ਗਾਜ਼ਾ ਵਿਚ ਮਸਜਿਦ ਤੇ ਸਕੂਲ ’ਤੇ ਇਜ਼ਰਾਇਲੀ ਹਮਲੇ ’ਚ 24 ਹਲਾਕ
ਡੀਰ ਅਲ-ਬਲਾਹ(ਗਾਜ਼ਾ ਪੱਟੀ)/ਕਾਹਿਰਾ, 6 ਅਕਤੂਬਰ
ਇਜ਼ਰਾਈਲ ਵੱਲੋਂ ਐਤਵਾਰ ਵੱਡੇ ਤੜਕੇ ਗਾਜ਼ਾ ਪੱਟੀ ਵਿਚ ਇਕ ਮਸਜਿਦ ਤੇ ਸਕੂਲ ’ਤੇ ਕੀਤੇ ਹਮਲੇ ਵਿਚ ਘੱਟੋ-ਘੱਟ 24 ਵਿਅਕਤੀਆਂ ਦੀ ਮੌਤ ਤੇ 93 ਹੋਰ ਜ਼ਖ਼ਮੀ ਹੋ ਗਏ। ਫ਼ਲਸਤੀਨ ਦੇ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਉੱਤਰੀ ਗਾਜ਼ਾ ਵਿਚ ਸ਼ਨਿੱਚਰਵਾਰ ਰਾਤ ਤੋਂ 20 ਹੋਰ ਵਿਅਕਤੀ ਮਾਰੇ ਗਏ ਹਨ। ਇਜ਼ਰਾਈਲ ਨੇ ਉੱਤਰੀ ਗਾਜ਼ਾ ਤੇ ਲਿਬਨਾਨ ਦੀ ਰਾਜਧਾਨੀ ਬੈਰੂਤ ਦੇ ਦੱਖਣੀ ਹਿੱਸੇ ਵਿਚ ਬੰਬਾਰੀ ਤੇਜ਼ ਕਰ ਦਿੱਤੀ ਹੈ।
ਇਜ਼ਰਾਈਲ ਨੇ ਜਿਸ ਸ਼ੁਹਾਦਾ ਅਲ-ਅਕਸਾ ਮਸਜਿਦ ਤੇ ਇਬਨ ਰੁਸ਼ਦ ਸਕੂਲ ਨੂੰ ਨਿਸ਼ਾਨਾ ਬਣਾਇਆ। ਉਹ ਕੇਂਦਰੀ ਕਸਬੇ ਡੀਰ ਅਲ-ਬਲਾਹ ਵਿਚ ਮੁੱਖ ਹਸਪਤਾਲ ਦੇ ਬਿਲਕੁਲ ਨਾਲ ਹਨ। ਇਨ੍ਹਾਂ ਵਿਚ ਘਰੋਂ ਬੇਘਰ ਲੋਕਾਂ ਨੇ ਪਨਾਹ ਲਈ ਹੋਈ ਸੀ। ਇਜ਼ਰਾਈਲ ਨੇ ਦਾਅਵਾ ਕੀਤਾ ਕਿ ਮਸਜਿਦ ਤੇ ਸਕੂਲ ਵਿਚ ਹਮਾਸ ਦਾ ਕਮਾਂਡ ਤੇ ਕੰਟਰੋਲ ਸੈਂਟਰ ਮੌਜੂਦ ਸੀ। ਹਮਾਸ ਨੇ ਹਾਲਾਂਕਿ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ।
ਖ਼ਬਰ ਏਜੰਸੀ ਐਸੋਸੀਏਟਿਡ ਪ੍ਰੈੱਸ (ਏਪੀ) ਦੇ ਪੱਤਰਕਾਰ ਨੇ ਅਲ-ਅਕਸਾ ਸ਼ਹੀਦ ਹਸਪਤਾਲ ਦੇ ਮੁਰਦਾਘਰ ਵਿਚ ਲਾਸ਼ਾਂ ਦੀ ਗਿਣਤੀ ਕੀਤੀ ਹੈ। ਹਸਪਤਾਲ ਦੇ ਰਿਕਾਰਡ ਮੁਤਾਬਕ ਮਸਜਿਦ ਹਮਲੇ ’ਚ ਮਰਨ ਵਾਲੇ ਸਾਰੇ ਆਦਮੀ ਹਨ। ਇਸ ਦੌਰਾਨ ਇਜ਼ਰਾਇਲੀ ਫੌਜ ਨੇ ਉੱਤਰੀ ਗਾਜ਼ਾ ਵਿਚ ਜਾਬਲੀਆ ਵਿਚ ਨਵੇਂ ਸਿਰੇ ਤੋਂ ਹਵਾਈ ਤੇ ਜ਼ਮੀਨੀ ਹਮਲਿਆਂ ਦਾ ਐਲਾਨ ਕੀਤਾ ਹੈ।
ਜਾਬਲੀਆ ਸੰਘਣੀ ਵਸੋਂ ਵਾਲਾ ਇਲਾਕਾ ਹੈ, ਜਿੱਥੇ ਲੋਕ ਸ਼ਰਨਾਰਥੀ ਕੈਂਪਾਂ ਵਿਚ ਰਹਿ ਰਹੇ ਹਨ। ਇਜ਼ਰਾਇਲੀ ਫੌਜ ਨੇ ਕਿਹਾ ਕਿ ਇਸ ਦੇ ਸੁਰੱਖਿਆ ਬਲਾਂ ਨੇ ਜਾਬਲੀਆ ਨੂੰ ਘੇਰਾ ਪਾਇਆ ਹੋਇਆ ਹੈ। ਉਂਝ ਇਜ਼ਰਾਈਲ ਨੇ ਉੱਤਰੀ ਗਾਜ਼ਾ ਖਾਲੀ ਕਰਨ ਲਈ ਨਵੇਂ ਸਿਰੇ ਤੋਂ ਹੁਕਮ ਦਿੱਤੇ ਹਨ। ਇਲਾਕੇ ਵਿਚ ਵੱਡੇ ਪੱਧਰ ’ਤੇ ਹੋਈ ਤਬਾਹੀ ਤੇ ਮੁਸ਼ਕਲ ਹਾਲਾਤ ਦੇ ਬਾਵਜੂਦ ਅਜੇ ਵੀ ਤਿੰਨ ਲੱਖ ਦੇ ਕਰੀਬ ਲੋਕ ਉਥੇ ਮੌਜੂਦ ਹਨ। ਇਜ਼ਰਾਇਲੀ ਫੌਜ ਨੇ ਇਲਾਕੇ ਵਿਚ ਪਰਚੇ ਸੁੱਟੇ ਹਨ ਜਿਨ੍ਹਾਂ ਵਿਚ ਕਿਹਾ ਗਿਆ ਹੈ ਕਿ ‘ਅਸੀਂ ਜੰਗ ਦੇ ਨਵੇਂ ਪੜਾਅ ਵਿਚ ਹਾਂ। ਇਨ੍ਹਾਂ ਇਲਾਕਿਆਂ ਨੂੰ ਖ਼ਤਰਨਾਕ ਟਕਰਾਅ ਵਾਲੀ ਜ਼ੋਨ ਮੰਨਿਆ ਜਾਂਦਾ ਹੈ।’’ -ਏਪੀ/ਰਾਇਟਰਜ਼