ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

24 ਹਜ਼ਾਰ ਏਕੜ ਜ਼ਮੀਨ ਐਕੁਆਇਰ ਕਰਨ ਖ਼ਿਲਾਫ਼ ਕਾਨਫਰੰਸ

06:50 AM May 22, 2025 IST
featuredImage featuredImage
ਕਿਸਾਨ ਕਾਨਫਰੰਸ ਦੌਰਾਨ ਮੰਚ ’ਤੇ ਮਨਜੀਤ ਸਿੰਘ ਧਨੇਰ ਤੇ ਹੋਰ ਕਿਸਾਨ ਨੁਮਾਇੰਦੇ।

ਕਿਸਾਨਾਂ ਨੂੰ ਘਸਿਆਰੇ ਨਹੀਂ ਬਣਨ ਦੇਵਾਂਗੇ: ਇਆਲੀ

Advertisement

ਮੀਰ ਮੰਨੂ ਦੇ ਰਾਹ ਤੁਰੀ ਸਰਕਾਰ-ਖਹਿਰਾ

ਜਸਬੀਰ ਸਿੰਘ ਸ਼ੇਤਰਾ

Advertisement

ਮੁੱਲਾਂਪੁਰ ਦਾਖਾ, 21 ਮਈ
ਇਲਾਕੇ ਦੇ 32 ਤੋਂ ਵਧੇਰੇ ਪਿੰਡਾਂ ਦੀ ਚੌਵੀ ਹਜ਼ਾਰ ਏਕੜ ਜ਼ਮੀਨ ਅਰਬਨ ਅਸਟੇਟੇ ਲਈ ਐਕੁਆਇਰ ਕਰਨ ਦੇ ਸਰਕਾਰੀ ਫ਼ੈਸਲੇ ਖ਼ਿਲਾਫ਼ ਅੱਜ ਇਥੇ ਵਿਸ਼ਾਲ ਕਾਨਫਰੰਸ ਹੋਈ। ਇਸ ਵਿੱਚ ਕਿਸਾਨ ਜਥੇਬੰਦੀਆਂ ਤੋਂ ਇਲਾਵਾ ਵੱਖ-ਵੱਖ ਵਿਰੋਧੀ ਧਿਰਾਂ ਦੇ ਨੁਮਾਇੰਦੇ ਇਕ ਮੰਚ ’ਤੇ ਇਕਸੁਰ ਨਜ਼ਰ ਆਏ। ਇਕੱਠ ਨੇ ਸਰਕਾਰ ਦਾ ਇਹ ਫ਼ੈਸਲਾ ਕਿਸੇ ਕੀਮਤ ’ਤੇ ਲਾਗੂ ਨਾ ਹੋਣ ਦਾ ਅਹਿਦ ਲਿਆ। ਸਾਰੇ ਪਿੰਡਾਂ ਦੇ ਲੋਕਾਂ ਨੂੰ ਗਰਾਮ ਸਭਾਵਾਂ ਦੇ ਇਜਲਾਸ ਸੱਦ ਕੇ ਇਸ ਨੋਟੀਫਿਕੇਸ਼ਨ ਨੂੰ ਰੱਦ ਕਰਨ ਦੇ ਮਤੇ ਪਾਸ ਕਰਨ ਦਾ ਸੱਦਾ ਦਿੱਤਾ ਗਿਆ। ਇਸ ਤੋਂ ਇਲਾਵਾ 24 ਮਈ ਨੂੰ ਮੁਲਾਂਪੁਰ ਵਿਖੇ ਸੰਯੁਕਤ ਕਿਸਾਨ ਮੋਰਚੇ ਦੀ ਅਗਲੀ ਮੀਟਿੰਗ ਵਿੱਚ ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਨੂੰ ਪੱਕੇ ਤੌਰ 'ਤੇ ਰੱਦ ਕਰਾਉਣ ਲਈ ਸੰਘਰਸ਼ ਦੀ ਰੂਪਰੇਖਾ ਉਲੀਕਣ ਦਾ ਵੀ ਫ਼ੈਸਲਾ ਹੋਇਆ।

