ਹੁਣ ਤੱਕ ਦਾ ਸਭ ਤੋਂ ਗਰਮ ਸਾਲ ਰਿਹਾ 2024
ਵਾਸ਼ਿੰਗਟਨ/ਨਵੀਂ ਦਿੱਲੀ, 10 ਜਨਵਰੀ
ਬੀਤਿਆ 2024 ਵਰ੍ਹਾ ਹੁਣ ਤੱਕ ਦਾ ਸਭ ਤੋਂ ਗਰਮ ਸਾਲ ਰਿਹਾ ਹੈ। ਅਜਿਹਾ ਪਹਿਲੀ ਵਾਰ ਹੈ ਜਦੋਂ ਪਿਛਲੇ ਸਾਲ ਆਲਮੀ ਔਸਤ ਤਾਪਮਾਨ 1.5 ਡਿਗਰੀ ਸੈਲਸੀਅਸ ਤੋਂ ਵੱਧ ਦਰਜ ਕੀਤਾ ਗਿਆ। ਇਹ ਦਾਅਵਾ ਯੂਰਪੀ ਜਲਵਾਯੂ ਏਜੰਸੀ ਕੋਪਰਨਿਕਸ ਨੇ ਅੱਜ ਕੀਤਾ ਗਿਆ ਹੈ। ਇਸ ਏਜੰਸੀ ਮੁਤਾਬਕ, 2024 ਵਿੱਚ ਜਨਵਰੀ ਤੋਂ ਜੂਨ ਤੱਕ ਦਾ ਹਰ ਮਹੀਨਾ ਹੁਣ ਤੱਕ ਦਾ ਸਭ ਤੋਂ ਗਰਮ ਮਹੀਨਾ ਰਿਹਾ। ਜੁਲਾਈ ਤੋਂ ਦਸੰਬਰ ਤੱਕ (ਅਗਸਤ ਨੂੰ ਛੱਡ ਕੇ) ਹਰ ਮਹੀਨਾ 2023 ਤੋਂ ਬਾਅਦ ਰਿਕਾਰਡ ਪੱਧਰ ’ਤੇ ਦੂਜਾ ਸਭ ਤੋਂ ਗਰਮ ਮਹੀਨਾ ਰਿਹਾ। ਕੋਪਰਨਿਕਸ ਕਲਾਈਮੇਟ ਚੇਂਜ ਸਰਵਿਸ (ਸੀ3ਐੱਸ) ਦੇ ਵਿਗਿਆਨੀਆਂ ਮੁਤਾਬਕ, ਸਾਲ 1850 (ਜਦੋਂ ਤੋਂ ਗਲੋਬਲ ਵਾਰਮਿੰਗ ਨੂੰ ਮਾਪਣਾ ਸ਼ੁਰੂ ਕੀਤਾ ਹੈ) ਤੋਂ ਹੁਣ ਤੱਕ 2024 ਸਭ ਤੋਂ ਗਰਮ ਸਾਲ ਰਿਹਾ। ਔਸਤ ਆਲਮੀ ਤਾਪਮਾਨ 15.1 ਡਿਗਰੀ ਸੈਲਸੀਅਸ ਰਿਹਾ ਜੋ 1991-2020 ਦੇ ਔਸਤ ਤੋਂ 0.72 ਡਿਗਰੀ ਵੱਧ ਅਤੇ 2023 ਦੇ ਔਸਤ ਤੋਂ 0.12 ਡਿਗਰੀ ਵੱਧ ਹੈ। ਵਿਗਿਆਨੀਆਂ ਨੇ ਨੋਟ ਕੀਤਾ ਕਿ 2024 ਵਿੱਚ ਔਸਤ ਤਾਪਮਾਨ 1850-1900 ਦੇ ਆਧਾਰ ਬਿੰਦੂ ਤੋਂ 1.60 ਡਿਗਰੀ ਸੈਲਸੀਅਸ ਵੱਧ ਰਿਹਾ।
