ਸ੍ਰੀਲੰਕਾ ਦੀ ਜਲ ਸੈਨਾ ਵੱਲੋਂ 21 ਭਾਰਤੀ ਮਛੇਰੇ ਗ੍ਰਿਫ਼ਤਾਰ
ਕੋਲੰਬੋ, 17 ਮਾਰਚ
ਸ੍ਰੀਲੰਕਾ ਦੀ ਜਲ ਸੈਨਾ ਨੇ ਆਪਣੇ ਜਲ ਖੇਤਰ ’ਚ ਸ਼ਿਕਾਰ ਕਰਨ ਦੇ ਦੋਸ਼ ਹੇਠ 21 ਹੋਰ ਭਾਰਤੀ ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਜਿਹੀ ਹੀ ਘਟਨਾ ਇਸ ਮਹੀਨੇ ਦੌਰਾਨ ਪਹਿਲਾਂ ਵੀ ਵਾਪਰੀ ਸੀ। ਇਹ ਮਛੇਰੇ ਬੀਤੇ ਦਿਨ ਜਾਫਨਾ ਖੇਤਰ ਨੇੜਿਓਂ ਗ੍ਰਿਫ਼ਤਾਰ ਕੀਤੇ ਗਏ ਹਨ ਅਤੇ ਇਨ੍ਹਾਂ ਨੂੰ ਕਨਕੇਸੰਤੁਰਾਈ ਬੰਦਰਗਾਹ ਲਿਜਾਇਆ ਗਿਆ ਹੈ। ਉਨ੍ਹਾਂ ਦੀਆਂ ਦੋ ਬੇੜੀਆਂ ਵੀ ਜਲ ਸੈਨਾ ਨੇ ਜ਼ਬਤ ਕਰ ਲਈਆਂ ਹਨ। ਲੰਘੇ ਸ਼ੁੱਕਰਵਾਰ ਨੂੰ ਵੀ ਸ੍ਰੀਲੰਕਾ ਦੀ ਜਲ ਸੈਨਾ ਨੇ ਕਰਾਇਨਗਰ ਤੱਟ ਨੇੜਿਓਂ ਘੱਟੋ-ਘੱਟ 15 ਭਾਰਤੀ ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਸ੍ਰੀਲੰਕਾ ਵੱਲੋਂ ਇਸ ਸਾਲ ਅੰਦਰ ਹੁਣ ਤੱਕ 146 ਦੇ ਕਰੀਬ ਭਾਰਤੀ ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਮਛੇਰਿਆਂ ਦਾ ਮਸਲਾ ਭਾਰਤ ਤੇ ਸ੍ਰੀਲੰਕਾ ਵਿਚਾਲੇ ਰਿਸ਼ਤਿਆਂ ’ਚ ਇੱਕ ਵਿਵਾਦਤ ਮੁੱਦਾ ਹੈ। ਇੱਥੋਂ ਤੱਕ ਕਿ ਸ੍ਰੀਲੰਕਾ ਦੀ ਜਲ ਸੈਨਾ ਦੇ ਜਵਾਨਾਂ ਨੇ ਕਈ ਵਾਰ ਭਾਰਤੀ ਮਛੇਰਿਆਂ ’ਤੇ ਗੋਲੀ ਵੀ ਚਲਾਈ ਅਤੇ ਆਪਣੇ ਜਲ ਖੇਤਰ ’ਚ ਗ਼ੈਰ ਕਾਨੂੰਨੀ ਢੰਗ ਨਾਲ ਦਾਖਲ ਹੋਣ ’ਤੇ ਭਾਰਤੀ ਮਛੇਰਿਆਂ ਦੀਆਂ ਕਈ ਬੇੜੀਆਂ ਵੀ ਜ਼ਬਤ ਕਰ ਲਈਆਂ। -ਪੀਟੀਆਈ