ਮੇਅਰ ਦੀ ਪ੍ਰਧਾਨਗੀ ਹੇਠ 22 ਕਰੋੜ ਦੇ ਮਤੇ ਪਾਸ
ਖੇਤਰੀ ਪ੍ਰਤੀਨਿਧ
ਪਟਿਆਲਾ, 28 ਜੁਲਾਈ
ਚਾਲੂ ਵਿੱਤੀ ਵਰ੍ਹੇ ਦੌਰਾਨ ਨਗਰ ਨਿਗਮ ਦੀ ਐਫ਼ ਐਂਡ ਸੀਸੀ ਦੀ ਅੱਜ ਦੂਜੀ ਬੈਠਕ ਹੋਈ। ਮੇਅਰ ਸੰਜੀਵ ਬਿੱਟੂ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ 22 ਕਰੋੜ ਦੇ ਵਿਕਾਸ ਕੰਮਾਂ ਦੇ ਮਤੇ ਪਾਸ ਕੀਤੇ ਗਏ। ਇਸ ਵਿਚ ਡੰਪਿੰਗ ਮੈਦਾਨ ਦੇ ਸਥਾਈ ਹੱਲ ਅਤੇ ਵਾਟਰ ਸਪਲਾਈ ਅਤੇ ਸੀਵਰੇਜ ਦੀਆਂ ਨਵੀਆਂ ਲਾਈਨਾਂ ਲਈ 14.5 ਕਰੋੜ ਨੂੰ ਮਨਜ਼ੂਰੀ ਦੇਣਾ ਵੀ ਸ਼ਾਮਲ ਹਨ। ਇਸੇ ਦੌਰਾਨ ਮੇਅਰ ਅਤੇ ਨਿਗਮ ਕਮਿਸ਼ਨਰ ਪੂਨਮਦੀਪ ਕੌਰ ਦੀ ਸਹਿਮਤੀ ਨਾਲ ਫੈਸਲਾ ਲਿਆ ਹੈ ਕਿ ਨਾਲੀਆਂ ਜਾਂ ਸੀਵਰੇਜ ਵਿੱਚ ਗੋਹੇ ਨੂੰ ਵਹਾ ਰਹੇ ਡੇਅਰੀ ਸੰਚਾਲਕ ਦੀ ਪਛਾਣ ਕਰਕੇ ਚਲਾਨ ਕੱਟੇ ਜਾਣਗੇ। ਤ੍ਰਿਪੜੀ ਦੇ ਟੈਂਕੀ ਵਾਲੇ ਪਾਰਕ ਨੂੰ ਨਵਾਂ ਰੂਪ ਦੇਣ ’ਤੇ 8 ਲੱਖ, ਪਟਿਆਲਾ ਦਿਹਾਤੀ ਅਧੀਨ ਆਉਂਦੇ ਰਸੂਲਪੁਰ ਸੈਦਾਂ, ਅਮਨ ਨਗਰ, ਦਰਸ਼ਨ ਸਿੰਘ ਕਲੋਨੀ, ਵਿਰਕ ਕਲੋਨੀ, ਏਕਤਾ ਨਗਰ ਅਤੇ ਵਾਰਡ ਨੰਬਰ 12 ਦੇ ਕੁਝ ਇਲਾਕਿਆਂ ਵਿੱਚ 8 ਇੰਚ ਦੀ ਸੀਵਰੇਜ ਲਾਈਨ ਵਿਛਾਈ ਜਾਵੇਗੀ। ਗਰੀਨ ਵਿਊ ਕਲੋਨੀ ਲਈ ਛੇ ਲੱਖ , ਰਾਘੋਮਾਜਰਾ ਨੇੜਲਾ ਨਾਲ਼ਾ ਕਵਰ ਕਰਨ ’ਤੇ 22 ਲੱਖ, ਸੀਵਰਮੈਨਾਂ ਦੀ ਸੁਰੱਖਿਆ ਕਿੱਟ ਖਰੀਦਣ ਲਈ 16 ਲੱਖ ਖਰਚ ਕਰਨ ਨੂੰ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਮੌਕੇ ਡਿਪਟੀ ਮੇਅਰ ਵਨਿਤੀ ਸੰਗਰ, ਮੈਂਬਰ ਹਰਵਿੰਦਰ ਸਿੰਘ ਨਿੱਪੀ, ਹਰਵਿੰਦਰ ਸ਼ੁਕਲਾ ਮੌਜੂਦ ਸਨ।