ਇਹ ਉਹ ਸਮਾਂ ਸੀ ਜਦੋਂ ਜੈਵਿਕ ਈਂਧਨ ਜਲਾਉਣ ਵਰਗੀਆਂ ਮਨੁੱਖੀ ਗਤੀਵਿਧੀਆਂ ਨੇ ਅਜੇ ਜਲਵਾਯੂ ’ਤੇ ਕੋਈ ਖਾਸ ਅਸਰ ਪਾਉਣਾ ਸ਼ੁਰੂ ਨਹੀਂ ਕੀਤਾ ਸੀ। ਇਹ ਪਹਿਲੀ ਵਾਰ ਹੈ ਜਦੋਂ ਔਸਤ ਆਲਮੀ ਤਾਪਮਾਨ ਪੂਰੇ ਕੈਲੰਡਰ ਸਾਲ ਦੌਰਾਨ 1850-1900 ਦੇ ਔਸਤ ਨਾਲੋਂ 1.5 ਡਿਗਰੀ ਸੈਲਸੀਅਸ ਵੱਧ ਰਿਹਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਦੁਨੀਆ ਹੁਣ ਇੱਕ ਅਜਿਹੇ ਪੜਾਅ ਵਿੱਚ ਦਾਖ਼ਲ ਹੋ ਰਹੀ ਹੈ ਜਿੱਥੇ ਤਾਪਮਾਨ ਲਗਾਤਾਰ ਇਸ ਸੀਮਾ ਤੋਂ ਉੱਪਰ ਰਹੇਗਾ।
ਜਲਵਾਯੂ ਦੇ ਨਵੇਂ ਪੜਾਅ ’ਚ ਦਾਖ਼ਲ ਹੋ ਰਹੀ ਹੈ ਦੁਨੀਆ
ਵਾਤਾਵਰਨ ਪ੍ਰੇਮੀ ਅਤੇ ‘ਸਤਤ ਸੰਪਦਾ ਕਲਾਈਮੇਟ ਫਾਊਂਡੇਸ਼ਨ’ ਦੇ ਸੰਸਥਾਪਕ ਡਾਇਰੈਕਟਰ ਹਰਜੀਤ ਸਿੰਘ ਨੇ ਕਿਹਾ ਕਿ ਦੁਨੀਆ ਜਲਵਾਯੂ ਦੇ ਨਵੇਂ ਪੜਾਅ ਵਿੱਚ ਦਾਖ਼ਲ ਹੋ ਰਹੀ ਹੈ ਜਿੱਥੇ ਬਹੁਤ ਜ਼ਿਆਦਾ ਗਰਮੀ, ਤਬਾਹਕੁਨ ਹੜ੍ਹ ਅਤੇ ਤੇਜ਼ ਤੂਫਾਨ ਲਗਾਤਾਰ ਹੋਰ ਗੰਭੀਰ ਹੁੰਦੇ ਜਾਣਗੇ। ਸੰਯੁਕਤ ਰਾਸ਼ਟਰ ਦੀ ਜਲਵਾਯੂ ਵਿਗਿਆਨ ਏਜੰਸੀ ਆਈਪੀਸੀਸੀ ਦਾ ਕਹਿਣਾ ਹੈ ਕਿ ਤਾਪਮਾਨ ਵਿੱਚ ਵਾਧੇ ਨੂੰ 1.5 ਡਿਗਰੀ ਸੈਲਸੀਅਸ ਤੱਕ ਸੀਮਤ ਰੱਖਣ ਲਈ ਕਾਰਬਨ ਨਿਕਾਸੀ ਨੂੰ 2025 ਤੱਕ ਬਹੁਤ ਘੱਟ ਕਰਨਾ ਹੋਵੇਗਾ ਅਤੇ 2030 ਤੱਕ 43 ਫੀਸਦ ਅਤੇ 2035 ਤੱਕ 57 ਫੀਸਦ ਤੱਕ ਘੱਟ ਕਰਨਾ ਹੋਵੇਗਾ। -ਪੀਟੀਆਈ