ਚੰਡੀਗੜ੍ਹ ’ਚ ਕਰੋਨਾ ਦੇ 23 ਨਵੇਂ ਕੇਸ; ਇੱਕ ਹੋਰ ਮੌਤ
ਕੁਲਦੀਪ ਸਿੰਘ
ਚੰਡੀਗੜ੍ਹ, 27 ਜੁਲਾਈ
ਸੈਕਟਰ 17 ਸਥਿਤ ਯੂਟੀ ਦੇ ਮਿਲਖ ਦਫ਼ਤਰ ’ਚ ਤਾਇਨਾਤ ਇੱਕ ਮਹਿਲਾ ਕਰਮਚਾਰੀ ਦੇ ਪਤੀ ਨੂੰ ਕਰੋਨਾਵਾਇਰਸ ਹੋਣ ਮਗਰੋਂ ਦਫ਼ਤਰ ਦੇ ਉੱਚ ਅਧਿਕਾਰੀਆਂ ਨੇ ਦਫ਼ਤਰ ਦੀ ਦੂਸਰੀ ਮੰਜ਼ਿਲ ’ਤੇ ਸਥਿਤ ਹਾਲ ਕਮਰੇ ਵਿੱਚ ਬੈਠਣ ਵਾਲੇ ਸਾਰੇ ਕਰਮਚਾਰੀਆਂ ਨੂੰ ਘਰੋਂ ਕੰਮ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਡਾਕ ਡਾਇਰੀ ’ਤੇ ਵੀ ਕੋਈ ਵੀ ਪਬਲਿਕ ਡੀਲਿੰਗ ਨਾ ਕਰਨ ਦੇ ਹੁਕਮ ਦਿੱਤੇ ਗਏ ਹਨ ਅਤੇ ਦਫ਼ਤਰ ਦੀ ਪੂਰੀ ਇਮਾਰਤ ਨੂੰ ਸੈਨੇਟਾਈਜ਼ ਕੀਤਾ ਜਾ ਰਿਹਾ ਹੈ।
ਪਤਾ ਲੱਗਾ ਹੈ ਕਿ ਇਸ ਕਮਰੇ ਵਿੱਚ 90 ਦੇ ਕਰੀਬ ਕਰਮਚਾਰੀ ਬੈਠ ਕੇ ਕੰਮ ਕਰਦੇ ਹਨ ਜਿੱਥੇ ਕਿ ਕੋਰੋਨਾ ਦੌਰਾਨ ਸਮਾਜਿਕ ਦੂਰੀ ਦੇ ਨਿਯਮਾਂ ਦਾ ਵੀ ਪਾਲਣ ਨਹੀਂ ਸੀ ਹੋ ਰਿਹਾ। ਇਸ ਤਰ੍ਹਾਂ ਅੱਜ ਨੂੰ ਚੰਡੀਗੜ੍ਹ ਵਿੱਚ ਕੁੱਲ 23 ਵਿਅਕਤੀਆਂ ਕਰੋਨਾ ਪਾਜ਼ੇਟਿਵ ਆਊਣ ਨਾਲ ਮਰੀਜ਼ਾਂ ਦਾ ਅੰਕੜਾ 910 ’ਤੇ ਪਹੁੰਚ ਗਿਆ ਹੈ ਅਤੇ ਇੱਕ ਹੋਰ ਵਿਅਕਤੀ ਦੀ ਮੌਤ ਵੀ ਹੋ ਗਈ ਹੈ। ਯੂਟੀ ਦੇ ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਆਏ ਕਰੋਨਾ ਦੇ ਨਵੇਂ ਮਰੀਜ਼ ਪਿੰਡ ਖੁੱਡਾ ਲਾਹੌਰਾ, ਸੈਕਟਰ 50, ਬਾਪੂ ਧਾਮ ਕਲੋਨੀ, ਸੈਕਟਰ 39, ਮਨੀਮਾਜਰਾ, ਸੈਕਟਰ 14, 19, 23, 24, 29 44, 49, 50, 51, 52, ਪਿੰਡ ਕਿਸ਼ਨਗੜ੍ਹ ਨਾਲ ਸਬੰਧਤ ਹਨ। ਅੱਜ 4 ਹੋਰ ਮਰੀਜ਼ਾਂ ਨੂੰ ਛੁੱਟੀ ਮਿਲਣ ਮਗਰੋਂ 575 ਮਰੀਜ਼ ਸਿਹਤਯਾਬ ਹੋ ਗਏ ਹਨ ਅਤੇ ਸ਼ਹਿਰ ਵਿੱਚ ਐਕਟਿਵ ਕੇਸਾਂ ਦੀ ਗਿਣਤੀ 321 ਹੋ ਗਈ ਹੈ। ਊੱਧਰ ਸ਼ਹਿਰ ਵਿੱਚ ਇੱਕ ਹੋਰ ਕਰੋਨਾ ਮਰੀਜ਼ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 14 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਮਰੀਜ਼ ਦੀ ਉਮਰ 67 ਸਾਲ ਸੀ ਤੇ ਸੈਕਟਰ 38 ਦਾ ਵਸਨੀਕ ਸੀ।
