22 ਸਾਲਾਂ ’ਚ ਗੋਗੀ ਨੇ ਤੈਅ ਕੀਤਾ ਕੌਂਸਲਰ ਤੋਂ ਵਿਧਾਇਕ ਬਣਨ ਦਾ ਸਫ਼ਰ
2002 ਵਿੱਚ ਪਹਿਲੀ ਵਾਰ ਕੌਂਸਲਰ ਬਣ ਸੂਬੇ ਦੀ ਸਭ ਤੋਂ ਵੱਡੀ ਨਗਰ ਨਿਗਮ ਲੁਧਿਆਣਾ ਦੇ ਹਾਉਸ ਵਿੱਚ ਪੁੱਜੇ ਗੁਰਪ੍ਰੀਤ ਗੋਗੀ ਨੇ 22 ਸਾਲਾਂ ਵਿੱਚ ਕੌਂਸਲਰ ਤੋਂ ਵਿਧਾਇਕ ਤੱਕ ਦਾ ਸਿਆਸੀ ਸਫ਼ਰ ਤੈਅ ਕੀਤਾ। ਲੁਧਿਆਣਾ ਵਿੱਚ ਗੁਰਪ੍ਰੀਤ ਗੋਗੀ ਸਦਾ ਇੱਕ ਦਬੰਗ ਆਗੂ ਵਜੋਂ ਚਰਚਾ ਵਿੱਚ ਰਹੇ ਹਨ। ਕਾਂਗਰਸ ਪਾਰਟੀ ਵੱਲੋਂ ਤਿੰਨ ਵਾਰ ਕੌਂਸਲਰ, ਕਈ ਸਾਲ ਜ਼ਿਲ੍ਹਾ ਪ੍ਰਧਾਨ ਤੇ ਫਿਰ ਕੈਪਟਨ ਸਰਕਾਰ ਵਿੱਚ ਚੇਅਰਮੈਨ ਦੀ ਕੁਰਸੀ ’ਤੇ ਬੈਠਣ ਵਾਲੇ ਗੋਗੀ ਨੇ ਹਰ ਥਾਂ ’ਤੇ ਬੇਬਾਕੀ ਨਾਲ ਕੰਮ ਕੀਤਾ।
ਗੋਗੀ ਨੇ 2022 ਵਿੱਚ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ‘ਆਪ’ ਦਾ ਸਾਥ ਫੜਿਆ ਤੇ ਫਿਰ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਹਰਾ ਕੇ ਵਿਧਾਨ ਸਭਾ ਪੁੱਜੇ। ਹਲਕਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਨੇ ਵੱਡੀ ਗਿਣਤੀ ਕੰਮ ਲੋਕ ਸੇਵਾ ਦੇ ਕੀਤੇ। ਉਨ੍ਹਾਂ ਬਹੁਤੀ ਵਾਰ ਲੋਕਾਂ ਦੇ ਹੱਕ ਵਿੱਚ ਨਿਡਰ ਹੋ ਕੇ ਆਵਾਜ਼ ਬੁਲੰਦ ਕੀਤੀ ਹੈ। ਗੋਗੀ ਦੇ ਅਚਾਨਕ ਦੇਹਾਂਤ ਨਾਲ ਲੁਧਿਆਣਾ ਵਾਸੀਆਂ ਨੇ ਇੱਕ ਅਜਿਹਾ ਆਗੂ ਗੁਆ ਦਿੱਤਾ ਹੈ ਜੋ ਉਨ੍ਹਾਂ ਦੀਆਂ ਸਮੱਸਿਆਵਾਂ ਸਮਝਦਾ ਸੀ। ਗੋਗੀ ਤਿੰਨ ਵਾਰ ਨਗਰ ਨਿਗਮ ਦੇ ਕੌਂਸਲਰ ਬਣੇ ਅਤੇ ਉਨ੍ਹਾਂ ਦੀ ਪਤਨੀ ਡਾ. ਸੁਖਚੈਨ ਬੱਸੀ ਗੋਗੀ ਵੀ ਇੱਕ ਵਾਰ ਕੌਂਸਲਰ ਬਣੀ। ਇਸ ਤੋਂ ਇਲਾਵਾ ਗੋਗੀ ਕੈਪਟਨ ਅਮਰਿੰਦਰ ਸਿੰਘ ਦੇ ਕਾਫੀ ਕਰੀਬੀ ਸਨ। ਕੈਪਟਨ ਨੇ ਉਨ੍ਹਾਂ ਨੂੰ 2014 ਤੋਂ 2019 ਤੱਕ ਜ਼ਿਲ੍ਹਾ ਕਾਂਗਰਸ ਦੀ ਕਮਾਨ ਸੌਂਪੀ।
