਦੋ ਨੂੰ ਆਕਸੀਜਨ 'ਤੇ ਰੱਖਿਆ ਗਿਆ ਹੈ। ਸਾਰੇ ਖਤਰੇ ਤੋਂ ਬਾਹਰ ਹਨ। ਫੋਰੈਂਸਿਕ ਟੀਮ ਦੇ ਨਾਲ-ਨਾਲ ਫਾਇਰ ਫਾਈਟਿੰਗ ਟੀਮ ਵੀ ਮੌਕੇ 'ਤੇ ਸਕੂਲ 'ਚ ਮੌਜੂਦ ਸਨ। ਜਿਉਂ ਹੀ ਗੈਸ ਰਿਸਣ ਦਾ ਪਤਾ ਲੱਗਾ ਤੇ ਵਿਦਿਆਰਥੀ ਬੇਹੋਸ਼ ਹੋਣ ਲੱਗੇ ਤਾਂ ਸਕੂਲ ਵਿੱਚ ਹਫੜਾ-ਦਫੜੀ ਮੱਚ ਗਈ ਤੇ ਵਿਦਿਆਰਥੀਆਂ ਨੂੰ ਹਸਪਤਾਲਾਂ ਵਿੱਚ ਭੇਜਣ ਦੇ ਬੰਦੋਬਸਤ ਕੀਤੇ ਗਏ। ਮਾਪਿਆਂ ਨੂੰ ਖ਼ਬਰ ਕੀਤੀ ਗਈ ਤੇ ਉਹ ਸਕੂਲ ਵਿੱਚ ਪਹੁੰਚਣ ਲੱਗੇ, ਜਿਨ੍ਹਾਂ ਦੇ ਬੱਚੇ ਹਸਪਤਾਲਾਂ ਵਿੱਚ ਭਰਤੀ ਕਰਵਾਏ ਗਏ ਸਨ, ਉਹ ਸਿੱਧੇ ਹਸਪਤਾਲ ਪਹੁੰਚਣ ਲੱਗੇ। ਸਕੂਲ ਪ੍ਰਬੰਧਕਾਂ ਵੱਲੋਂ ਉਸੇ ਦੌਰਾਨ ਹਾਲਤ ਕਾਬੂ ਹੇਠ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਗੱਲ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕਿ ਕਿਵੇਂ ਰਿਸੀ। ਸਕੂਲ ਦੇ ਸਾਹਮਣੇ ਕੁੱਝ ਦੇਰ ਲਈ ਜਾਮ ਵਾਲੇ ਹਾਲਤ ਵੀ ਬਣੇ ਤੇ ਡੀਟੀਸੀ ਬੱਸਾਂ ਤੇ ਹੋਰ ਗੱਡੀਆਂ ਸੁਸਤ ਰਫ਼ਤਾਰ ਵਿੱਚ ਚੱਲੀਆਂ।