ਕਾਨਫਰੰਸ ਨੂੰ ਜਿੱਥੇ ਸੰਯੁਕਤ ਕਿਸਾਨ ਮੋਰਚੇ ਨਾਲ ਜੁੜੀਆਂ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸੰਬੋਧਨ ਕੀਤਾ, ਉਥੇ ਹੀ ਕਾਂਗਰਸ ਦੇ ਕਿਸਾਨ ਸੈੱਲ ਦੇ ਚੇਅਰਮੈਨ ਸੁਖਪਾਲ ਸਿੰਘ ਖਹਿਰਾ, ਹਲਕਾ ਵਿਧਾਇਕ ਮਨਪ੍ਰੀਤ ਸਿੰਘ ਇਆਲੀ, ਕਾਂਗਰਸ ਦੇ ਹਲਕਾ ਇੰਚਾਰਜ ਕੈਪਟਨ ਸੰਦੀਪ ਸੰਧੂ, ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ, ਕਿਰਨਜੀਤ ਸਿੰਘ ਮਿੱਠਾ, ਕਾਮਰੇਡ ਤਰਸੇਮ ਜੋਧਾਂ ਨੇ ਵੀ ਕਿਸਾਨਾਂ ਦਾ ਸਾਥ ਦੇਣ ਦਾ ਐਲਾਨ ਕੀਤਾ। ਨਜ਼ਦੀਕੀ ਪਿੰਡ ਭਨੋਹੜ ਪੰਜਾਬ ਦੇ ਡਰੀਮ ਵਿਲਾ ਪੈਲੇਸ ਵਿਖੇ ਇਹ ਇਕੱਤਰਤਾ ਹੋਈ। ਹਰਦੀਪ ਸਿੰਘ ਸਰਾਭਾ ਦੀ ਮੰਚ ਸੰਚਾਲਨਾ ਹੇਠ ਬੀਕੇਯੂ (ਡਕੌਂਦਾ) ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਤੇ ਜਨਤਕ ਆਗੂ ਕੰਵਲਜੀਤ ਖੰਨਾ ਨੇ ਕਿਹਾ ਕਿ ਸਾਮਰਾਜੀ ਕਾਰਪੋਰੇਟਾਂ ਨੇ ਸੰਸਾਰ ਭਰ ਵਿੱਚ ਮੁਨਾਫੇ ਦੀ ਹਵਸ ਪੂਰੀ ਕਰਨ ਲਈ ਜ਼ਮੀਨਾਂ 'ਤੇ ਕਬਜ਼ੇ ਦੀ ਮੁਹਿੰਮ ਚਲਾ ਰੱਖੀ ਹੈ। ਹੁਣ ਪੰਜਾਬ ਵਿੱਚ ਭਗਵੰਤ ਮਾਨ ਸਰਕਾਰ ਨੇ ਲੁਧਿਆਣਾ, ਮੋਗਾ, ਫਿਰੋਜ਼ਪੁਰ, ਨਵਾਂ ਸ਼ਹਿਰ ਦੇ 53 ਪਿੰਡਾਂ ਵਿੱਚ ਉਪਜਾਊ ਜ਼ਮੀਨਾਂ ’ਤੇ ਗਲਾਡਾ ਰਾਹੀਂ ਹਮਲਾ ਬੋਲ ਦਿੱਤਾ ਹੈ। ਵਿਧਾਇਕ ਸੁਖਪਾਲ ਖਹਿਰਾ, ਮਨਪ੍ਰੀਤ ਸਿੰਘ ਇਆਲੀ, ਸਾਬਕਾ ਵਿਧਾਇਕ ਤਰਸੇਮ ਜੋਧਾਂ ਨੇ ਕਿਹਾ ਕਿ ਦਿੱਲੀ ਤੋਂ ਧੱਕਿਆ ਲੈਂਡ ਮਾਫ਼ੀਆ ਅੱਜ ਪੰਜਾਬ ਵਿੱਚ ਲੁੱਟਣ ਲਈ ਅਜਿਹੇ ਹੁਕਮ ਜਾਰੀ ਕਰ ਰਿਹਾ ਹੈ। ਜ਼ਮੀਨਾਂ ’ਤੇ ਕਬਜ਼ਾ ਕਰਨ ਤੋ ਪਹਿਲਾਂ ਸਰਕਾਰੀ ਸਰਵੇ ਵਿੱਚ ਨਾ ਪੰਚਾਇਤਾਂ ਨੂੰ, ਨਾ ਗਰਾਮ ਸਭਾਵਾਂ ਨੂੰ, ਨਾ ਲੋਕਾਂ ਨੂੰ ਪੁੱਛਿਆ ਗਿਆ।

