ਮੁਕਤਸਰ ਦੀ ਘੋੜਾ ਮੰਡੀ ਵਿੱਚ ਪੁੱਜਿਆ 21 ਕਰੋੜੀ ਡੇਵਿਡ
ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 15 ਜਨਵਰੀ
ਇੱਥੇ ਮੇਲਾ ਮਾਘੀ ਮੌਕੇ ਲੱਗਣ ਵਾਲੀ ਭਾਰਤ ਦੀ ਮਸ਼ਹੂਰ ਘੋੜਾ ਮੰਡੀ ਵਿੱਚ ਦੇਸ਼ ਭਰ ’ਚੋਂ ਘੋੜਾ ਵਪਾਰੀ ਕਈ ਕਿਸਮਾਂ ਦੇ ਘੋੜੇ ਲੈ ਕੇ ਪੁੱਜੇ। ਇਨ੍ਹਾਂ ਘੋੜਿਆਂ ਦੀ ਕੀਮਤ ਕਰੋੜਾਂ ਰੁਪਏ ਵਿੱਚ ਦੱਸੀ ਜਾਂਦੀ ਹੈ। ਮਾਰਵਾੜੀ ਨਸਲ ਦੇ ਘੋੜੇ ‘ਡੇਵਿਡ’ ਦੀ ਕੀਮਤ ਘੋੜਾ ਪਾਲਕ ਵਿਕਰਮਜੀਤ ਸਿੰਘ ਵਿੱਕੀ ਬਰਾੜ ਨੇ 21 ਕਰੋੜ ਰੁਪਏ ਦੱਸੀ ਹੈ। ਇਹ ਘੋੜਾ ਸੰਜਮ ਸਟੱਡ ਫਾਰਮ ਬਾਦਲ ਦਾ ਹੈ। ਵਿੱਕੀ ਨੇ ਦੱਸਿਆ ਕਿ ਇਸ ਘੋੜੇ ਦੇ ਜੰਮਣ ਦੇ ਇੱਕ ਘੰਟੇ ਬਾਅਦ ਹੀ ਇਸ ਦੀ ਕੀਮਤ ਇਕ ਕਰੋੜ ਰੁਪਏ ਲੱਗ ਗਈ ਸੀ। ਉਨ੍ਹਾਂ ਦੱਸਿਆ ਕਿ ਘੋੜੇ ਦੀ ਕੀਮਤ ਇਸ ਦੀ ਨਸਲ, ਕੱਦ ਅਤੇ ਮਾਂ-ਪਿਓ ਦੇ ਜੀਨਜ਼ ’ਤੇ ਨਿਰਭਰ ਕਰਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ 38 ਮਹੀਨਿਆਂ ਦਾ ਇਹ ਘੋੜਾ ‘ਡੇਵਿਡ’ 72 ਇੰਚ ਉੱਚਾ ਹੈ, ਜੋ ਭਾਰਤ ਵਿੱਚ ਸਭ ਤੋਂ ਵੱਧ ਹੈ। ਇਸੇ ਤਰ੍ਹਾਂ ਤਲਵੰਡੀ ਦੇ ਭਾਈ ਡੱਲਾ ਸਟੱਡ ਫਾਰਮ, ਬਰਕੰਦੀ ਦੇ ਯਾਦਵਿੰਦਰ ਸਟੱਡ ਫਾਰਮ ਦਾ 64 ਇੰਚ ਕੱਦ ਵਾਲਾ ਨੁੱਕਰਾ ਘੋੜਾ ਸਿਕੰਦਰ, ਹਰਿਆਣਾ ਦੇ ਚੌਧਰੀ ਸਟੱਡ ਫਾਰਮ ਦਾ ਘੋੜਾ ਗੁਨਵਾਨ ਵੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਘੋੜੇ ਖਰੀਦਣ ਲਈ ਦਿੱਲੀ, ਗੁਜਰਾਤ, ਮਹਾਰਾਸ਼ਟਰ ਤੇ ਰਾਜਸਥਾਨ ਦੇ ਵਪਾਰੀ ਆਏ ਹੋਏ ਹਨ। ਲੱਖਾਂ ਰੁਪਏ ਦੇ ਘੋੜਿਆਂ ਦੀ ਖਰੀਦੋ-ਫਰੋਖਤ ਹੋ ਰਹੀ ਹੈ। ਜ਼ਿਆਦਾ ਵਪਾਰ ਨੁੱਕਰੇ ਤੇ ਮਾਰਵਾੜੀ ਨਸਲ ਦੇ ਘੋੜਿਆਂ ਦਾ ਹੁੰਦਾ ਹੈ ਜਦੋਂਕਿ ਕਾਠੀਆਵਾੜ ਤੇ ਸਿੰਧੀ ਨਸਲ ਦੇ ਘੋੜੇ ਬਹੁਤ ਘੱਟ ਆਉਂਦੇ ਹਨ। ਇਸ ਦੌਰਾਨ ਘੋੜਾ ਪਾਲਕਾਂ ਨੇ ਮੰਗ ਕੀਤੀ ਕਿ ਮੰਡੀ ਨੂੰ ਸਥਾਈ ਰੂਪ ਦਿੱਤਾ ਜਾਵੇ ਤੇ ਟੈਂਟ ਵਗੈਰ੍ਹਾ ਦੀਆਂ ਕੀਮਤਾਂ ਘੱਟ ਕੀਤੀਆਂ ਜਾਣ ਤਾਂ ਜੋ ਉਨ੍ਹਾਂ ’ਤੇ ਬੇਲੋੜਾ ਖਰਚਾ ਨਾ ਪਵੇ। ਘੋੜਾ ਮੰਡੀ ਦੇ ਪ੍ਰਬੰਧਕ ਸੁਖਪਾਲ ਸਿੰਘ ਭਾਟੀ ਨੇ ਦੱਸਿਆ ਕਿ ਕਰੀਬ ਤਿੰਨ ਹਜ਼ਾਰ ਘੋੜੇ ਮੰਡੀ ’ਚ ਆ ਚੁੱਕੇ ਹਨ। ਇਹ ਘੋੜਾ ਮੰਡੀ 20 ਜਨਵਰੀ ਤੱਕ ਲੱਗੇਗੀ। ਮੰਡੀ ’ਚ ਪੰਜਾਬ ਤੋਂ ਇਲਾਵਾ ਰਾਜਸਥਾਨ, ਹਰਿਆਣਾ, ਉੱਤਰ ਪ੍ਰਦੇਸ਼, ਦਿੱਲੀ ਤੇ ਹੋਰ ਸੂਬਿਆਂ ਦੇ ਘੋੜਾ ਪਾਲਕ ਆਉਂਦੇ ਹਨ। ਕੁੱਝ ਘੋੜੇ ਸਿਰਫ ਪ੍ਰਦਰਸ਼ਨੀ ਵਾਸਤੇ ਹੁੰਦੇ ਹਨ ਜਦੋਂ ਕਿ ਕੁੱਝ ਵੇਚਣ ਵਾਸਤੇ।
ਡੀਸੀ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰਨ ਦੀ ਹਦਾਇਤ
ਘੋੜਾ ਮੰਡੀ ਵਿੱਚ ਪੁੱਜੇ ਡਿਪਟੀ ਕਮਿਸ਼ਨਰ ਰਾਜੇਸ਼ ਤ੍ਰਿਪਾਠੀ ਨੇ ਘੋੜਾ ਪਾਲਕਾਂ ਨਾਲ ਗੱਲਬਾਤ ਕਰਦਿਆਂ ਜਿੱਥੇ ਘੋੜਿਆਂ ਦੀਆਂ ਨਸਲਾਂ, ਉਨ੍ਹਾਂ ਦੀ ਖੁਰਾਕ ਅਤੇ ਕੀਮਤ ਆਦਿ ਬਾਰੇ ਜਾਣਕਾਰੀ ਹਾਸਲ ਕੀਤੀ, ਉੱਥੇ ਹੀ ਮੰਡੀ ਵਿੱਚ ਦਰਪੇਸ਼ ਸਮੱਸਿਆਵਾਂ ਵੀ ਜਾਣੀਆਂ। ਇਸ ਦੌਰਾਨ ਉਨ੍ਹਾਂ ਪੂਰੀ ਮੰਡੀ ਦਾ ਪੈਦਲ ਚੱਕਰ ਲਾਇਆ ਅਤੇ ਘੋੜਿਆਂ, ਪੰਛੀਆਂ ਤੇ ਕੁੱਤਿਆਂ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਮੰਡੀ ਠੇਕੇਦਾਰਾਂ ਨੂੰ ਹਦਾਇਤ ਕੀਤੀ ਕਿ ਮੰਡੀ ਵਿੱਚ ਸਫਾਈ ਤੇ ਸੁਰੱਖਿਆ ਦਾ ਪ੍ਰਬੰਧ ਕੀਤਾ ਜਾਵੇ। ਕਿਸੇ ਹੰਗਾਮੀ ਹਾਲਤ ਦੀ ਸੂਚਨਾ ਦੇਣ ਲਈ ਸਪੀਕਰ ਲਾਏ ਜਾਣ।