ਕਾਰ ਵਿੱਚੋਂ 22 ਲੱਖ ਰੁਪਏ ਚੋਰੀ
ਗਗਨਦੀਪ ਅਰੋੜਾ
ਲੁਧਿਆਣਾ, 3 ਅਗਸਤ
ਸਨਅਤੀ ਸ਼ਹਿਰ ਦੇ ਪੌਸ਼ ਇਲਾਕੇ ਸਾਊਥ ਸਿਟੀ ਨੇੜੇ ਸ਼ਿਵਾਲਿਕ ਪੈਟਰੋਲ ਪੰਪ ’ਤੇ ਰੇਂਜ ਰੋਵਰ ਕਾਰ ਵਿੱਚੋਂ ਵੀਰਵਾਰ ਰਾਤ ਨੂੰ ਮੋਟਰਸਾਈਕਲ ਸਵਾਰਾਂ ਨੇ 22 ਲੱਖ ਰੁਪਏ ਚੋਰੀ ਕਰ ਲਏ। ਕਾਰ ਦਾ ਡਰਾਈਵਰ ਪੰਚਰ ਲਵਾਉਣ ਲਈ ਪੰਪ ’ਤੇ ਆਇਆ ਸੀ। ਇਸ ਦਾ ਧਿਆਨ ਪੰਕਚਰ ਲਗਾਉਣ ਵਿੱਚ ਸੀ, ਇਸ ਦੌਰਾਨ ਮੋਟਰਸਾਈਕਲ ਸਵਾਰ ਕਾਰ ਵਿੱਚ ਬੈਗ ਚੋਰੀ ਕਰ ਕੇ ਫ਼ਰਾਰ ਹੋ ਗਏ।
ਕਾਰ ਡਰਾਈਵਰ ਬਹਾਦਰ ਸਿੰਘ ਨੇ ਦੱਸਿਆ ਕਿ ਉਸ ਨੇ ਮਾਲਕ ਕਰਨ ਨੂੰ ਉਸ ਦੇ ਪ੍ਰਾਪਰਟੀ ਡੀਲਰ ਦੇ ਦਫ਼ਤਰ ਵਿੱਚ ਉਤਾਰਿਆ ਸੀ ਤੇ ਆਪ ਕਾਰ ਨੂੰ ਖੜ੍ਹਾ ਕਰਨ ਚਲੇ ਗਿਆ। ਇਸ ਦੌਰਾਨ ਉਸ ਦੀ ਕਾਰ ਵਿੱਚ ਕਾਫ਼ੀ ਸੂਈਆਂ ਲੱਗਣ ਕਾਰਨ ਟਾਇਰ ਪੰਕਚਰ ਹੋ ਗਿਆ। ਉਹ ਕਾਰ ਨੂੰ ਪੰਕਚਰ ਲਗਾਉਣ ਲਈ ਚਲੇ ਗਿਆ। ਇਸ ਦੌਰਾਨ ਕਾਰ ਦੇ ਪਿੱਛੇ 22 ਲੱਖ ਰੁਪਏ ਨਾਲ ਭਰਿਆ ਹੋਇਆ ਬੈਗ ਪਿਆ ਸੀ। ਜਦੋਂ ਉਹ ਪੰਕਚਰ ਲਗਾ ਰਿਹਾ ਸੀ ਤਾਂ ਪਿਛੋਂ ਕੋਈ ਬੈਗ ਚੁੱਕ ਫ਼ਰਾਰ ਹੋ ਗਿਆ। ਡਰਾਈਵਰ ਬਹਾਦਰ ਸਿੰਘ ਨੇ ਤੁਰੰਤ ਮਾਲਕ ਕਰਨ ਅਰੋੜਾ ਨੂੰ ਘਟਨਾ ਦੀ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਮੌਕੇ ’ਤੇ ਏਡੀਸੀਪੀ ਸ਼ੁਭਮ ਅਗਰਵਾਲ ਅਤੇ ਏਸੀਪੀ ਮਨਦੀਪ ਸਿੰਘ ਦੀ ਟੀਮ ਪੁੱਜੀ। ਪੁਲੀਸ ਆਸਪਾਸ ਦੇ ਸੀਸੀਟੀਵੀ ਕੈਮਰੇ ਖੰਗਾਲ ਰਹੀ ਹੈ।
ਚੋਰੀ ਦੇ ਮੋਟਰਸਾਈਕਲ ਸਣੇ ਦੋ ਗ੍ਰਿਫ਼ਤਾਰ
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ ): ਥਾਣਾ ਡਿਵੀਜ਼ਨ ਨੰਬਰ 5 ਦੀ ਪੁਲੀਸ ਨੇ ਦੋ ਜਣਿਆਂ ਨੂੰ ਚੋਰ ਦੇ ਮੋਟਰਸਾਈਕਲ ਸਣੇ ਗ੍ਰਿਫ਼ਤਾਰ ਕੀਤਾ ਹੈ। ਹੌਲਦਾਰ ਕਿਰਨ ਕੁਮਾਰ ਨੇ ਦੱਸਿਆ ਹੈ ਕਿ ਪੁਲੀਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਕੋਚਰ ਮਾਰਕੀਟ ਚੌਕ ਮੌਜੂਦ ਸੀ ਤਾਂ ਸ਼ੱਕ ਦੇ ਆਧਾਰ ’ਤੇ ਰਾਜੇਸ਼ ਵਾਸੀ ਸ਼ਕਤੀ ਨਗਰ ਕੋਚਰ ਮਾਰਕੀਟ ਅਤੇ ਸ਼ਿਵ ਵਾਸੀ ਪਿੰਡ ਫੁੱਲਾਂਵਾਲ ਨੂੰ ਰੋਕ ਕੇ ਪੁਛਗਿੱਛ ਕੀਤੀ ਗਈ ਤਾਂ ਉਨ੍ਹਾਂ ਦਾ ਬਿਨਾਂ ਨੰਬਰੀ ਮੋਟਰਸਾਈਕਲ ਪਲੈਟੀਨਾ ਚੋਰੀ ਦਾ ਨਿਕਲਿਆ ਜਿਸ ਨੂੰ ਵੇਚਣ ਲਈ ਉਹ ਜਾ ਰਹੇ ਸਨ।