ਨੇਵੀ ਦੇ ਸੇਵਾਮੁਕਤ ਅਧਿਕਾਰੀ ਤੋਂ 24 ਲੱਖ ਠੱਗੇ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 15 ਨਵੰਬਰ
ਸੇਵਾਮੁਕਤ ਆਮਦਨ ਕਰ ਅਧਿਕਾਰੀ ਅਤੇ ਵਕੀਲ ਨਾਲ ਧੋਖਾਧੜੀ ਕਰਨ ਤੋਂ ਬਾਅਦ, ਹੁਣ ਇੱਕ ਸੇਵਾਮੁਕਤ ਮਰਚੈਂਟ ਨੇਵੀ ਅਧਿਕਾਰੀ ਹਰਬੰਸ ਸਿੰਘ ਵਾਸੀ ਪਿੰਡ ਰੁੜਕਾ, ਡੇਹਲੋਂ ਨੂੰ ਸਾਈਬਰ ਠੱਗਾਂ ਨੇ ਆਪਣਾ ਨਿਸ਼ਾਨਾ ਬਣਾਇਆ ਹੈ। ਮੁਲਜ਼ਮਾਂ ਨੇ ਮੁੰਬਈ ਪੁਲੀਸ ਦੇ ਇੰਸਪੈਕਟਰ ਬਣਕੇ ਕਾਲ ਕੀਤੀ ਤੇ ਈਡੀ ਵਿਭਾਗ ਵਿੱਚ ਦਰਜ ਐੱਫਆਈਆਰ ਦਾ ਡਰ ਦਿਖਾ ਕੇ ਉਕਤ ਸੇਵਾਮੁਕਤ ਅਧਿਕਾਰੀ ਤੋਂ 24.20 ਲੱਖ ਰੁਪਏ ਵੱਖ-ਵੱਖ ਬੈਂਕ ਖਾਤਿਆਂ ਵਿੱਚ ਟਰਾਂਸਫਰ ਕਰਵਾ ਲਏ। ਪੈਸੇ ਦੇਣ ਤੋਂ ਬਾਅਦ ਪੀੜਤ ਨੂੰ ਅਹਿਸਾਸ ਹੋਇਆ ਕਿ ਉਸ ਨਾਲ ਠੱਗੀ ਹੋਈ ਹੈ। ਫਿਰ ਉਸ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਜਿਸ ਮਗਰੋਂ ਥਾਣਾ ਸਾਈਬਰ ਦੀ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਹਰਬੰਸ ਸਿੰਘ ਨੇ ਦੱਸਿਆ ਕਿ ਉਹ ਡੇਹਲੋਂ ਦੇ ਪਿੰਡ ਰੁੜਕਾ ਦਾ ਵਸਨੀਕ ਹੈ ਅਤੇ ਮਰਚੈਂਟ ਨੇਵੀ ਵਿੱਚੋਂ ਸੇਵਾਮੁਕਤ ਹੈ। ਉਸ ਨੂੰ 16 ਸਤੰਬਰ ਨੂੰ ਇੱਕ ਕਾਲ ਆਈ ਸੀ ਤੇ ਕਾਲ ਕਰਨ ਵਾਲਾ ਖੁਦ ਨੂੰ ਮੁੰਬਈ ਦੇ ਤਿਲਕ ਨਗਰ ਥਾਣੇ ਦਾ ਇੰਸਪੈਕਟਰ ਕੋਹਲੀ ਦੱਸ ਰਿਹਾ ਸੀ। ਮੁਲਜ਼ਮ ਨੇ ਕਿਹਾ ਕਿ ਹਰਬੰਸ ਸਿੰਘ ਖ਼ਿਲਾਫ਼ ਈਡੀ ਵਿਭਾਗ ਵਿੱਚ ਇੱਕ ਐੱਫ.ਆਈ.