ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੈਨੇਡਾ ਭੇਜਣ ਦੇ ਨਾਂ ਉੱਤੇ ਭਰਾ-ਭੈਣ ਤੋਂ 24 ਲੱਖ ਠੱਗੇ

07:40 AM Aug 23, 2023 IST
featuredImage featuredImage

ਪੱਤਰ ਪ੍ਰੇਰਕ
ਭਵਾਨੀਗੜ੍ਹ, 22 ਅਗਸਤ
ਕੈਨੇਡਾ ਭੇਜਣ ਦੇ ਨਾਂ ’ਤੇ ਇੱਕ ਨੌਜਵਾਨ ਤੇ ਉਸ ਦੀ ਮਾਸੀ ਦੀ ਕੁੜੀ ਨਾਲ 24.60 ਲੱਖ ਰੁਪਏ ਦੀ ਧੋਖਾਦੇਹੀ ਕਰਨ ਦੇ ਦੋਸ਼ ਹੇਠ ਭਵਾਨੀਗੜ੍ਹ ਪੁਲੀਸ ਨੇ ਦੋ ਠੱਗ ਏਜੰਟਾਂ ਖਿਲਾਫ਼ ਮਾਮਲਾ ਦਰਜ ਕੀਤਾ। ਇਸ ਸਬੰਧੀ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਨੇੜਲੇ ਪਿੰਡ ਭੱਟੀਵਾਲ ਕਲਾਂ ਦੇ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਅਤੇ ਉਸ ਦੀ ਮਾਸੀ ਦੀ ਲੜਕੀ ਸਵਰਨਜੀਤ ਕੌਰ ਵਿਦੇਸ਼ ਜਾਣਾ ਚਾਹੁੰਦੇ ਸਨ। ਇਸ ਸਬੰਧੀ ਉਨ੍ਹਾਂ ਏਜੰਟ ਪੁਸ਼ਪਿੰਦਰ ਸਿੰਘ ਉਰਫ ਰੋਮੀ ਵਾਸੀ ਭੱਟੀਵਾਲ ਕਲਾਂ ਤੇ ਉਸ ਦੇ ਪਾਰਟਨਰ ਚਮਕੌਰ ਸਿੰਘ ਵਾਸੀ ਸੁਨਾਮ ਨਾਲ ਗੱਲਬਾਤ ਕੀਤੀ। ਉਕਤ ਏਜੰਟਾਂ ਨਾਲ ਉਨ੍ਹਾਂ ਨੂੰ ਕੈਨੇਡਾ ਭੇਜਣ ਸਬੰਧੀ 41 ਲੱਖ ਰੁਪਏ ਵਿੱਚ ਗੱਲਬਾਤ ਤੈਅ ਕੀਤੀ ਗਈ ਅਤੇ ਇਸ ਉਪਰੰਤ ਉਨ੍ਹਾਂ ਵੱਲੋਂ 24.60 ਲੱਖ ਰੁਪਏ ਉਕਤ ਏਜੰਟਾਂ ਨੂੰ ਵੱਖ-ਵੱਖ ਮਿਤੀਆਂ ਨੂੰ ਦਿੱਤੇ ਗਏ।
ਸ਼ਿਕਾਇਤਕਰਤਾ ਨੇ ਅੱਗੇ ਦੱਸਿਆ ਕਿ ਉਕਤ ਏਜੰਟਾਂ ਰਾਹੀਂ ਉਹ ਤੇ ਉਸ ਦੀ ਭੈਣ ਸਵਰਨਜੀਤ ਕੌਰ ਦੁਬਈ ਚਲੇ ਗਏ, ਜਿੱਥੇ ਉਹ ਦੋਵੇਂ ਤਕਰੀਬਨ 22 ਦਿਨ ਰਹੇ। ਇਸ ਦੌਰਾਨ ਹਰ ਰੋਜ਼ ਉਕਤ ਏਜੰਟਾਂ ਵੱਲੋਂ ਭੇਜੀਆਂ ਜਾਂਦੀਆਂ ਜਾਅਲੀ ਟਿਕਟਾਂ ਤੇ ਵੀਜ਼ਾ ਲੈ ਕੇ ਏਅਰਪੋਰਟ ਜਾਂਦੇ ਰਹੇ, ਪਰ ਦਸਤਾਵੇਜ਼ ਜਾਅਲੀ ਹੋਣ ਕਰਕੇ ਏਅਰਪੋਰਟ ਅਥਾਰਟੀ ਨੇ ਉਨ੍ਹਾਂ ਨੂੰ ਏਅਰਪੋਰਟ ’ਚ ਦਾਖਲ ਨਾ ਹੋਣ ਦਿੱਤਾ। ਇਸ ਮਗਰੋਂ ਸ਼ਿਕਾਇਤਕਰਤਾ ਆਪਣੀ ਭੈਣ ਨਾਲ ਉਕਤ ਏਜੰਟਾਂ ਦੇ ਕਹਿਣ ਮੁਤਾਬਕ ਅਜਰ ਭਾਈ ਜਾਨ ਬਾਕੂ ਚਲੇ ਗਏ ਅਤੇ ਉਥੋਂ ਏਜੰਟਾਂ ਦੇ ਕਹਿਣ ‘ਤੇ ਦੋਵੇਂ ਭੈਣ-ਭਰਾ ਸਰਬੀਆ ਚਲੇ ਗਏ ਜਿੱਥੋਂ ਉਹ ਦੋਵੇਂ ਜਣੇ ਤਕਰੀਬਨ 4 ਦਿਨ ਜੰਗਲਾਂ ਵਿੱਚ ਤੁਰ ਕੇ ਹੰਗਰੀ ਸ਼ਹਿਰ ਪੁੱਜੇ।
ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਤੋਂ ਬਾਅਦ ਉਕਤ ਏਜੰਟਾਂ ਨੇ ਉਨ੍ਹਾਂ ਦੋਵਾਂ ਨੂੰ ਆਸਟਰੀਆ ਬਾਰਡਰ ’ਤੇ ਛੱਡ ਦਿੱਤਾ ਤੇ ਬਾਰਡਰ ਪਾਰ ਕਰਦਿਆਂ ਹੀ ਆਸਟਰੀਆ ਦੀ ਪੁਲੀਸ ਨੇ ਦੋਵਾਂ ਭੈਣ-ਭਰਾ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲੀਸ ਨੇ ਦੋ ਦਿਨ ਜੇਲ੍ਹ ’ਚ ਪੁੱਛਗਿੱਛ ਕਰਨ ਮਗਰੋਂ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ। ਸ਼ਿਕਾਇਤਕਰਤਾ ਨੇ ਦੱਸਿਆ ਕਿ ਇਸ ਉਪਰੰਤ ਵੀ ਉਕਤ ਏਜੰਟ ਉਨ੍ਹਾਂ ਨੂੰ ਭਰੋਸੇ ਦਿੰਦੇ ਰਹੇ ਕਿ ਉਹ ਜਲਦੀ ਹੀ ਕੋਈ ਪ੍ਰਬੰਧ ਕਰਕੇ ਉਨ੍ਹਾਂ ਨੂੰ ਕੈਨੇਡਾ ਭੇਜ ਦੇਣਗੇ। ਦੋ ਮਹੀਨੇ ਆਸਟਰੀਆ ’ਚ ਰਹਿਣ ਉਪਰੰਤ ਉਹ ਆਪਣੀ ਭੈਣ ਨਾਲ ਟ੍ਰੇਨ ਰਾਹੀਂ ਇਟਲੀ ਪਹੁੰਚ ਗਿਆ। ਏਜੰਟਾਂ ਵੱਲੋਂ ਉਨ੍ਹਾਂ ਦੋਵਾਂ ਕੋਲੋਂ ਸਰਬੀਆ ਵਿਖੇ ਹੀ ਪਾਸਪੋਰਟ ਲੈਣ ਕਰਕੇ ਤਕਰੀਬਨ 2 ਮਹੀਨੇ ਦੋਵੇਂ ਭੈਣ-ਭਰਾ ਇਟਲੀ ਵਿੱਚ ਹੀ ਅਤਿ ਮੁਸ਼ਕਲ ਹਾਲਾਤ ’ਚ ਆਪਣਾ ਸਮਾਂ ਲੰਘਾਉਂਦੇ ਰਹੇ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਇਸ ਤੋਂ ਬਾਅਦ ਉਕਤ ਏਜੰਟ ਉਨ੍ਹਾਂ ਦੋਵਾਂ ਨੂੰ ਬਲੈਕਮੇਲ ਕਰਕੇ ਉਨ੍ਹਾਂ ਦੇ ਪਰਿਵਾਰ ਤੋਂ ਹੋਰ ਪੈਸਿਆਂ ਦੀ ਮੰਗ ਕਰਨ ਲੱਗ ਪਏ ਤੇ ਧਮਕੀਆਂ ਦੇਣ ਲੱਗੇ ਕਿ ਜੇਕਰ ਉਨ੍ਹਾਂ ਕੋਈ ਗੱਲ ਭਾਰਤ ਦੱਸੀ ਤਾਂ ਉਹ ਉਨ੍ਹਾਂ ਨੂੰ ਪੁਲੀਸ ਤੋਂ ਗ੍ਰਿਫਤਾਰ ਕਰਵਾ ਦੇਣਗੇ ਜਾਂ ਆਪਣੇ ਵਿਅਕਤੀਆਂ ਤੋਂ ਮਰਵਾ ਦੇਣਗੇ। ਅਸੀਂ ਡਰ ਕੇ ਤਸੀਹੇ ਚੱਲਦੇ ਰਹੇ। ਫਿਰ ਵੀ ਉਕਤ ਏਜੰਟਾਂ ਨੇ ਉਨ੍ਹਾਂ ਦਾ ਕੋਈ ਵੀ ਵੀਜ਼ਾ ਤੇ ਵਰਕ ਪਰਮਿਟ ਦਾ ਕੋਈ ਪ੍ਰਬੰਧ ਨਹੀਂ ਕੀਤਾ।
ਸ਼ਿਕਾਇਤਕਰਤਾ ਮੁਤਾਬਕ ਅਖੀਰ ਵਿੱਚ ਉਸਨੇ ਤੇ ਸਵਰਨਜੀਤ ਕੌਰ ਨੇ ਉਕਤ ਏਜੰਟਾਂ ਨੂੰ ਹੋਰ ਪੈਸੇ ਅਦਾ ਕਰਕੇ ਆਪਣੇ ਪਾਸਪੋਰਟ ਦਾ ਪ੍ਰਬੰਧ ਕੀਤਾ ਤੇ ਵਾਪਸ ਆਪਣੇ ਘਰ ਭਾਰਤ ਆ ਗਏ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਉਕਤ ਏਜੰਟਾਂ ਨੇ ਝੂਠੇ ਭਰੋਸੇ ’ਚ ਲੈ ਕੇ ਉਨ੍ਹਾਂ ਨਾਲ ਤਕਰੀਬਨ 24 ਲੱਖ 60 ਹਜ਼ਾਰ ਰੁਪਏ ਦੀ ਠੱਗੀ ਕੀਤੀ ਹੈ। ਪੁਲੀਸ ਨੇ ਇਨ੍ਹਾਂ ਏਜੰਟਾਂ ਪੁਸ਼ਪਿੰਦਰ ਸਿੰਘ ਉਰਫ ਰੋਮੀ ਤੇ ਉਸਦੇ ਪਾਰਟਨਰ ਚਮਕੌਰ ਸਿੰਘ ਖਿਲਾਫ਼ ਧੋਖਾਦੇਹੀ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਥਾਣਾ ਭਵਾਨੀਗੜ੍ਹ ਵਿਖੇ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

Advertisement

Advertisement