ਸਪੇਨ ਵਿੱਚ ਹੜ੍ਹਾਂ ਕਾਰਨ ਹੁਣ ਤੱਕ 213 ਮੌਤਾਂ
ਮੈਡਰਿਡ, 3 ਨਵੰਬਰ
ਪੂਰਬੀ ਸਪੇਨ ’ਚ ਮੋਹਲੇਧਾਰ ਮੀਂਹ ਮਗਰੋਂ ਅਚਾਨਕ ਆਏ ਹੜ੍ਹਾਂ ਕਾਰਨ ਉਸ ਦੇ ਰਾਹ ’ਚ ਆਇਆ ਹਰ ਕੋਈ ਕੁਝ ਹੀ ਪਲਾਂ ’ਚ ਰੁੜ੍ਹ ਗਿਆ। ਲੋਕਾਂ ਦੇ ਪੱਲੇ ਕੁਝ ਨਹੀਂ ਪਿਆ ਅਤੇ ਉਹ ਵਾਹਨਾਂ, ਘਰਾਂ ਅਤੇ ਆਪਣੇ ਕੰਮ-ਧੰਦਿਆਂ ’ਤੇ ਫਸੇ ਰਹਿ ਗਏ। ਹੜ੍ਹਾਂ ਕਾਰਨ ਹੁਣ ਤੱਕ 213 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਜਿਨ੍ਹਾਂ ’ਚੋਂ ਜ਼ਿਆਦਾਤਰ ਪੀੜਤ ਪੂਰਬੀ ਵੈਲੇਂਸ਼ੀਆ ਖ਼ਿੱਤੇ ਨਾਲ ਸਬੰਧਤ ਹਨ।
ਅਧਿਕਾਰੀ ਹਾਲੇ ਵੀ ਕਈ ਲਾਪਤਾ ਲੋਕਾਂ ਦੀ ਭਾਲ ਕਰ ਰਹੇ ਹਨ। ਬਹੁਤੀਆਂ ਥਾਵਾਂ ’ਤੇ ਪਾਣੀ ਅਤੇ ਬਿਜਲੀ ਸਪਲਾਈ ਠੱਪ ਹੈ ਅਤੇ ਘਰਾਂ, ਸੜਕਾਂ ਤੇ ਗਲੀਆਂ ’ਚ ਗਾਰ ਅਤੇ ਮਲਬਾ ਫੈਲਿਆ ਹੋਇਆ ਹੈ। ਹਜ਼ਾਰਾਂ ਵਾਲੰਟੀਅਰ ਮਲਬੇ ਨੂੰ ਸਾਫ਼ ਕਰਨ ’ਚ ਜੁਟੇ ਹੋਏ ਹਨ। ਸਪੇਨ ਦੀ ਕੌਮੀ ਮੌਸਮ ਸੇਵਾ ਨੇ ਕਿਹਾ ਕਿ ਚੀਵਾ ’ਚ ਅੱਠ ਘੰਟੇ ਐਨਾ ਮੀਂਹ ਪਿਆ ਜਿੰਨਾ ਪਿਛਲੇ 20 ਮਹੀਨਿਆਂ ’ਚ ਨਹੀਂ ਪਿਆ ਹੋਵੇਗਾ। ਮਾਹਿਰਾਂ ਮੁਤਾਬਕ ਸਪੇਨ ’ਚ 2022 ਅਤੇ 2023 ’ਚ ਸੋਕਾ ਪਿਆ ਸੀ ਜਿਸ ਮਗਰੋਂ ਮੌਸਮ ’ਚ ਅਚਾਨਕ ਵਿਗਾੜ ਪੈਦਾ ਹੋਇਆ। ਉਨ੍ਹਾਂ ਕਿਹਾ ਕਿ ਵਾਤਾਵਰਨ ਬਦਲਾਅ ਕਾਰਨ ਸੋਕੇ ਅਤੇ ਹੜ੍ਹਾਂ ਵਰਗੇ ਹਾਲਾਤ ਲਗਾਤਾਰ ਵੱਧ ਰਹੇ ਹਨ। ਪ੍ਰਧਾਨ ਮੰਤਰੀ ਪੈਡਰੋ ਸਾਂਚੇਜ਼ ਨੇ ਰਾਹਤ ਅਤੇ ਬਚਾਅ ਕਾਰਜਾਂ ਲਈ 5 ਹਜ਼ਾਰ ਤੋਂ ਵੱਧ ਜਵਾਨਾਂ ਨੂੰ ਤਾਇਨਾਤ ਕਰਨ ਦਾ ਐਲਾਨ ਕੀਤਾ ਹੈ। ਸਾਂਚੇਜ਼ ਨੇ ਕਿਹਾ ਕਿ ਸਰਕਾਰ ਵੈਲੇਂਸ਼ੀਆ ਖ਼ਿੱਤੇ ’ਚ 5 ਹਜ਼ਾਰ ਤੋਂ ਵੱਧ ਪੁਲੀਸ ਅਧਿਕਾਰੀਆਂ ਨੂੰ ਵੀ ਭੇਜੇਗੀ। -ਏਪੀ
ਸਪੇਨ ਦੇ ਮਹਾਰਾਜੇ ’ਤੇ ਲੋਕਾਂ ਨੇ ਚਿੱਕੜ ਸੁੱਟਿਆ
ਮੈਡਰਿਡ: ਪਾਇਪੋਰਤਾ ਇਲਾਕੇ ’ਚ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮਿਲਣ ਲਈ ਗਏ ਸਪੇਨ ਦੇ ਮਹਾਰਾਜੇ ਫੇਲਿਪ ’ਤੇ ਕਿਸੇ ਨੇ ਚਿੱਕੜ ਸੁੱਟ ਦਿੱਤਾ। ਉਹ ਲੋਕਾਂ ਦਾ ਹਾਲ-ਚਾਲ ਪੁੱਛਣ ਲਈ ਗਏ ਸਨ। ਇਸ ਦੌਰਾਨ ਰੋਹ ’ਚ ਆਏ ਲੋਕਾਂ ਨੇ ਉਨ੍ਹਾਂ ’ਤੇ ਚਿੱਕੜ ਸੁੱਟ ਦਿੱਤਾ। ਕੁਝ ਅਧਿਕਾਰੀਆਂ ’ਤੇ ਚਿੱਕੜ ਡਿੱਗਿਆ। ਉਧਰ ਮਹਾਰਾਣੀ ਲੈਤਿਜ਼ੀਆ ਨੇ ਵੀ ਮੁਸੀਬਤ ’ਚ ਘਿਰੇ ਲੋਕਾਂ ਦੀ ਸਾਰ ਲਈ। ਉਨ੍ਹਾਂ ਦੱਸਿਆ ਕਿ ਸਰਕਾਰ ਸੜਕਾਂ ਅਤੇ ਘਰਾਂ ਤੋਂ ਮਲਬਾ ਹਟਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਅਤੇ ਰਾਹਤ ਸਮੱਗਰੀ ਵੀ ਵੰਡੀ ਜਾ ਰਹੀ ਹੈ। -ਰਾਇਟਰਜ਼