ਆਰ. ਦਰਜ ਹੋਈ ਹੈ। ਇਸ ਸਬੰਧੀ ਜਾਣਕਾਰੀ ਲੈਣ ਲਈ ਵਟਸਐਪ ਨੰਬਰ ’ਤੇ ਕਾਲ ਕੀਤੀ ਜਾਵੇ। ਹਰਬੰਸ ਸਿੰਘ ਨੇ ਘਬਰਾ ਕੇ ਤੁਰੰਤ ਉਸ ਦੇ ਵਟਸਐਪ ਨੰਬਰ ’ਤੇ ਸੰਪਰਕ ਕੀਤਾ। ਮੁਲਜ਼ਮ ਨੇ ਅੱਗੇ ਦੱਸਿਆ ਕਿ ਉਨ੍ਹਾਂ ਦੇ ਬੈਂਕ ਖਾਤੇ ਵਿੱਚ ਪਿਆ ਪੈਸਾ ਧੋਖਾਧੜੀ ਦਾ ਹੈ ਜਿਸ ਦੀ ਤਸਦੀਕ ਕਰਨ ਦੇ ਹੁਕਮ ਹੋਏ ਹਨ। ਮੁਲਜ਼ਮ ਨੇ ਇਹ ਪੈਸਾ ਐੱਚ.ਡੀ.ਐੱਫ.ਸੀ ਤੇ ਆਈ.ਸੀ.ਆਈ.ਸੀ. ਬੈਂਕਾਂ ਦੇ ਖਾਤਿਆਂ ਵਿੱਚ ਟਰਾਂਸਫਰ ਕਰਵਾਉਣ ਲਈ ਕਿਹਾ। ਮੁਲਜ਼ਮ ਨੇ ਇਹ ਵੀ ਕਿਹਾ ਸੀ ਕਿ ਉਹ ਇਸ ਸਬੰਧ ’ਚ ਕਿਸੇ ਨਾਲ ਗੱਲ ਨਾ ਕਰੇ ਨਹੀਂ ਤਾਂ ਵੱਡਾ ਨੁਕਸਾਨ ਹੋਵੇਗਾ। ਪੈਸਿਆਂ ਦੀ ਤਸਦੀਕ ਹੋਣ ਮਗਰੋਂ ਜੇਕਰ ਉਸ ਦੀ ਕੋਈ ਭੂਮਿਕਾ ਨਹੀਂ ਨਿਕਲਦੀ ਤਾਂ ਪੈਸੇ ਮੋੜ ਦਿੱਤੇ ਜਾਣਗੇ। ਹਰਬੰਸ ਅਨੁਸਾਰ ਉਸ ਨੇ ਮੁਲਜ਼ਮਾਂ ਵੱਲੋਂ ਦੱਸੇ ਬੈਂਕ ਖਾਤਿਆਂ ਵਿੱਚ 13 ਲੱਖ, 5 ਲੱਖ ਤੇ 6 ਲੱਖ 20 ਹਜ਼ਾਰ ਰੁਪਏ ਦੀਆਂ ਤਿੰਨ ਐਂਟਰੀਆਂ ਰਾਹੀਂ ਪੈਸੇ ਭੇਜੇ। ਮੁਲਜ਼ਮਾਂ ਨੇ ਕਿਹਾ ਸੀ ਕਿ ਉਹ 19 ਸਤੰਬਰ ਨੂੰ ਤਸਦੀਕ ਕਰਕੇ ਜਵਾਬ ਦੇਣਗੇ। ਪਰ ਜਦੋਂ ਉਸ ਨੇ ਬਾਅਦ ਵਿੱਚ ਫੋਨ ਕੀਤਾ ਤਾਂ ਮੁਲਜ਼ਮ ਨੇ ਉਸ ਦਾ ਫੋਨ ਚੁੱਕਣਾ ਬੰਦ ਕਰ ਦਿੱਤਾ। ਫਿਰ ਉਸ ਨੂੰ ਅਹਿਸਾਸ ਹੋਇਆ ਕਿ ਉਹ ਇੱਕ ਵੱਡੀ ਧੋਖਾਧੜੀ ਦਾ ਸ਼ਿਕਾਰ ਹੋ ਗਿਆ ਹੈ। ਸਾਈਬਰ ਥਾਣਾ ਦੇ ਐਸ.ਐਚ.ਓ. ਜਤਿੰਦਰ ਸਿੰਘ ਦਾ ਕਹਿਣਾ ਹੈ ਕਿ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਆਰੰਭ ਦਿੱਤੀ ਗਈ ਹੈ।