ਮਲੂਕਪੁਰਾ ਮਾਈਨਰ ’ਚ 200 ਫੁੱਟ ਪਾੜ ਪਿਆ
ਸੁੰਦਰ ਨਾਥ ਆਰੀਆ
ਅਬੋਹਰ, 9 ਜੁਲਾਈ
ਪਹਾੜੀ ਸੂਬੇ ਹਿਮਾਚਲ ਪ੍ਰਦੇਸ਼ ਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਭਾਰੀ ਮੀਂਹ ਕਾਰਨ ਮਾਲਵਾ ਖੇਤਰ ਵਿੱਚ ਹੜ੍ਹਾਂ ਦਾ ਖ਼ਤਰਾ ਪੈਦਾ ਹੋ ਗਿਆ ਹੈ। ਪਿੱਛੋਂ ਪਾਣੀ ਦੇ ਵਹਾਅ ਨਾਲ ਇੱਥੇ ਸੀਤੋ ਗੁੰਨੋ ਰੋਡ ’ਤੇ ਟੌਲ ਪਲਾਜ਼ਾ ਨੇੜੇ ਅੱਜ ਸਵੇਰੇ ਮਲੂਕਪੁਰਾ ਮਾਈਨਰ ਇੱਕ ਵਾਰ ਫਿਰ ਟੁੱਟ ਗਈ ਜਿਸ ਕਾਰਨ ਆਲੇ-ਦੁਆਲੇ ਦੀ ਸੈਂਕੜੇ ਏਕੜ ਫ਼ਸਲ ਪਾਣੀ ਵਿੱਚ ਡੁੱਬ ਗਈ। ਦੂਜੇ ਪਾਸੇ ਕਿਸਾਨਾਂ ਨੇ ਦੋਸ਼ ਲਾਇਆ ਕਿ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਸਵੇਰੇ 5 ਵਜੇ ਦੇ ਕਰੀਬ ਨਹਿਰ ਟੁੱਟਣ ਦੀ ਸੂਚਨਾ ਦਿੱਤੀ ਗਈ ਸੀ ਪਰ ਤਿੰਨ ਘੰਟੇ ਤੱਕ ਵਿਭਾਗ ਦਾ ਕੋਈ ਅਧਿਕਾਰੀ ਮੌਕੇ ’ਤੇ ਨਹੀਂ ਪਹੁੰਚਿਆ। ਕਿਸਾਨਾਂ ਨੇ ਖੁਦ ਹੀ ਨਹਿਰ ਦੇ ਪਾੜ ਨੂੰ ਰੋਕਣ ਲਈ ਉਪਰਾਲੇ ਕੀਤੇ। ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਸੂਬਾਈ ਮੈਂਬਰ ਗੁਣਵੰਤ ਸਿੰਘ ਨੇ ਕਿਹਾ ਕਿ ਜਿੱਥੇ ਬਰਸਾਤ ਕਾਰਨ ਪਾਣੀ ਦਾ ਵਹਾਅ ਪਿੱਛੇ ਤੋਂ ਆ ਰਿਹਾ ਹੈ, ਉੱਥੇ ਹੀ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੇ ਨਹਿਰ ਵਿੱਚ ਜ਼ਿਆਦਾ ਪਾਣੀ ਛੱਡ ਦਿੱਤਾ ਜਿਸ ਕਾਰਨ ਨਹਿਰ ਟੁੱਟ ਗਈ। ਪਿੰਡ ਕੇਰਾਖੇੜਾ ਦੇ ਸਰਪੰਚ ਰਾਮ ਕੁਮਾਰ ਨੇ ਦੱਸਿਆ ਕਿ ਨਹਿਰ ਵਿੱਚ ਕਰੀਬ 200 ਫੁੱਟ ਪਾੜ ਪੈ ਗਿਆ ਹੈ ਜਿਸ ਕਾਰਨ ਕਰੀਬ 500-600 ਏਕੜ ਖੇਤਾਂ ਵਿੱਚ ਪਾਣੀ ਭਰ ਗਿਆ ਹੈ। ਨਰਮੇ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਵੇਗਾ। ਗੁਣਵੰਤ ਸਿੰਘ ਨੇ ਕਿਹਾ ਕਿ ਨਰਮੇ ਦੀ ਫ਼ਸਲ ਤਬਾਹ ਹੋਣ ਕਾਰਨ ਕਿਸਾਨਾਂ ਨੂੰ ਆਰਥਿਕ ਨੁਕਸਾਨ ਉਠਾਉਣਾ ਪਵੇਗਾ। ਇਸ ਦੇ ਨਾਲ ਹੀ ਹੁਣ ਨਹਿਰ ਦੀ ਮੁਰੰਮਤ ਵਿੱਚ ਵੀ ਲੰਮਾ ਸਮਾਂ ਲੱਗੇਗਾ, ਜਿਸ ਕਾਰਨ ਫ਼ਸਲਾਂ ਲਈ ਪਾਣੀ ਨਾ ਮਿਲਣ ਕਾਰਨ ਬਾਗ ਸੁੱਕ ਜਾਣਗੇ।