ਗਿਆਨ ਸਾਗਰ ਵਿੱਚੋਂ 21 ਕਰੋਨਾ ਪੀੜਤਾਂ ਨੂੰ ਮਿਲੀ ਛੁੱਟੀ
ਬਨੂੜ (ਕਰਮਜੀਤ ਸਿੰਘ ਚਿੱਲਾ): ਗਿਆਨ ਸਾਗਰ ਹਸਪਤਾਲ ਤੋਂ ਅੱਜ ਮੁਹਾਲੀ ਅਤੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹਿਆਂ ਦੇ 21 ਮਰੀਜ਼ਾਂ ਨੂੰ ਇਲਾਜ ਮੁਕੰਮਲ ਹੋਣ ਮਗਰੋਂ ਘਰ ਭੇਜ ਦਿੱਤਾ ਗਿਆ ਹੈ। ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਐੱਸਪੀਐੱਸ ਗੁਰਾਇਆ ਨੇ ਦੱਸਿਆ ਕਿ ਸਾਰੇ ਮਰੀਜ਼ਾਂ ਨੂੰ ਆਪੋ ਆਪਣੇ ਘਰ ਇੱਕ ਹਫ਼ਤਾ ਇਕਾਂਤਵਾਸ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸੇ ਦੌਰਾਨ ਨਜ਼ਦੀਕੀ ਪਿੰਡ ਹੁਲਕਾ ਦੀ ਚਾਲੀ ਵਰ੍ਹਿਆਂ ਦੀ ਇੱਕ ਮਹਿਲਾ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ।
ਮੁਹਾਲੀ ਜ਼ਿਲ੍ਹੇ ਵਿੱਚ 32 ਹੋਰ ਨਵੇਂ ਕੇਸ ਸਾਹਮਣੇ ਆਏ
ਐਸ.ਏ.ਐਸ. ਨਗਰ (ਮੁਹਾਲੀ) (ਪੱਤਰ ਪ੍ਰੇਰਕ): ਮੁਹਾਲੀ ਜ਼ਿਲ੍ਹੇ ਵਿੱਚ ਅੱਜ ਕਰੋਨਾ ਦੇ 32 ਹੋਰ ਨਵੇਂ ਮਾਮਲੇ ਸਾਹਮਣੇ ਆਊਣ ਨਾਲ ਜ਼ਿਲ੍ਹੇ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 747 ’ਤੇ ਪਹੁੰਚ ਗਈ ਹੈ। ਅੱਜ 14 ਮਰੀਜ਼ਾਂ ਨੂੰ ਠੀਕ ਹੋਣ ਮਗਰੋਂ ਛੁੱਟੀ ਦੇ ਕੇ ਘਰ ਵੀ ਭੇਜ ਦਿੱਤਾ ਗਿਆ ਹੈ। ਇਹ ਜਾਣਕਾਰੀ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਅਤੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦਿੱਤੀ। ਜ਼ਿਲ੍ਹਾ ਨੋਡਲ ਅਫ਼ਸਰ ਡਾ. ਹਰਮਨਦੀਪ ਕੌਰ ਬਰਾੜ ਨੇ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਵਿੱਚ ਹੁਣ ਕਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 268 ਹੈ ਜਦਕਿ 465 ਮਰੀਜ਼ ਠੀਕ ਹੋ ਚੁੱਕੇ ਹਨ ਅਤੇ ਹੁਣ ਤੱਕ 14 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਰੂਪਨਗਰ ਦੇ ਡੀਸੀ ਨੇ ਦਿੱਤੀ ਕਰੋਨਾ ਨੂੰ ਮਾਤ