ਇਸ ਤੋਂ ਇਲਾਵਾ ਉਹ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਦੇ ਚੇਅਰਮੈਨ ਵੀ ਰਹੇ। ਉਨ੍ਹਾਂ ਚੇਅਰਮੈਨ ਦਾ ਅਹੁਦਾ ਸੰਭਾਲਦਿਆਂ ਸ਼ਹਿਰ ਦੇ ਫੋਕਲ ਪੁਆਇੰਟਾਂ ਦੀ ਹਾਲਤ ਸੁਧਾਰਨ ਲਈ ਕੰਮ ਕੀਤਾ। ਇਸ ਤੋਂ ਬਾਅਦ 2022 ਵਿੱਚ ਗੋਗੀ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ‘ਆਪ’ ਨੇ ਉਨ੍ਹਾਂ ਨੂੰ ਹਲਕਾ ਪੱਛਮੀ ਤੋਂ ਕਾਂਗਰਸ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਮੁਕਾਬਲੇ ਟਿਕਟ ਦਿੱਤੀ ਸੀ। ਇਨ੍ਹਾਂ ਚੋਣਾਂ ਵਿੱਚ ਗੋਗੀ ਆਸ਼ੂ ਨੂੰ ਹਰਾ ਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਬਣੇ ਸਨ। ਵਿਧਾਇਕ ਹੁੰਦਿਆਂ ਗੋਗੀ ਕਈ ਵਾਰ ਆਪਣੀ ਹੀ ਸਰਕਾਰ ਦੇ ਖ਼ਿਲਾਫ਼ ਜਾ ਕੇ ਲੋਕਾਂ ਦੇ ਹੱਕ ਵਿੱਚ ਖੜ੍ਹੇ। ਬੁੱਢਾ ਦਰਿਆ ਦੀ ਤਰਸਯੋਗ ਹਾਲਤ ਨੂੰ ਦੇਖਦਿਆਂ ਗੋਗੀ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਫ਼ਾਈ ਲਈ ਰੱਖਿਆ ਨੀਂਹ ਪੱਥਰ ਤੋੜ ਦਿੱਤਾ ਸੀ ਤੇ ਖ਼ੁਦ ਕਿਸ਼ਤੀ ’ਚ ਬੈਠ ਕੇ ਬੁੱਢੇ ਨਾਲੇ ਨੂੰ ਸਾਫ਼ ਕਰਨ ਲਈ ਉਤਰੇ। ਗੋਗੀ ਨੇ ਬੁੱਢੇ ਦਰਿਆ ਦੀ ਸੁਰਜੀਤੀ ਲਈ ਚੱਲ ਰਹੇ 650 ਕਰੋੜ ਰੁਪਏ ਦੇ ਪ੍ਰਾਜੈਕਟ ਵਿੱਚ ਘੁਟਾਲੇ ਦਾ ਦੋਸ਼ ਲਾਉਂਦਿਆਂ ਸੀਬੀਆਈ ਵਿਜੀਲੈਂਸ ਤੋਂ ਜਾਂਚ ਦੀ ਮੰਗ ਵੀ ਕੀਤੀ ਸੀ।
‘ਆਪ’ ਵਿਧਾਇਕ ਦੀ ਮੌਤ ’ਤੇ ਆਗੂਆਂ ਵੱਲੋਂ ਸ਼ੋਕ ਸੰਦੇਸ਼
ਲੁਧਿਆਣਾ ’ਚ ਕਿਸੇ ਸਮਾਗਮ ਵਿੱਚ ਸ਼ਾਮਲ ਹੋਣ ਪੁੱਜੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਅੱਜ ਮਰਹੂਮ ਵਿਧਾਇਕ ਦੇ ਘਰ ਵੀ ਗਏ। ਰਾਜਪਾਲ ਨੇ ਗੋਗੀ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਪਰਿਵਾਰ ਨੂੰ ਦਿਲਾਸਾ ਦਿੱਤਾ। ਰਾਜਪਾਲ ਨੇ ਕਿਹਾ ਕਿ ਗੋਗੀ ਦੇ ਅਚਾਨਕ ਦੇਹਾਂਤ ਨਾਲ ਹਰ ਕੋਈ ਸਦਮੇ ਵਿੱਚ ਹੈ। ਉਨ੍ਹਾਂ ਕਿਹਾ ਕਿ ਗੋਗੀ ਦੇ ਰੂਪ ਵਿੱਚ ਲੁਧਿਆਣਾ ਵਾਸੀਆਂ ਨੇ ਇੱਕ ਚੰਗਾ ਆਗੂ ਗਵਾਇਆ ਹੈ। ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਗੋਗੀ ਅਜਿਹੇ ਰੰਗਲੇ ਸਾਥੀ ਸਨ ਜੋ ਜ਼ਿੰਦਗੀ ਦੇ ਹਰ ਪੜਾਅ ’ਤੇ ਹੱਸ ਕੇ ਅੱਗੇ ਵਧਦੇ ਸਨ। ਗੋਗੀ ਨੇ 22 ਸਾਲ ਕਾਂਗਰਸ ਵਿੱਚ ਗੁਜਾਰੇ, ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਹੇ, ਫਿਰ ਦੂਜੀ ਪਾਰਟੀ ਵਿੱਚ ਜਾ ਕੇ ਵਿਧਾਇਕ ਬਣੇ ਪਰ ਕਿਸੇ ਨਾਲ ਜ਼ਾਤੀ ਦੁਸ਼ਮਣੀ ਨਹੀਂ ਪਾਲੀ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਗੋਗੀ ਦੇ ਦੇਹਾਂਤ ਦੀ ਖ਼ਬਰ ਨਾਲ ਉਨ੍ਹਾਂ ਨੂੰ ਸਦਮਾ ਪਹੁੰਚਿਆ ਹੈ। ਇਸ ਮੌਕੇ ਉਨ੍ਹਾਂ ਮਰਹੂਮ ਦੇ ਪਰਿਵਾਰ, ਦੋਸਤਾਂ ਅਤੇ ਸਨੇਹੀਆਂ ਨਾਲ ਹਮਦਰਦੀ ਜ਼ਾਹਰ ਕੀਤੀ। ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਵੀ ਗੁਰਪ੍ਰੀਤ ਗੋਗੀ ਦੇ ਘਰ ਪਹੁੰਚੇ ਤੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਗੋਗੀ ਲੋਕਾਂ ਵਿੱਚ ਰਹਿ ਕੇ ਕੰਮ ਕਰਨ ਵਾਲੇ ਆਗੂ ਸਨ।ਸੋੋਗ ਵਿੱਚ ਘੁਮਾਰ ਮੰਡੀ ਬਾਜ਼ਾਰ ਬੰਦਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਦੇ ਦੇਹਾਂਤ ਦੀ ਖ਼ਬਰ ਆਉਣ ਮਗਰੋਂ ਉਨ੍ਹਾਂ ਦੇ ਹਲਕੇ ਘੁਮਾਰ ਮੰਡੀ ਦਾ ਮੁੱਖ ਬਾਜ਼ਾਰ ਅੱਜ ਸੋਗ ਵਜੋਂ ਮੁਕੰਮਲ ਤੌਰ ’ਤੇ ਬੰਦ ਰਿਹਾ। ਦੁਕਾਨਦਾਰਾਂ ਨੇ ਆਪਣਾ ਕੰਮਕਾਜ ਬੰਦ ਰੱਖਿਆ। ਦਿਨ ਭਰ ਬਾਜ਼ਾਰ ਵਿਚ ਸੁੰਨ ਪੱਸਰੀ ਰਹੀ। ਇਸ ਤੋਂ ਇਲਾਵਾ ਘੁਮਾਰ ਮੰਡੀ ਦੇ ਆਲੇ-ਦੁਆਲੇ ਛੋਟੇ ਬਾਜ਼ਾਰਾਂ ਵਿੱਚ ਵੀ ਦੁਕਾਨਾਂ ਬੰਦ ਰਹੀਆਂ। ਦੁਕਾਨਦਾਰਾਂ ਨੇ ਵਿਧਾਇਕ ਗੋਗੀ ਦੇ ਘਰ ਪਹੁੰਚ ਕੇ ਸ਼ਰਧਾਂਜਲੀ ਦਿੱਤੀ।