For the best experience, open
https://m.punjabitribuneonline.com
on your mobile browser.
Advertisement

ਚੀਨ ਵਿੱਚ ਸੜਕ ਧਸਣ ਕਾਰਨ 24 ਹਲਾਕ

07:31 AM May 02, 2024 IST
ਚੀਨ ਵਿੱਚ ਸੜਕ ਧਸਣ ਕਾਰਨ 24 ਹਲਾਕ
ਦੱਖਣੀ ਚੀਨ ’ਚ ਮੀਂਹ ਕਾਰਨ ਨੁਕਸਾਨੀ ਸੜਕ।
Advertisement

ਪੇਈਚਿੰਗ, 1 ਮਈ
ਦੱਖਣੀ ਚੀਨ ਦੇ ਮੀਂਹ ਤੋਂ ਪ੍ਰਭਾਵਿਤ ਗੁਆਂਗਡੌਂਗ ਸੂਬੇ ਵਿੱਚ ਅੱਜ ਹਾਈਵੇਅ ਦਾ ਇੱਕ ਹਿੱਸਾ ਧਸਣ ਕਾਰਨ ਘੱਟੋ-ਘੱਟ 24 ਵਿਅਕਤੀਆਂ ਦੀ ਮੌਤ ਹੋ ਗਈ। ਚੀਨ ਦੇ ਸਰਕਾਰੀ ਮੀਡੀਆ ਨੇ ਇਹ ਜਾਣਕਾਰੀ ਦਿੱਤੀ ਹੈ। ਇਹ ਹਾਦਸਾ ਸੂਬੇ ਦੇ ਉੱਤਰੀ ਮੀਜ਼ੋਊ ਸ਼ਹਿਰ ਵਿੱਚ ਅੱਧੀ ਰਾਤ ਮਗਰੋਂ ਲਗਪਗ ਦੋ ਵਜੇ ਵਾਪਰਿਆ। ਹਾਂਗਕਾਂਗ ਸਥਿਤ ਸਾਊਥ ਚਾਈਨਾ ਮੌਰਨਿੰਗ ਪੋਸਟ ਨੇ ਸਥਾਨਕ ਸਰਕਾਰ ਦੇ ਬਿਆਨ ਦੇ ਹਵਾਲੇ ਨਾਲ ਦੱਸਿਆ ਕਿ ਹਾਈਵੇਅ ਦਾ ਲਗਪਗ 18 ਮੀਟਰ ਹਿੱਸਾ ਡਿੱਗਣ ਕਾਰਨ 20 ਵਾਹਨ ਅਤੇ ਕੁੱਲ 54 ਯਾਤਰੀ ਫਸ ਗਏ। ਅਧਿਕਾਰਿਤ ਬਿਆਨ ਅਨੁਸਾਰ, ਬਚਾਅ ਕਰਮੀਆਂ ਨੇ 30 ਲੋਕਾਂ ਨੂੰ ਹਸਪਤਾਲ ਪਹੁੰਚਾਇਆ ਹੈ ਅਤੇ ਲਗਪਗ 500 ਵਰਕਰ ਬਚਾਅ ਕਾਰਜਾਂ ਵਿੱਚ ਲੱਗੇ ਹੋਏ ਹਨ। ਮਜ਼ਦੂਰ ਦਿਵਸ ਹੋਣ ਕਾਰਨ ਚੀਨ ਵਿੱਚ ਪੰਜ ਦਿਨਾਂ ਦੀ ਛੁੱਟੀ ਦੌਰਾਨ ਹਾਈਵੇਅ ਟੌਲ ਮੁਕਤ ਕੀਤੇ ਹੋਏ ਹਨ ਅਤੇ ਸੜਕਾਂ ’ਤੇ ਭਾਰੀ ਆਵਾਜਾਈ ਹੈ। ਚੀਨ ਦੀ ਸਰਕਾਰੀ ਸਮਾਚਾਰ ਏਜੰਸੀ ਸਿਨਹੂਆ ਮੁਤਾਬਕ ਅੱਜ ਦੁਪਹਿਰ ਤੱਕ ਮਰਨ ਵਾਲਿਆਂ ਦੀ ਗਿਣਤੀ 24 ਹੋ ਗਈ ਹੈ। ਗੁਆਂਗਡੌਂਗ ਸੂਬੇ ਦੇ ਕੁਝ ਹਿੱਸਿਆਂ ਵਿੱਚ ਪਿਛਲੇ ਦੋ ਹਫ਼ਤਿਆਂ ਦੌਰਾਨ ਭਾਰੀ ਮੀਂਹ ਅਤੇ ਗੜੇਮਾਰੀ ਹੋਈ ਹੈ ਜਿਸ ਕਾਰਨ ਹੜ੍ਹਾਂ ਵਰਗੀ ਸਥਿਤੀ ਬਣੀ ਹੋਈ ਹੈ। ਮੀਜ਼ੋਊ ਦੇ ਕੁੱਝ ਪਿੰਡਾਂ ਵਿੱਚ ਅਪਰੈਲ ਮਹੀਨੇ ਹੜ੍ਹ ਆ ਗਿਆ ਸੀ ਅਤੇ ਹਾਲ ਹੀ ਦੇ ਦਿਨਾਂ ਦੌਰਾਨ ਸ਼ਹਿਰ ਵਿੱਚ ਜ਼ੋਰਦਾਰ ਮੀਂਹ ਪਿਆ ਹੈ।
ਚਸ਼ਮਦੀਦਾਂ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਨੇ ਲੰਘਦੇ ਸਮੇਂ ਸੜਕ ਦਾ ਕੁਝ ਹਿੱਸਾ ਡਿੱਗਣ ਦੀ ਆਵਾਜ਼ ਸੁਣੀ ਅਤੇ ਆਪਣੇ ਪਿੱਛੇ ਕਈ ਮੀਟਰ ਚੌੜਾ ਖੱਪਾ ਬਣਦੇ ਦੇਖਿਆ। ਚੀਨ ਦੇ ਸਥਾਨਕ ਮੀਡੀਆ ਵੱਲੋਂ ਦਿਖਾਈ ਗਈ ਵੀਡੀਓਜ਼ ਅਤੇ ਤਸਵੀਰਾਂ ਵਿੱਚ ਘਟਨਾ ਸਥਾਨ ’ਤੇ ਧੂੰਆਂ ਅਤੇ ਅੱਗ ਦਿਖਾਈ ਦੇ ਰਹੀ ਹੈ। ਅੱਗ ਦੀਆਂ ਲਪਟਾਂ ਵਿੱਚ ਹਾਈਵੇਅ ਦੀ ਪੱਟੀ ਹੇਠਾਂ ਵੱਲ ਝੁਕ ਰਹੀ ਹੈ। ਹਾਈਵੇਅ ਤੋਂ ਹੇਠਾਂ ਵੱਲ ਜਾਂਦੀ ਢਲਾਨ ’ਤੇ ਵੀ ਤਬਾਹ ਹੋਈਆਂ ਕਾਰਾਂ ਦਾ ਮੰਜ਼ਰ ਦੇਖਿਆ ਜਾ ਸਕਦਾ ਹੈ। ਸੜਕ ਦੇ ਟੁੱਟੇ ਹਿੱਸੇ ਦੇ ਨਾਲ ਹੀ ਹਾਈਵੇਅ ਦੇ ਹੇਠਾਂ ਦੀ ਜ਼ਮੀਨ ਵੀ ਧੱਸੀ ਹੋਈ ਨਜ਼ਰ ਆ ਰਹੀ ਹੈ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×