2+2 ਵਾਰਤਾ: ਭਾਰਤ ਤੇ ਆਸਟਰੇਲੀਆ ਵੱਲੋਂ ਰਣਨੀਤਕ ਸਬੰਧ ਗੂੜ੍ਹੇ ਕਰਨ ’ਤੇ ਜ਼ੋਰ
ਨਵੀਂ ਦਿੱਲੀ, 20 ਨਵੰਬਰ
ਭਾਰਤ ਅਤੇ ਆਸਟਰੇਲੀਆ ਵਿਚਕਾਰ 2+2 ਮੰਤਰੀ ਪੱਧਰ ਦੀ ਵਾਰਤਾ ਦੌਰਾਨ ਦੋਵੇਂ ਮੁਲਕਾਂ ਨੇ ਰੱਖਿਆ ਸਹਿਯੋਗ ਅਤੇ ਅਹਿਮ ਖਣਿਜ ਪਦਾਰਥਾਂ, ਵਪਾਰ ਅਤੇ ਨਿਵੇਸ਼ ਜਿਹੇ ਸੈਕਟਰਾਂ ’ਚ ਰਣਨੀਤਕ ਸਬੰਧ ਹੋਰ ਗੂੜ੍ਹੇ ਕਰਨ ’ਤੇ ਜ਼ੋਰ ਦਿੱਤਾ। ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਆਪਣੇ ਆਸਟਰੇਲਿਆਈ ਹਮਰੁਤਬਾ ਰਿਚਰਡ ਮਾਰਲਸ ਅਤੇ ਪੇਨੀ ਵੋਂਗ ਨਾਲ ਮੁਲਾਕਾਤ ਕੀਤੀ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ‘ਐਕਸ’ ’ਤੇ ਲਿਖਿਆ ਕਿ ਮੰਤਰੀਆਂ ਨੇ ਰੱਖਿਆ-ਸੁਰੱਖਿਆ, ਵਪਾਰ ਤੇ ਨਿਵੇਸ਼, ਅਹਿਮ ਖਣਿਜ ਪਦਾਰਥਾਂ, ਊਰਜਾ, ਜਲਵਾਯੂ ਪਰਿਵਰਤਨ, ਐੱਸਐਂਡਟੀ, ਪੁਲਾੜ, ਸਿੱਖਿਆ ਅਤੇ ਲੋਕਾਂ ਵਿਚਕਾਰ ਰਾਬਤੇ ਸਮੇਤ ਭਾਰਤ-ਆਸਟਰੇਲੀਆ ਸਬੰਧਾਂ ਬਾਰੇ ਆਪਣੇ ਆਪਣੇ ਵਿਚਾਰ ਪ੍ਰਗਟਾਏ ਹਨ। ਉਨ੍ਹਾਂ ਕਿਹਾ ਕਿ ਏਜੰਡੇ ’ਤੇ ਖੇਤਰੀ ਅਤੇ ਆਲਮੀ ਮਸਲੇ ਵੀ ਸਨ। ਮੀਟਿੰਗ ਤੋਂ ਪਹਿਲਾਂ ਵੋਂਗ ਅਤੇ ਮਾਰਲਸ ਨੇ ਕੌਮੀ ਜੰਗੀ ਯਾਦਗਾਰ ਦਾ ਦੌਰਾ ਕਰਕੇ ਜਾਨਾਂ ਕੁਰਬਾਨ ਕਰਨ ਵਾਲੇ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ। ਵੋਂਗ ਨੇ ‘ਐਕਸ’ ’ਤੇ ਕਿਹਾ ਕਿ ਭਾਰਤ ਅਤੇ ਆਸਟਰੇਲੀਆ ਦਾ ਫ਼ੌਜੀ ਸਬੰਧਾਂ ’ਚ ਲੰਮਾ ਇਤਿਹਾਸ ਰਿਹਾ ਹੈ। ਉਨ੍ਹਾਂ ਕਿਹਾ ਕਿ ਆਸਟਰੇਲੀਅਨ ਫ਼ੌਜੀਆਂ ਨੇ ਗਲੀਪੋਲੀ ਸਮੇਤ ਹੋਰ ਕਈ ਮੁਹਿੰਮਾਂ ਦੌਰਾਨ ਭਾਰਤੀ ਜਵਾਨਾਂ ਨਾਲ ਰਲ ਕੇ ਜੰਗਾਂ ਲੜੀਆਂ ਹਨ। -ਪੀਟੀਆਈ
ਜੈਸ਼ੰਕਰ ਵੱਲੋਂ ਆਸਟਰੇਲਿਆਈ ਉਪ ਪ੍ਰਧਾਨ ਮੰਤਰੀ ਨਾਲ ਮੁਲਾਕਾਤ
ਨਵੀਂ ਦਿੱਲੀ: ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਆਸਟਰੇਲੀਆ ਦੇ ਉਪ ਪ੍ਰਧਾਨ ਮੰਤਰੀ ਰਿਚਰਡ ਮਾਰਲਸ ਨਾਲ ਮੁਲਾਕਾਤ ਕਰਕੇ ਇਜ਼ਰਾਈਲ-ਹਮਾਸ ਜੰਗ ਅਤੇ ਹੋਰ ਮੁੱਦਿਆਂ ’ਤੇ ਵਿਚਾਰ ਵਟਾਂਦਰਾ ਕੀਤਾ। ਜੈਸ਼ੰਕਰ ਨੇ ‘ਐਕਸ’ ’ਤੇ ਕਿਹਾ ਕਿ ਆਸਟਰੇਲੀਆ ਦੇ ਉਪ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਰਿਚਰਡ ਮਾਰਲਸ ਨਾਲ ਬਹੁਤ ਵਧੀਆ ਮੀਟਿੰਗ ਹੋਈ ਹੈ। ਉਨ੍ਹਾਂ ਕਿਹਾ ਕਿ ਹਿੰਦ-ਪ੍ਰਸ਼ਾਂਤ ਖ਼ਿੱਤੇ ’ਤੇ ਅਸਰ ਪਾਉਣ ਵਾਲੇ ਮੌਜੂਦਾ ਘਟਨਾਕ੍ਰਮ ਬਾਰੇ ਮਾਰਲਸ ਨਾਲ ਚਰਚਾ ਹੋਈ ਹੈ। ਇਸ ਤੋਂ ਇਲਾਵਾ ਪੱਛਮੀ ਏਸ਼ੀਆ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਹੈ। ਵਿਦੇਸ਼ ਮੰਤਰੀ ਨੇ ਆਸਟਰੇਲੀਆ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਐਤਵਾਰ ਦੇ ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ ਮੈਚ ਬਾਰੇ ਵੀ ਗੱਲਬਾਤ ਕੀਤੀ ਹੈ। -ਪੀਟੀਆਈ