ਉਨ੍ਹਾਂ ਦੋਸ਼ ਲਾਇਆ ਕਿ ਜਾਅਲੀ ਖਾਨਾਪੂਰਤੀ ਰਾਹੀਂ ਅੱਗੇ ਵਧਿਆ ਜਾ ਰਿਹਾ ਜਿਸ ਨੂੰ ਪੰਜਾਬੀ ਸਹਿਣ ਨਹੀਂ ਕਰਨਗੇ। ਕਾਰਪੋਰੇਟਾਂ ਨਾਲ ਆਮ ਆਦਮੀ ਪਾਰਟੀ ਦੀ ਯਾਰੀ ਹੁਣ ਲੋਕਾਂ ਵਿੱਚ ਪੂਰੀ ਤਰ੍ਹਾਂ ਨੰਗੀ ਹੋ ਚੁੱਕੀ ਹੈ। ਵਿਧਾਇਕ ਇਆਲੀ ਨੇ ਕਿਹਾ ਕਿ ਕਿਸਾਨਾਂ ਨੂੰ ਘਸਿਆਰੇ ਨਹੀਂ ਬਣਨ ਦਿੱਤਾ ਜਾਵੇਗਾ। ਵਿਧਾਇਕ ਖਹਿਰਾ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਮੀਤ ਮੰਨੂ ਦੇ ਰਾਹ ਤੁਰ ਪਈ ਹੈ ਜਿਸ ਦਾ ਅੰਤਿਮ ਸਮਾਂ ਹੁਣ ਨੇੜੇ ਹੈ। ਕਿਸਾਨ ਆਗੂ ਜਸਦੇਵ ਸਿੰਘ ਲਲਤੋਂ, ਚਰਨ ਸਿੰਘ ਨੂਰਪੁਰਾ, ਜਗਰੂਪ ਸਿੰਘ ਹਸਨਪੁਰ, ਜਗਤਾਰ ਸਿੰਘ ਦੇਹੜਕਾ, ਰਘਬੀਰ ਸਿੰਘ ਬੈਨੀਪਾਲ, ਅਮਨਦੀਪ ਸਿੰਘ ਲਲਤੋਂ, ਬਲਰਾਜ ਸਿੰਘ ਕੋਟਉਮਰਾ ਨੇ ਵੀ ਕਾਨਫਰੰਸ ਨੂੰ ਸੰਬੋਧਨ ਕੀਤਾ।

ਕਿਸਾਨ ਕਾਨਫਰੰਸ ਦੇ ਇਕੱਠ ਵਿੱਚ ਵਿਧਾਇਕ ਸੁਖਪਾਲ ਖਹਿਰਾ, ਵਿਧਾਇਕ ਮਨਪ੍ਰੀਤ ਸਿੰਘ ਇਆਲੀ, ਕੈਪਟਨ ਸੰਧੂ ਤੇ ਹੋਰ।
Advertisement