ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਦੀ 20ਵੀਂ ਅੰਤਰਰਾਸ਼ਟਰੀ ਕਾਨਫਰੰਸ ਸੰਪੰਨ
ਸੈਕਰਾਮੈਂਟੋ: (ਅਮਰੀਕਾ) ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਵੱਲੋਂ 20ਵੀਂ ਅੰਤਰਰਾਸ਼ਟਰੀ ਕਾਨਫਰੰਸ ਕਰਵਾਈ ਗਈ। ਪੂਜਾ ਰੈਸਟੋਰੈਂਟੋ, ਵੈਸਟ ਸੈਕਰਾਮੈਂਟੋ ਦੇ ਹਾਲ ਵਿੱਚ ਹੋਈ ਇਸ ਕਾਨਫਰੰਸ ਵਿੱਚ ਦੇਸ਼ਾਂ-ਵਿਦੇਸ਼ਾਂ ਤੋਂ ਸਾਹਿਤਕਾਰ ਅਤੇ ਬੁੱਧੀਜੀਵੀ ਪਹੁੰਚੇ। ਇਸ ਕਾਨਫਰੰਸ ਨੂੰ ਚਾਰ ਭਾਗਾਂ ਵਿੱਚ ਵੰਡਿਆ ਗਿਆ ਸੀ। ਕਾਨਫਰੰਸ ਮਰਹੂਮ ਕਵੀ ਸੁਰਜੀਤ ਪਾਤਰ, ਮਹਿੰਦਰ ਸਿੰਘ ਘੱਗ ਅਤੇ ਰਬਿੰਦਰ ਸਿੰਘ ਅਟਵਾਲ ਨੂੰ ਸਮਰਪਿਤ ਕੀਤੀ ਗਈ ਸੀ। ਮੰਚ ਸੰਚਾਲਕ ਗੁਰਜਤਿੰਦਰ ਸਿੰਘ ਰੰਧਾਵਾ ਨੇ ਕਾਨਫਰੰਸ ਦੀ ਕਾਰਵਾਈ ਸ਼ੁਰੂ ਕੀਤੀ।
ਪਹਿਲੇ ਸੈਸ਼ਨ ਵਿੱਚ ਕਵੀ ਸੰਮੇਲਨ ਕੀਤਾ ਗਿਆ ਜਿਸ ਦਾ ਮੰਚ ਸੰਚਾਲਨ ਮਨਜੀਤ ਕੌਰ ਸੇਖੋਂ ਨੇ ਕੀਤਾ। ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਹਰਬੰਸ ਸਿੰਘ ਜਗਿਆਸੂ, ਹਰਦਿਆਲ ਸਿੰਘ ਚੀਮਾ, ਤਾਰਾ ਸਿੰਘ ਕੋਮਲ, ਹਰਭਜਨ ਸਿੰਘ ਢੇਰੀ ਅਤੇ ਸੇਵਾ ਸਿੰਘ ਨੂਰਪੁਰੀ ਸੁਸ਼ੋਭਿਤ ਸਨ। ਇਸ ਵਿੱਚ ਬਹੁਤ ਸਾਰੇ ਕਵੀਆਂ ਨੇ ਹਿੱਸਾ ਲਿਆ। ਇਸ ਦੌਰਾਨ ਮਹਿੰਦਰ ਸਿੰਘ ਘੱਗ ਦੇ ਸਪੁੱਤਰ ਮੇਅਰ ਲਖਬੀਰ ਸਿੰਘ ਘੱਗ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।
ਪੰਜਾਬੀ ਸਾਹਿਤ ਸਭਾ ਵੱਲੋਂ ਸੋਵੀਨਰ ਪ੍ਰਕਾਸ਼ਿਤ ਕੀਤਾ ਗਿਆ ਸੀ, ਜਿਸ ਵਿਚ ਵੱਖ-ਵੱਖ ਪੰਜਾਬੀ ਸਾਹਿਤ ਨਾਲ ਸਬੰਧਤ ਲੇਖ ਅਤੇ ਹੋਰ ਰਚਨਾਵਾਂ ਨੂੰ ਲੜੀਬੱਧ ਕੀਤਾ ਗਿਆ। ਇਸ ਸਮੇਂ ਕੁਝ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਵਿੱਚ ਫਿਲਮ ਨਿਰਮਾਤਾ ਤੇ ਨਿਰਦੇਸ਼ਕ ਕਵੀ ਰਾਜ, ਡਾ. ਦਲਬੀਰ ਸਿੰਘ ਕਥੂਰੀਆ (ਟੋਰਾਂਟੋ), ਡਾ. ਪਰਗਟ ਸਿੰਘ ਬੱਗਾ (ਟੋਰਾਂਟੋ), ਪ੍ਰਿਤਪਾਲ ਸਿੰਘ ਚੱਗੜ (ਟੋਰਾਂਟੋ), ਅਮਰ ਸਿੰਘ ਸੂਫੀ (ਪੰਜਾਬ), ਪ੍ਰੀਤਮ ਸਿੰਘ ਭਰੋਵਾਲ (ਪੰਜਾਬ), ਹਰਦਿਆਲ ਸਿੰਘ ਚੀਮਾ (ਸਿਆਟਲ), ਡਾ. ਤਾਰਾ ਸਿੰਘ ਕਮਲ (ਪੰਜਾਬ), ਸੁਖਦੇਵ ਸਿੰਘ ਢਿੱਲੋਂ (ਸਰੀ), ਇੰਦਰਬੀਰ ਸਿੰਘ ਲਾਲੀ ਸੰਧੂ (ਸਿਆਟਲ), ਅਸੈਂਬਲੀ ਮੈਂਬਰ ਜਸਮੀਤ ਕੌਰ ਬੈਂਸ, ਮੇਅਰ ਬੌਬੀ ਸਿੰਘ ਐਲਨ, ਮੇਅਰ ਪਰਗਟ ਸਿੰਘ ਸੰਧੂ, ਦਵਿੰਦਰ ਸਿੰਘ ਬੈਂਸ, ਨਰਿੰਦਰਪਾਲ ਸਿੰਘ ਹੁੰਦਲ, ਵਰਿੰਦਰ ਸਿੰਘ ਸੇਖੋਂ ਅਤੇ ਹਰਮਿੰਦਰ ਸਿੰਘ ਕਾਹਲੋਂ ਸ਼ਾਮਲ ਸਨ।
ਇਸ ਮੌਕੇ ਇੰਡਸਵੈਲੀ ਚੈਂਬਰ ਆਫ ਕਾਮਰਸ ਦੇ ਸੁਖਚੈਨ ਸਿੰਘ, ਦਲਜੀਤ ਸਿੰਘ ਸੰਧੂ, ਜਗਰੂਪ ਸਿੰਘ ਮਾਂਗਟ, ਮੁਖਤਾਰ ਸਿੰਘ ਗਿੱਲ, ਮਾਈਕ ਬੋਪਾਰਾਏ ਵੀ ਹਾਜ਼ਰ ਸਨ।
ਦੂਜੇ ਸੈਸ਼ਨ ’ਚ ਪੰਜਾਬੀ ਮਾਂ ਬੋਲੀ ’ਤੇ ਵਿਚਾਰ-ਵਟਾਂਦਰੇ ਕੀਤੇ ਗਏ। ਪ੍ਰਧਾਨਗੀ ਮੰਡਲ ਵਿੱਚ ਦਲਵੀਰ ਦਿਲ ਨਿੱਜਰ, ਡਾ. ਦਲਬੀਰ ਸਿੰਘ ਕਥੂਰੀਆ, ਡਾ. ਪਰਗਟ ਸਿੰਘ ਬੱਗਾ, ਹਰਜਿੰਦਰ ਪੰਧੇਰ ਅਤੇ ਸੁਖਵਿੰਦਰ ਕੰਬੋਜ ਸੁਸ਼ੋਭਿਤ ਸਨ। ਇਸ ਦੌਰਾਨ ਕੁਝ ਕਿਤਾਬਾਂ ਵੀ ਰਿਲੀਜ਼ ਕੀਤੀਆਂ ਗਈਆਂ। ਤੀਜੇ ਸੈਸ਼ਨ ਵਿੱਚ ਵੀ ਕਵੀ ਸੰਮੇਲਨ ਕਰਵਾਇਆ ਗਿਆ ਜਿਸ ਵਿੱਚ ਨਾਮਵਰ ਕਵੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।
ਖ਼ਬਰ ਸਰੋਤ: ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