ਪੱਛਮੀ ਦਿੱਲੀ ’ਚੋਂ 2080 ਕਰੋੜ ਦੀ 208 ਕਿੱਲੋ ਕੋਕੀਨ ਜ਼ਬਤ
ਨਵੀਂ ਦਿੱਲੀ, 10 ਅਕਤੂਬਰ
Delhi Police seize 208 kg of cocaine: ਦਿੱਲੀ ਪੁਲੀਸ ਨੇ ਪੱਛਮੀ ਦਿੱਲੀ ’ਚ ਇੱਕ ਕਿਰਾਏ ਦੀ ਦੁਕਾਨ ਵਿਚੋਂ 208 ਕਿੱਲੋ ਕੋਕੀਨ ਜ਼ਬਤ ਕੀਤੀ ਹੈ, ਜਿਸ ਕੀਮਤ ਦੀ 2,080 ਕਰੋੜ ਰੁਪਏ ਬਣਦੀ ਹੈ। ਇੱਕ ਅਧਿਕਾਰੀ ਨੇ ਅੱਜ ਸ਼ਾਮ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਨਸ਼ੀਲਾ ਪਦਾਰਥ ਸਨੈਕਸ ਵਾਲੇ ਪਲਾਸਟਿਕ ਦੇ ਪੈਕਟਾਂ ਜਿਨ੍ਹਾਂ ’ਤੇ ‘ਟੇਸਟੀ ਟਰੀਟ’ ਅਤੇ ‘ਚਟਪਟਾ ਮਿਕਸਚਰ’ ਲਿਖਿਆ ਸੀ, ਵਿੱਚ ਲੁਕਾ ਕੇ ਰੱਖਿਆ ਹੋਇਆ ਸੀ। ਅਧਿਕਾਰੀ ਮੁਤਾਬਕ ਪੱਛਮੀ ਦਿੱਲੀ ਦੇ ਰਾਮੇਸ਼ ਨਗਰ ਇਲਾਕੇ ’ਚ ਇੱਕ ਛੋਟੀ ਦੁਕਾਨ ਅੰਦਰੋਂ ਡੱਬਿਆਂ ਵਿੱਚੋਂ ਅਜਿਹੇ 20-25 ਪੈਕਟ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਦੁਕਾਨ ਮਾਲਕ ਸਣੇ ਦੋ ਜਣਿਆਂ ਨੂੰ ਪੁੱਛ ਪੜਤਾਲ ਲਈ ਹਿਰਾਸਤ ’ਚ ਲਿਆ ਗਿਆ ਹੈ। ਉਨ੍ਹਾਂ ਆਖਿਆ ਕਿ ਨਸ਼ਿਆਂ ਦੀ ਇਹ ਖੇਪ ਦੱਖਣੀ ਦਿੱਲੀ ਵਿੱਚੋਂ ਪਹਿਲਾਂ ਫੜੇ ਗਈ 5,000 ਕਰੋੜ ਰੁਪਏ ਮੁੱਲ ਦੀ 562 ਕਿਲੋ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਹੈ।
ਉਨ੍ਹਾਂ ਕਿਹਾ ਕਿ ਬਰਾਮਦ ਕੀਤੀ ਲਗਪਗ 208 ਕਿਲੋ ਕੋਕੀਨ ਦੀ ਕੌਮਾਂਤਰੀ ਬਾਜ਼ਾਰ ’ਚ ਕੀਮਤ ਲਗਪਗ 2080 ਕਰੋੜ ਰੁਪਏ ਬਣਦੀ ਹੈ। ਸੂਤਰਾਂ ਮੁਤਾਬਕ ਇਹ ਖੇਪ ਭਾਰਤੀ ਮੂਲ ਦੇ ਬਰਤਾਨਵੀ ਨਾਗਰਿਕ ਨੇ ਲੁਕਾ ਕੇ ਰੱਖੀ ਹੋਈ ਸੀ, ਜਿਹੜਾ ਹੁਣ ਫਰਾਰ ਹੈ। ਪੁਲੀਸ ਵੱਲੋਂ ਛਾਪਾ ਮਾਰਨ ਦੌਰਾਨ ਉਕਤ ਬਰਤਾਨਵੀ ਨਾਗਰਿਕ ਬਚ ਕੇ ਨਿਕਲਣ ’ਚ ਸਫਲ ਹੋ ਗਿਆ, ਹਾਲਾਂਕਿ ਉਸ ਦੀ ਪਛਾਣ ਕਰ ਲਈ ਗਈ ਹੈ। ਉਸ ਨੇ ਕੁਝ ਦਿਨ ਪਹਿਲਾਂ ਹੀ ਇਹ ਦੁਕਾਨ ਕਿਰਾਏ ’ਤੇ ਲਈ ਸੀ। ਪੁਲੀਸ ਸੂਤਰਾਂ ਮੁਤਾਬਕ ਨਸ਼ਿਆਂ ਦੇ ਇਸ ਸਿੰਡੀਕੇਟ ਨੂੰ ਦੁਬਈ ਅਧਾਰਿਤ ਕਾਰੋਬਾਰੀ ਵਰਿੰਦਰ ਬਸੋਆ ਚਲਾ ਰਿਹਾ ਹੈ, ਜਿਸ ਖਿਲਾਫ਼ ਲੁਕ ਆਊਟ ਸਰਕੁਲਰ ਵੀ ਜਾਰੀ ਕੀਤਾ ਜਾ ਚੁੱਕਾ ਹੈ। ਪੁਲੀਸ ਨੂੰ ਸ਼ੱਕ ਹੈ ਕਿ ਬਸੋਆ ਕੌਮਾਂਤਰੀ ਸਿੰਡੀਕੇਟ ਦਾ ਹਿੱਸਾ ਹੈ। ਨਸ਼ਿਆਂ ਦੇ ਇਸ ਮਾਮਲੇ ’ਚ ਪੁਲੀਸ ਹੁਣ ਤੱਕ ਤੱਕ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। -ਪੀਟੀਆਈ