ਏਜੰਟ ਕੋਲ ਫਸੇ ਦੋ ਨੌਜਵਾਨਾਂ ਦੇ 24 ਲੱਖ ਰੁਪਏ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 25 ਜੂਨ
ਨੇੜਲੇ ਪਿੰਡ ਘੱਗਰ ਸਰਾਏ ਦੇ ਸ਼ੀਸ਼ਪਾਲ ਸਿੰਘ ਪੁੱਤਰ ਗਿਆਨ ਚੰਦ ਤੇ ਰਘਵਿੰਦਰ ਸਿੰਘ ਪੁੱਤਰ ਸਵਰਨ ਸਿੰਘ ਕੋਲੋਂ ਪਿੰਡ ਮਰਦਾਂਪੁਰ ਦੇ ਇੱਕ ਏਜੰਟ ਅਤੇ ਉਸ ਦੇ ਸਾਥੀਆਂ ਨੇ 24 ਲੱਖ ਰੁਪਏ ਠੱਗ ਲਏ। ਪੀੜਤਾਂ ਦਾ ਕਹਿਣਾ ਹੈ ਕਿ ਏਜੰਟ ਲਾਰੇ ਲਾਉਂਦਾ ਰਿਹਾ ਪਰ ਅਜੇ ਤੱਕ ਉਸ ਨੇ ਵਿਜ਼ਟਰ ਵੀਜ਼ਾ ਨਹੀਂ ਲਗਾਇਆ, ਜਿਸ ਕਾਰਨ ਪਰਿਵਾਰ ਵੱਡੇ ਸਦਮੇ ਵਿੱਚ ਹੈ। ਉਨ੍ਹਾਂ ਆਪਣੀ ਸ਼ਿਕਾਇਤ ਪਟਿਆਲਾ ਦੇ ਐੱਸਐੱਸਪੀ ਨੂੰ ਦਿੱਤੀ ਹੈ, ਜਿਸ ਦੀ ਪੜਤਾਲ ਐੱਸਪੀ (ਡੀ) ਨੂੰ ਭੇਜੀ ਗਈ ਹੈ। ਪੀੜਤ ਸ਼ੀਸ਼ਪਾਲ ਨੇ ਦੱਸਿਆ ਕਿ ਮਰਦਾਂਪੁਰ ਦਾ ਏਜੰਟ ਆਪਣੇ ਪਰਿਵਾਰ ਨਾਲ ਮਿਲ ਕੇ ਦਰਜਨਾਂ ਲੋਕਾਂ ਨੂੰ ਭਰਮਾ ਕੇ ਕਰੋੜਾਂ ਰੁਪਏ ਦੀਆਂ ਠੱਗੀਆਂ ਮਾਰ ਚੁੱਕਾ ਹੈ, ਜਿਸ ਦੇ ਸਬੂਤ ਵੀ ਉਹ ਪੁਲੀਸ ਨੂੰ ਦੇ ਚੁੱਕੇ ਹਨ। ਪੀੜਤਾਂ ਨੇ ਪੁਲੀਸ ਨੂੰ ਕਈ ਵਾਰ ਸ਼ਿਕਾਇਤ ਕੀਤੀ ਪਰ ਏਜੰਟ ਦੀ ਪਹੁੰਚ ਰਾਜਸੀ ਹੋਣ ਕਾਰਨ ਕੋਈ ਕਾਰਵਾਈ ਨਹੀਂ ਹੋ ਰਹੀ। ਪੀੜਤ ਸ਼ੀਸ਼ਪਾਲ ਤੇ ਰਘਵਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਸ਼ਿਕਾਇਤ ਲੈ ਕੇ ਪੁਲੀਸ ਕੋਲ ਧੱਕੇ ਖਾ ਰਹੇ ਹਨ। ਉਨ੍ਹਾਂ ਆਖਿਆ ਕਿ ਰਾਜਪੁਰਾ ਪੁਲੀਸ ਨੂੰ ਵਾਰ-ਵਾਰ ਅਪੀਲ ਕਰਨ ਤੋਂ ਬਾਅਦ 22 ਅਪਰੈਲ 2023 ਨੂੰ ਸਿਰਫ਼ 420 ਦੀ ਧਾਰਾ ਲਗਾ ਕੇ ਇਕੱਲੇ ਸ਼ਮਸ਼ੇਰ ਸਿੰਘ ‘ਤੇ ਪਰਚਾ ਦਰਜ ਕਰ ਲਿਆ ਅਤੇ ਉਸ ਨੂੰ ਅਜੇ ਤੱਕ ਫੜਿਆ ਵੀ ਨਹੀਂ ਗਿਆ, ਜਿਸ ਕਾਰਨ ਉਨ੍ਹਾਂ ਦੇ ਪੈਸੇ ਵਾਪਸ ਨਹੀਂ ਮੁੜੇ ਤੇ ਉਹ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ। ਉਹ ਮੁੱਖ ਮੰਤਰੀ ਤੋਂ ਮੰਗ ਕਰਦੇ ਹਨ ਕਿ ਉਨ੍ਹਾਂ ਦੀ ਸੁਣਵਾਈ ਕੀਤੀ ਜਾਵੇ।
ਇਸ ਸਬੰਧੀ ਐੱਸਪੀਡੀ ਹਰਵੀਰ ਸਿੰਘ ਅਟਵਾਲ ਨੇ ਕਿਹਾ ਕਿ ਪੀੜਤਾਂ ਨੂੰ ਇਨਸਾਫ਼ ਮਿਲੇਗਾ। ਉਨ੍ਹਾਂ ਆਖਿਆ ਕਿ ਅਜਿਹੇ ਕੇਸਾਂ ਵਿੱਚ ਬਹੁਤ ਸਾਰੀਆਂ ਅਰਜ਼ੀਆਂ ਆ ਰਹੀਆਂ ਹਨ। ਇਸ ਲਈ ਜਿਹੜੇ ਲੋਕ ਏਜੰਟਾਂ ਕੋਲ ਜਾਂਦੇ ਹਨ, ਉਨ੍ਹਾਂ ਨੂੰ ਵੀ ਪੂਰੀ ਤਰ੍ਹਾਂ ਜਾਂਚ ਪੜਤਾਲ ਕਰ ਕੇ ਜਾਣਾ ਚਾਹੀਦਾ ਹੈ।