ਰੂਪਨਗਰ (ਬਹਾਦਰਜੀਤ ਸਿੰਘ): ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰੀ ਨੇ ਕਰੋਨਾ ਦੀ ਲੜਾਈ ਫਤਿਹ ਕਰਨ ਮਗਰੋਂ ਅੱਜ ਮੁੜ ਤੋਂ ਦਫਤਰ ’ਚ ਆਪਣਾ ਕੰਮਕਾਰ ਸ਼ੁਰੂ ਕਰ ਦਿੱਤਾ ਹੈ। ਡਿਪਟੀ ਕਮਿਸ਼ਨਰ ਰੋਜ਼ਾਨਾ ਦੀ ਤਰ੍ਹਾਂ ਹੁਣ ਸਵੇਰੇ 9 ਵਜੇ ਤੋਂ ਜਨਤਾ ਦੀਆਂ ਮੁਸ਼ਕਿਲਾਂ ਦੀ ਸੁਣਵਾਈ ਲਈ ਦਫਤਰ ਹਾਜ਼ਰ ਰਹਿਣਗੇ। ਸੋਨਾਲੀ ਗਿਰੀ ਨੇ ਦੱਸਿਆ ਕਿ ਇਸ ਔਖੀ ਘੜੀ ਵਿੱਚ ਸਮੂਹ ਵਰਗਾਂ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਕਰੋਨਾ ਦੀ ਲੜਾਈ ’ਚ ਮੁੱਖ ਤੌਰ ’ਤੇ ਮਾਸਕ ਪਾਉਣ ਨਾਲ ਕਾਫੀ ਹੱਦ ਤੱਕ ਬਚਾਅ ਹੋ ਸਕਦਾ ਹੈ ਤੇ ਇਸ ਦੇ ਨਾਲ ਹੀ ਸਮਾਜਿਕ ਦੂਰੀ ਦੇ ਮਾਪਦੰਡਾਂ ਨੂੰ ਅਪਣਾ ਕੇ ਘੱਟੋ ਘੱਟ 2 ਗਜ਼ ਦੀ ਫਾਸਲਾ ਬਣਾ ਕੇ ਰੱਖਿਆ ਜਾਵੇ।
ਪੰਚਕੂਲਾ ’ਚ ਅਮਰੀਕਾ ਤੋਂ ਆਏ 4 ਵਿਅਕਤੀ ਕਰੋਨਾ ਪਾਜ਼ੇਟਿਵ
ਪੰਚਕੂਲਾ (ਪੀਪੀ ਵਰਮਾ): ਪੰਚਕੂਲਾ ਵਿੱਚ ਅੱਜ ਚਾਰ ਵਿਅਕਤੀ ਕਰੋਨਾ ਪਾਜ਼ੇਟਿਵ ਪਾਏ ਗਏ ਹਨ ਤੇ ਇਹ ਚਾਰੋਂ ਅਮਰੀਕਾ ਤੋਂ ਆਏ ਹਨ। ਇਨ੍ਹਾਂ ਨੂੰ ਇਕਾਂਤਵਾਸ ਕੀਤਾ ਗਿਆ ਹੈ। ਪੰਚਕੂਲਾ ਦੀ ਸਿਵਲ ਸਰਜਨ ਡਾ. ਜਸਜੀਤ ਕੌਰ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਦੱਸਿਆ 6 ਕਰੋਨਾ ਪਾਜ਼ੇਟਿਵ ਮਰੀਜ਼ ਬਾਹਰੀ ਰਾਜਾਂ ਦੇ ਹਨ। ਇਨ੍ਹਾਂ ਦੇ ਰਾਜਾਂ ਦੇ ਸਿਹਤ ਵਿਭਾਗਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਡਿਪਟੀ ਕਮਿਸ਼ਨਰ ਮੁਕੇਸ਼ ਕੁਮਾਰ ਆਹੂਜਾ ਅਨੁਸਾਰ ਹੁਣ ਤੱਕ ਜ਼ਿਲ੍ਹੇ ’ਚ 18122 ਸ਼ੱਕੀ ਮਰੀਜ਼ਾਂ ਦੇ ਨਮੂਨੇ ਲਏ ਗਏ ਸਨ ਜਨਿ੍ਹਾਂ ’ਚੋਂ 17400 ਨਮੂਨੇ ਨੈਗੇਟਿਵ ਆਏ ਹਨ।