ਇਜ਼ਰਾਈਲ ਦੇ ਹਮਲੇ ’ਚ ਸੀਰੀਆ ਦੇ 23 ਵਿਅਕਤੀ ਹਲਾਕ
ਬੇਰੂਤ, 26 ਸਤੰਬਰ
ਇਜ਼ਰਾਈਲ ਵੱਲੋਂ ਦਹਿਸ਼ਤੀ ਜਥੇਬੰਦੀ ਹਿਜ਼ਬੁੱਲਾ ਖ਼ਿਲਾਫ਼ ਲਿਬਨਾਨ ’ਚ ਕੀਤੇ ਗਏ ਹਵਾਈ ਹਮਲੇ ਦੌਰਾਨ ਸੀਰੀਆ ਦੇ 23 ਵਿਅਕਤੀ ਮਾਰੇ ਗਏ। ਸਥਾਨਕ ਵਿਅਕਤੀ ਮੁਤਾਬਕ ਮ੍ਰਿਤਕਾਂ ’ਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਸ਼ਾਮਲ ਹਨ। ਇਜ਼ਰਾਇਲ ਨੇ ਬੇਰੂਤ ਵਿੱਚ ਇੱਕ ਹੋਰ ਇਮਾਰਤ ’ਤੇ ਹਮਲਾ ਕਰਕੇ ਹਿਜ਼ਬੁੱਲਾ ਕਮਾਂਡਰ ਮੁਹੰਮਦ ਹੁਸੈਨ ਸੁਰੂਰ ਨੂੰ ਮਾਰ ਦਿੱਤਾ ਹੈ। ਲਿਬਨਾਨ ਦੇ ਅਧਿਕਾਰੀਆਂ ਨੇ ਕਿਹਾ ਕਿ ਹਮਲਾ ਇਮਾਰਤ ’ਤੇ ਹੋਇਆ, ਜਿਥੇ ਸੀਰਿਆਈ ਕਾਮੇ ਅਤੇ ਉਨ੍ਹਾਂ ਦੇ ਪਰਿਵਾਰ ਠਹਿਰੇ ਹੋਏ ਸਨ। ਹਿਜ਼ਬੁੱਲਾ ਖ਼ਿਲਾਫ਼ ਇਜ਼ਰਾਈਲ ਵੱਲੋਂ ਕੀਤੇ ਜਾ ਰਹੇ ਹਮਲਿਆਂ ਦੌਰਾਨ ਇਹ ਹੁਣ ਤੱਕ ਦਾ ਸਭ ਤੋਂ ਘਾਤਕ ਹਮਲਾ ਹੈ। ਇਜ਼ਰਾਈਲ ਨੇ ਜ਼ਮੀਨੀ ਹਮਲੇ ਦੀ ਧਮਕੀ ਦਿੱਤੀ ਹੈ ਅਤੇ ਦੋਵੇਂ ਪਾਸਿਆਂ ਤੋਂ ਭਾਰੀ ਗੋਲਾਬਾਰੀ ਵਧਣ ਕਾਰਨ ਜੰਗ ਲੱਗਣ ਦੀ ਸੰਭਾਵਨਾ ਹੈ। ਲਿਬਨਾਨ ਦੀ ਨੈਸ਼ਨਲ ਨਿਊਜ਼ ਏਜੰਸੀ ਨੇ ਕਿਹਾ ਕਿ ਹਵਾਈ ਹਮਲਾ ਪੁਰਾਤਨ ਸ਼ਹਿਰ ਬਾਲਬੇਕ ਨੇੜਲੇ ਪਿੰਡ ਯੂਨਾਈਨ ’ਚ ਹੋਇਆ। ਪਿੰਡ ਦੇ ਮੇਅਰ ਅਲੀ ਕਾਸਾਸ ਨੇ ਕਿਹਾ ਕਿ ਇਮਾਰਤ ਦੇ ਮਲਬੇ ’ਚੋਂ 23 ਸੀਰਿਆਈ ਨਾਗਰਿਕਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਉਨ੍ਹਾਂ ਕਿਹਾ ਕਿ ਹਮਲੇ ’ਚ ਚਾਰ ਸੀਰਿਆਈ ਅਤੇ ਚਾਰ ਲਿਬਨਾਨੀ ਨਾਗਰਿਕ ਜ਼ਖ਼ਮੀ ਹੋਏ ਹਨ। ਇਜ਼ਰਾਈਲ ਵੱਲੋਂ ਸੋਮਵਾਰ ਤੋਂ ਲਿਬਨਾਨ ’ਚ ਕੀਤੇ ਜਾ ਰਹੇ ਹਮਲਿਆਂ ’ਚ ਹੁਣ ਤੱਕ 630 ਤੋਂ ਵਧ ਵਿਅਕਤੀ ਮਾਰੇ ਜਾ ਚੁੱਕੇ ਹਨ। -ਏਪੀ
ਅਮਰੀਕਾ, ਫਰਾਂਸ ਤੇ ਹੋਰ ਮੁਲਕਾਂ ਵੱਲੋਂ 21 ਦਿਨ ਦੀ ਗੋਲੀਬੰਦੀ ਦਾ ਸੱਦਾ
ਨਿਊ ਯਾਰਕ: ਅਮਰੀਕਾ, ਫਰਾਂਸ ਅਤੇ ਹੋਰ ਭਾਈਵਾਲ ਮੁਲਕਾਂ ਨੇ ਇਜ਼ਰਾਈਲ ਅਤੇ ਹਿਜ਼ਬੁੱਲਾ ਵਿਚਕਾਰ ਵਧ ਰਹੇ ਸੰਘਰਸ਼ ਨੂੰ ਠੱਲ੍ਹਣ ਲਈ ਤੁਰੰਤ 21 ਦਿਨ ਦੀ ਗੋਲੀਬੰਦੀ ਦਾ ਸੱਦਾ ਦਿੱਤਾ ਹੈ। ਸੰਯੁਕਤ ਰਾਸ਼ਟਰ ਮਹਾਸਭਾ ਤੋਂ ਅੱਡ ਇਹ ਸਾਂਝਾ ਬਿਆਨ ਜਾਰੀ ਹੋਇਆ ਹੈ। ਬਿਆਨ ’ਚ ਇਜ਼ਰਾਈਲ ਅਤੇ ਲਿਬਨਾਨ ਦੀਆਂ ਸਰਕਾਰਾਂ ਸਮੇਤ ਸਾਰੀਆਂ ਧਿਰਾਂ ਨੂੰ ਗੋਲੀਬੰਦੀ ਦਾ ਸੱਦਾ ਦਿੰਦਿਆਂ ਕਿਹਾ ਗਿਆ ਹੈ ਕਿ ਬੈਠ ਕੇ ਗੱਲਬਾਤ ਰਾਹੀਂ ਮਸਲੇ ਦਾ ਕੋਈ ਨਾ ਕੋਈ ਹੱਲ ਕੱਢਿਆ ਜਾ ਸਕਦਾ ਹੈ। ਉਧਰ ਇਜ਼ਰਾਈਲ ਦੇ ਵਿਦੇਸ਼ ਮੰਤਰੀ ਇਸਰਾਈਲ ਕਾਟਜ਼ ਨੇ ਕਿਹਾ ਕਿ ਉੱਤਰ ’ਚ ਕੋਈ ਗੋਲੀਬੰਦੀ ਨਹੀਂ ਹੋਵੇਗੀ ਅਤੇ ਜਿੱਤ ਹਾਸਲ ਕਰਨ ਤੱਕ ਜੰਗ ਜਾਰੀ ਰਹੇਗੀ। ਲਿਬਨਾਨ ਅਤੇ ਹਿਜ਼ਬੁੱਲਾ ਨੇ ਗੋਲੀਬੰਦੀ ਬਾਰੇ ਅਜੇ ਕੋਈ ਪ੍ਰਤੀਕਰਮ ਨਹੀਂ ਦਿੱਤਾ ਹੈ। -ਏਪੀ