ਦੂਜੇ ਪਾਸੇ, ਨਹਿਰ ਟੁੱਟਣ ਦੀ ਸੂਚਨਾ ਮਿਲਣ ’ਤੇ ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਨੇ ਜਾਇਜ਼ਾ ਲਿਆ। ਉਨ੍ਹਾਂ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਨਹਿਰ ਦੀ ਜਲਦੀ ਤੋਂ ਜਲਦੀ ਮੁਰੰਮਤ ਕਰਵਾਈ ਜਾਵੇ। ਉਨ੍ਹਾਂ ਕਿਸਾਨਾਂ ਦੀ ਸ਼ਿਕਾਇਤ ’ਤੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਦੇ ਦੇਰੀ ਨਾਲ ਪੁੱਜਣ ਦੀ ਪੜਤਾਲ ਕਰਨ ਦਾ ਵੀ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਦਾ ਨੁਕਸਾਨ ਹੋਇਆ ਹੈ, ਉਸਦੀ ਰਿਪੋਰਟ ਤਿਆਰ ਕਰਕੇ ਸਰਕਾਰ ਨੂੰ ਭੇਜੀ ਜਾਵੇਗੀ। ਕਿਸਾਨ ਬਲਵੰਤ ਸਿੰਘ ਤੇ ਹੋਰਨਾਂ ਨੇ ਦੱਸਿਆ ਕਿ ਮਲੂਕਪੁਰਾ ਮਾਈਨਰ ’ਚ ਮਾਮੂਲੀ ਪਾੜ ਪੈਣ ਕਾਰਨ ਕਰੀਬ 500 ਤੋਂ 600 ਏਕੜ ਖੇਤਾਂ ਪਾਣੀ ਵਿੱਚ ਭਰ ਗਿਆ ਹੈ। ਇਹ ਮਾਈਨਰ 15ਵੀਂ ਵਾਰ ਟੁੱਟੀ ਹੈ। ਇਸ ਲਈ ਨਹਿਰੀ ਵਿਭਾਗ ਤੇ ਪ੍ਰਸ਼ਾਸਨ ’ਤੇ ਸਵਾਲ ਉੱਠ ਰਹੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਮਲੂਕਪੁਰਾ ਮਾਈਨਰ ਟੁੱਟਣ ਤੋਂ ਕਰੀਬ ਪੰਜ ਘੰਟੇ ਬਾਅਦ ਨਹਿਰੀ ਵਿਭਾਗ ਦੇ ਐਕਸੀਅਨ ਸੁਖਦੀਪ ਸਿੰਘ ਆਪਣੀ ਟੀਮ ਸਮੇਤ ਪਹੁੰਚੇ। ਇਸ ਕਾਰਨ ਕਿਸਾਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਮਾਈਨਰ ਵਿੱਚ ਪਾੜ ਪੈਣ ਕਾਰਨ ਫ਼ਸਲਾਂ ਤੋਂ ਇਲਾਵਾ ਆਲੇ-ਦੁਆਲੇ ਦੇ ਘਰਾਂ ਨੂੰ ਵੀ ਖਤਰਾ ਬਣਿਆ ਹੋਇਆ ਹੈ। ਫ਼ਸਲ ਦੇ ਨੁਕਸਾਨ ਵਧਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।
