For the best experience, open
https://m.punjabitribuneonline.com
on your mobile browser.
Advertisement

ਵਰਕ ਵੀਜ਼ਾ ਦਿਵਾਉਣ ਦੇ ਨਾਂ ’ਤੇ 24.60 ਲੱਖ ਠੱਗੇ

07:35 AM Jul 01, 2024 IST
ਵਰਕ ਵੀਜ਼ਾ ਦਿਵਾਉਣ ਦੇ ਨਾਂ ’ਤੇ 24 60 ਲੱਖ ਠੱਗੇ
Advertisement

ਪ੍ਰਭੂ ਦਿਆਲ
ਸਿਰਸਾ, 30 ਜੂਨ
ਵਿਦੇਸ਼ ਭੇਜਣ ਦੇ ਨਾਂ ’ਤੇ ਇੱਕ ਔਰਤ ਨਾਲ ਕਰੀਬ 24 ਲੱਖ 60 ਹਜ਼ਾਰ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਿਵਲ ਲਾਈਨ ਦੀ ਪੁਲੀਸ ਨੇ ਮਹਿਲਾ ਦੀ ਸ਼ਿਕਾਇਤ ’ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਵਿੱਚ ਨੀਤੂ ਮਹਿਤਾ ਨੇ ਦੱਸਿਆ ਕਿ ਉਹ ਵਰਕ ਵੀਜ਼ੇ ’ਤੇ ਵਿਦੇਸ਼ ਜਾਣਾ ਚਾਹੁੰਦੀ ਸੀ। ਇਸ ਦੌਰਾਨ ਉਹ ਮੁਲਜ਼ਮਾਂ ਦੇ ਸੰਪਰਕ ਵਿੱਚ ਆ ਗਈ ਜਿਨ੍ਹਾਂ ਨੇ ਉਸ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਹਜ਼ਾਰਾਂ ਲੋਕਾਂ ਦੇ ਵਿਦੇਸ਼ਾਂ ਵਿੱਚ ਵਰਕ ਵੀਜ਼ੇ ਲਵਾਏ ਹਨ। ਮੁਲਜ਼ਮਾਂ ਨੇ ਉਸ ਨੂੰ ਵਰਕ ਵੀਜ਼ਾ ਅਤੇ ਆਸਟਰੇਲੀਆ ਵਿੱਚ ਪੱਕੀ ਨੌਕਰੀ ਦਿਵਾਉਣ ਲਈ 24 ਲੱਖ 60 ਹਜ਼ਾਰ ਰੁਪਏ ਦੀ ਮੰਗ ਕੀਤੀ। ਸ਼ਿਕਾਇਤ ਵਿੱਚ ਦੱਸਿਆ ਗਿਆ ਹੈ ਕਿ ਮੁਲਜ਼ਮਾਂ ਦੀਆਂ ਹਦਾਇਤਾਂ ਅਨੁਸਾਰ ਉਸ ਨੇ ਉਨ੍ਹਾਂ ਦੇ ਖਾਤਿਆਂ ’ਚ ਅਦਾਇਗੀ ਕੀਤੀ ਜਿਸ ਮਗਰੋਂ ਉਸ ਨੂੰ ਇੱਕ ਆਫਰ ਲੈਟਰ ਦਿੱਤਾ ਗਿਆ ਜਿਦੀ ਜਾਂਚ ’ਤੇ ਇਹ ਫਰਜ਼ੀ ਨਿਕਲਿਆ। ਵਾਰ-ਵਾਰ ਕਹਿਣ ਦੇ ਬਾਵਜੂਦ ਨਾ ਤਾਂ ਉਸ ਨੂੰ ਵਰਕ ਵੀਜ਼ਾ ਦਿਵਾਇਆ ਗਿਆ ਤੇ ਨਾ ਹੀ ਪੈਸੇ ਵਾਪਸ ਮੋੜੇ ਗਏ। ਪੀੜਤਾ ਨੇ ਦੱਸਿਆ ਕਿ ਜਦੋਂ ਉਹ ਪੁੱਛਗਿੱਛ ਕਰਨ ਲਈ ਮੁਲਜ਼ਮਾਂ ਦੇ ਦਫ਼ਤਰ ਪਹੁੰਚੀ ਤਾਂ ਉਨ੍ਹਾਂ ਨੇ ਆਪਣਾ ਟਿਕਾਣਾ ਬਦਲ ਲਿਆ। ਪੁਲੀਸ ਤੋਂ ਬਚਣ ਲਈ ਮੁਲਜ਼ਮਾਂ ਨੇ ਆਪਣੇ ਨਾਂ ਵੀ ਗਲਤ ਦੱਸੇ ਸਨ। ਸ਼ਿਕਾਇਤ ਵਿੱਚ ਦੱਸਿਆ ਗਿਆ ਹੈ ਕਿ ਮੁਲਜ਼ਮਾਂ ਨੇ ਹੁਣ ਚੰਡੀਗੜ੍ਹ ਵਿੱਚ ਹੀ ਆਪਣਾ ਦਫ਼ਤਰ ਖੋਲ੍ਹਿਆ ਹੋਇਆ ਹੈ ਅਤੇ ਉੱਥੇ ਵਰਕ ਵੀਜ਼ਾ ਲਗਵਾਉਣ ਦਾ ਕੰਮ ਕਰ ਰਹੇ ਹਨ। ਮਹਿਲਾ ਦੀ ਸ਼ਿਕਾਇਤ ’ਤੇ ਪੁਲੀਸ ਨੇ ਅਮਨਪ੍ਰੀਤ, ਅਰਸ਼ਪ੍ਰੀਤ, ਸਮ੍ਰਿਤੀ, ਆਕਾਸ਼ ਅਤੇ ਪੂਜਾ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Advertisement

ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 20 ਲੱਖ ਰੁਪਏ ਠੱਗੇ
ਫ਼ਰੀਦਕੋਟ (ਨਿੱਜੀ ਪੱਤਰ ਪ੍ਰੇਰਕ): ਇੱਥੋਂ ਨੇੜਲੇ ਪਿੰਡ ਵਾੜਾ ਦਰਾਕਾ ਦੇ ਇੱਕ ਕਿਸਾਨ ਨਿਰਭੈ ਸਿੰਘ ਨੇ ਜ਼ਿਲ੍ਹਾ ਪੁਲੀਸ ਨੂੰ ਲਿਖਤੀ ਸ਼ਿਕਾਇਤ ਕੀਤੀ ਹੈ ਕਿ ਦੋ ਟਰੈਵਲਰ ਏਜੰਟਾਂ ਨੇ ਕਥਿਤ ਤੌਰ ’ਤੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਉਸ ਤੋਂ 20 ਲੱਖ ਰੁਪਏ ਠੱਗੇ ਹਨ ਅਤੇ ਹੁਣ ਨਾ ਤਾਂ ਉਸ ਦੇ ਪਰਿਵਾਰ ਨੂੰ ਵਿਦੇਸ਼ ਭੇਜਿਆ ਹੈ ਅਤੇ ਨਾ ਹੀ ਪੈਸੇ ਵਾਪਸ ਕੀਤੇ ਹਨ। ਸੂਚਨਾ ਅਨੁਸਾਰ ਨਿਰਭੈ ਸਿੰਘ ਨੇ ਆਪਣੇ ਲੜਕੇ ਲਿਆਕਤ ਸਿੰਘ ਨੂੰ ਅਮਰੀਕਾ ਭੇਜਣ ਲਈ ਟਰੈਵਲ ਏਜੰਟ ਗੁਰਪ੍ਰੀਤ ਸਿੰਘ, ਕੁਲਦੀਪ ਸਿੰਘ ਅਤੇ ਰਾਜਵਿੰਦਰ ਕੌਰ ਨੂੰ 20 ਲੱਖ ਰੁਪਏ ਦਿੱਤੇ ਸਨ। ਪੁਲੀਸ ਨੇ ਮੁੱਢਲੀ ਪੜਤਾਲ ਤੋਂ ਬਾਅਦ ਨਿਰਭੈ ਸਿੰਘ ਦੇ ਇਲਜ਼ਾਮਾਂ ਨੂੰ ਸਹੀ ਮੰਨਦਿਆਂ ਉਕਤ ਟਰੈਵਲਰ ਏਜੰਟਾਂ ਖਿਲਾਫ਼ ਧਾਰਾ 420 ਤੇ 406 ਤਹਿਤ ਕੇਸ ਦਰਜ ਕਰਕੇ ਇਸ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਜ਼ਿਲ੍ਹਾ ਪੁਲੀਸ ਮੁਖੀ ਹਰਜੀਤ ਸਿੰਘ ਨੇ ਕਿਹਾ ਕਿ ਇਸ ਮਾਮਲੇ ਵਿੱਚ ਹਾਲ ਦੀ ਘੜੀ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ।

Advertisement
Author Image

Advertisement
Advertisement
×