ਡੇਰਾ ਸਿਰਸਾ ਮੁਖੀ ਨੂੰ 21 ਦਿਨਾਂ ਦੀ ਫਰਲੋ
ਆਤਿਸ਼ ਗੁਪਤਾ
ਚੰਡੀਗੜ੍ਹ, 13 ਅਗਸਤ
ਹਰਿਆਣਾ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ 21 ਦਿਨਾਂ ਦੀ ਫਰਲੋ ਮਿਲ ਗਈ ਹੈ। ਇਸ ਦੌਰਾਨ ਡੇਰਾ ਮੁਖੀ ਉੱਤਰ ਪ੍ਰਦੇਸ਼ ਦੇ ਬਾਗਪਤ ਵਿਚਲੇ ਆਪਣੇ ਆਸ਼ਰਮ ਵਿੱਚ ਹੀ ਰਹੇਗਾ। ਡੇਰਾ ਮੁਖੀ ਨੇ ਜੇਲ੍ਹ ’ਚੋਂ ਬਾਹਰ ਆਉਂਦੇ ਹੀ ਵੀਡੀਓ ਸੁਨੇਹਾ ਜਾਰੀ ਕਰਦਿਆਂ ਸੰਗਤ ਨੂੰ ਆਪਣੇ ਘਰਾਂ ’ਚ ਰਹਿਣ ਦੀ ਅਪੀਲ ਕੀਤੀ ਹੈ। ਉਸ ਨੇ ਕਿਹਾ ਕਿ ਕਿਸੇ ਨੇ ਡੇਰੇ ਵਿਚ ਨਹੀਂ ਆਉਣਾ। ਜਦੋਂ ਸੇਵਾਦਾਰ ਕਹਿਣਗੇ, ਉਸ ਹਿਸਾਬ ਨਾਲ ਸੇਵਾ ਕੀਤੀ ਜਾਵੇ।
ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਡੇਰਾ ਮੁਖੀ ਦੀ ਆਰਜ਼ੀ ਰਿਹਾਈ ਵਿਰੁੱਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਟੀਸ਼ਨ ਦਾ ਨਿਬੇੜਾ ਕਰਨ ਤੋਂ ਕੁਝ ਦਿਨ ਬਾਅਦ ਉਸ ਨੂੰ ਫ਼ਰਲੋ ਦੇਣ ਦਾ ਫੈਸਲਾ ਕੀਤਾ ਸੀ। ਹਾਈ ਕੋਰਟ ਨੇ 9 ਅਗਸਤ ਨੂੰ ਕਿਹਾ ਸੀ ਕਿ ਡੇਰਾ ਮੁਖੀ ਦੀ ਆਰਜ਼ੀ ਰਿਹਾਈ ਸਬੰਧੀ ਪਟੀਸ਼ਨ ’ਤੇ ਸਮਰੱਥ ਅਧਿਕਾਰੀ ਵੱਲੋਂ ਬਿਨਾਂ ਕਿਸੇ ਪੱਖਪਾਤ ਦੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਡੇਰਾ ਸਿਰਸਾ ਮੁਖੀ ਨੂੰ ਫਰਲੋ ਦੇਣ ਕਰਕੇ ਸਿਆਸੀ ਗਲਿਆਰਿਆਂ ਵਿੱਚ ਚਰਚਾ ਛਿੜੀ ਹੋਈ ਹੈ।
ਆਸਾਰਾਮ ਨੂੰ ਇਕ ਹਫ਼ਤੇ ਲਈ ਇਲਾਜ ਕਰਵਾਉਣ ਦੀ ਖੁੱਲ੍ਹ
ਜੋਧਪੁਰ:
ਰਾਜਸਥਾਨ ਹਾਈ ਕੋਰਟ ਨੇ ਅਖੌਤੀ ਸਾਧ ਆਸਾਰਾਮ ਬਾਪੂ ਨੂੰ ਮਹਾਰਾਸ਼ਟਰ ਦੇ ਆਯੁਰਵੇਦ ਹਸਪਤਾਲ ਵਿਚ ਪੁਲੀਸ ਦੀ ਹਿਰਾਸਤ ’ਚ ਸੱਤ ਦਿਨਾਂ ਲਈ ਇਲਾਜ ਕਰਵਾਉਣ ਦੀ ਖੁੱਲ੍ਹ ਦੇ ਦਿੱਤੀ ਹੈ। ਆਸਾਰਾਮ ਨਾਬਾਲਗ ਨਾਲ ਬਲਾਤਕਾਰ ਦੇ ਦੋਸ਼ ਤਹਿਤ ਜੋੋਧਪੁਰ ਦੀ ਜੇਲ੍ਹ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਆਸਾਰਾਮ (83), ਜਿਸ ਨੂੰ ਸਤੰਬਰ 2013 ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ, ਨੂੰ ਦੋ ਦਿਨ ਪਹਿਲਾਂ ਦਿਲ ਨਾਲ ਸਬੰਧਤ ਵਿਗਾੜ ਕਰਕੇ ਏਮਸ ਜੋਧਪੁਰ ਵਿਚ ਦਾਖ਼ਲ ਕਰਵਾਇਆ ਗਿਆ ਸੀ। ਜਸਟਿਸ ਪੀਐੱਸ ਭੱਟੀ ਤੇ ਜਸਟਿਸ ਮੁਨੂਰੀ ਲਕਸ਼ਮਣ ਦੀ ਸ਼ਮੂਲੀਅਤ ਵਾਲੇ ਹਾਈ ਕੋਰਟ ਦੇ ਜੋਧਪੁਰ ਬੈਂਚ ਨੇ ਕਿਹਾ ਕਿ ਆਸਾਰਾਮ ਪੁਲੀਸ ਦੀ ਹਿਰਾਸਤ ਵਿਚ ਸੱਤ ਦਿਨਾਂ ਲਈ ਪੁਣੇ ਦੇ ਹਸਪਤਾਲ ਵਿਚ ਜ਼ੇਰੇ ਇਲਾਜ ਰਹੇਗਾ। ਆਸਾਰਾਮ ਨੇ ਆਯੁਰਵੇਦ ਇਲਾਜ ਲਈ ਜ਼ੋਰ ਪਾਉਂਦਿਆਂ ਪੁਣੇ ਦੇ ਮਾਧਵਬਾਗ ਮਲਟੀਡਿਸਪਲਿਨਰੀ ਕਾਰਡੀਅਕ ਕੇਅਰ ਕਲੀਨਿਕ ਤੇ ਹਸਪਤਾਲ ’ਚੋਂ ਟਰੀਟਮੈਂਟ ਦੀ ਇਜਾਜ਼ਤ ਮੰਗੀ ਸੀ।