ਸਪੀਕਰ ਸੰਧਵਾਂ ਵੱਲੋਂ ਪ੍ਰਭਾਵਿਤ ਇਲਾਕਿਆਂ ਦਾ ਦੌਰਾ
ਕੋਟਕਪੂਰਾ (ਭਾਰਤ ਭੂਸ਼ਨ ਆਜ਼ਾਦ): ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਮੀਂਹ ਤੋਂ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਜ਼ਿਕਰਯੋਗ ਹੈ ਕਿ ਇਨ੍ਹਾਂ ਖੇਤਰਾਂ ਵਿੱਚ ਮੀਂਹ ਦਾ ਪਾਣੀ ਲੋਕਾਂ ਦੀਆਂ ਦੁਕਾਨਾਂ ਅਤੇ ਰਿਹਾਇਸ਼ੀ ਮਕਾਨਾਂ ਅੰਦਰ ਦਾਖ਼ਲ ਹੋ ਗਿਆ ਸੀ ਜਿਸ ਕਰਕੇ ਲੋਕਾਂ ਅੰਦਰ ਸਰਕਾਰ ਪ੍ਰਤੀ ਗੁੱਸਾ ਪਾਇਆ ਜਾ ਰਿਹਾ ਸੀ। ਇਸ ਮੌਕੇ ਸ੍ਰੀ ਸੰਧਵਾਂ ਨਾਲ ਡਿਪਟੀ ਕਮਿਸ਼ਨਰ ਫਰੀਦਕੋਟ ਵਿਨੀਤ ਕੁਮਾਰ ਵੀ ਮੌਜੂਦ ਸਨ। ਸ੍ਰੀ ਸੰਧਵਾਂ ਇਸ ਸ਼ਹਿਰ ’ਚੋਂ ਲੰਘਦੇ ਸਟੇਟ ਹਾਈਵੇਅ ਨੰਬਰ 16 ਲੁਧਿਆਣਾ-ਸ੍ਰੀ ਗੰਗਾਨਗਰ ਤੇ ਦੂਜੇ ਦਿਨ ਖੜ੍ਹੇ ਪਾਣੀ ਵਿੱਚ ਇਧਰ-ਓਧਰ ਘੁੰਮ ਕੇ ਮੁਆਇਨਾ ਕਰਦੇ ਵੇਖੇ ਗਏ ਪਰ ਦੇਰ ਸ਼ਾਮ ਤੱਕ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਨਹੀਂ ਹੋਏ। ਦੂਜੇ ਦਿਨ ਵੀ ਇਸ ਮਹੱਤਵਪੂਰਨ ਸਟੇਟ ਹਾਈਵੇ ਤੋਂ ਲੰਘਣ ’ਚ ਰਾਹਗੀਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦੁਕਾਨਦਾਰਾਂ ਨੇ ਵਿਧਾਇਕ ਸ੍ਰੀ ਸੰਧਵਾਂ ਕੋਲ ਪਾਣੀ ਦੀ ਨਿਕਾਸੀ ਅਤੇ ਨਾਲਿਆਂ ਦੀ ਸਫਾਈ ਸਮੇਂ ਤੋਂ ਪਹਿਲਾ ਨਾ ਕਰਵਾਉਣ ’ਤੇ ਰੋਸ ਜ਼ਾਹਿਰ ਕੀਤਾ। ਵਿਧਾਨ ਸਭਾ ਸਪੀਕਰ ਨੇ ਡਿਪਟੀ ਕਮਿਸ਼ਨਰ ਸਮੇਤ ਹੋਰ ਜ਼ਿਲ੍ਹਾ ਅਧਿਕਾਰੀਆਂ ਨੂੰ ਹੁਣ ਇਸ ਮਾਮਲੇ ’ਚ ਗੰਭੀਰਤਾ ਵਿਖਾਉਣ ਲਈ ਕਿਹਾ ਤੇ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਹਰ ਸੰਭਵ ਮਦਦ ਦੇਣ ਦੇ ਆਦੇਸ਼ ਦਿੱਤੇ। ਜ਼ਿਕਰਯੋਗ ਹੈ ਕਿ ਮੁਹੱਲਾ ਪ੍ਰੇਮ ਨਗਰ, ਪੁਰਾਣਾ ਸ਼ਹਿਰ, ਜੌੜੀਆਂ ਚੱਕੀਆਂ ਆਦਿ ਇਲਾਕਿਆਂ ਨੂੰ ਦੂਜੇ ਦਿਨ ਵੀ ਪਾਣੀ ਦੀ ਚਾਦਰ ਨੇ ਪੂਰੀ ਤਰ੍ਹਾਂ ਢੱਕ ਕੇ ਰੱਖਿਆ ਹੋਇਆ ਸੀ।
ਫਤਿਹਗੜ੍ਹ ਨੌਂ ਆਬਾਦ ਦੀ 45 ਏਕੜ ਫ਼ਸਲ ਪਾਣੀ ’ਚ ਡੁੱਬੀ
ਤਲਵੰਡੀ ਸਾਬੋ (ਜਗਜੀਤ ਸਿੰਘ ਸਿੱਧੂ): ਇਸ ਇਲਾਕੇ ਅੰਦਰ ਹੋਈ ਮੋਹਲੇਧਾਰ ਬਾਰਸ਼ ਦਾ ਪਾਣੀ ਜਿੱਥੇ ਪਿੰਡਾਂ ਦੇ ਛੱਪੜ ਅਤੇ ਸ਼ਹਿਰਾਂ ਦੇ ਸੀਵਰੇਜ਼ ਓਵਰਫਲੋਅ ਹੋ ਕੇ ਵੱਡੀ ਸਮੱਸਿਆ ਬਣਿਆ ਹੋਇਆ ਹੈ ਉੱਥੇ ਖੇਤਾਂ ਵਿੱਚ ਮੀਂਹ ਦੇ ਪਾਣੀ ’ਚ ਫ਼ਸਲਾਂ ਡੁੱਬ ਗਈਆਂ ਹਨ। ਫ਼ਸਲਾਂ ਦੇ ਖ਼ਰਾਬ ਹੋਣ ਦਾ ਖ਼ਦਸ਼ਾ ਬਣਿਆ ਹੋਇਆ ਹੈ। ਪਿੰਡ ਫਤਿਹਗੜ੍ਹ ਨੌਂ ਆਬਾਦ (ਨਵਾਂ ਪਿੰਡ) ਦੇ 45 ਏਕੜ ਦੇ ਕਰੀਬ ਰਕਬੇ ਵਿੱਚ ਮੀਂਹ ਪਾਣੀ ਭਰ ਗਿਆ ਜਿਸ ਕਰਕੇ ਕਿਸਾਨਾਂ ਦੀਆਂ ਝੋਨੇ, ਨਰਮੇ, ਮੂੰਗੀ ਆਦਿ ਦੀਆਂ ਫ਼ਸਲਾਂ ਅਤੇ ਹਰਾ-ਚਾਰਾ ਤੇ ਸਬਜ਼ੀਆਂ ਡੁੱਬ ਗਈਆਂ ਹਨ।
ਫਰੀਦਕੋਟ ਦੇ ਕਈ ਪਿੰਡਾਂ ਦਾ ਮੋਗਾ ਜ਼ਿਲ੍ਹੇ ਨਾਲੋਂ ਸੰਪਰਕ ਟੁੱਟਿਆ
ਸਮਾਲਸਰ (ਗੁਰਜੰਟ ਕਲਸੀ ਲੰਡੇ): ਬੀਤੇ ਦੋ ਦਿਨ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਪੰਜਾਬ ਵਿੱਚ, ਜਿਥੇ ਵੱਡੀ ਪੱਧਰ ’ਤੇ ਫ਼ਸਲਾਂ ਨੁਕਸਾਨੀਆਂ ਗਈਆਂ, ਉੱਥੇ ਕਈ ਥਾਵਾਂ ’ਤੇ ਸੜਕਾਂ, ਕੱਸੀਆਂ, ਕੱਚੇ ਰਸਤੇ ਆਦਿ ਟੁੱਟ ਗਏ ਹਨ। ਤੇਜ਼ ਬਾਰਸ਼ ਕਾਰਨ ਭਲੂਰ ਤੋਂ ਕੋਟਸੁਖੀਆ ਦੇ ਰਸਤੇ ਵਿੱਚ ਬਣੀ ਹੋਈ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਵਿਚਕਾਰ 40 ਫੁਟ ਦੇ ਕਰੀਬ ਪਾੜ ਪੈ ਗਿਆ ਅਤੇ ਫਰੀਦਕੋਟ ਦੇ ਪਿੰਡਾਂ ਦਾ ਮੋਗਾ ਜ਼ਿਲ੍ਹੇ ਦੇ ਪਿੰਡਾਂ ਨਾਲੋਂ ਸੰਪਰਕ ਟੁੱਟ ਗਿਆ। ਇਲਾਕੇ ਵਿੱਚ ਨਰਮਾ, ਮੂੰਗੀ ਦੀ ਫ਼ਸਲ ਤਾਂ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਈ ਹੈ। ਲੰਡਿਆਂ, ਮਾਹਲੇ ਕਲਾਂ, ਗਿੱਲਾਂ, ਕੋਟ ਸੁਖੀਏ, ਬੱਗੇਆਣਾ ਅਤੇ ਜੀਵਨ ਵਾਲਾ ਦੇ ਰਾਹ ਜਲਥਲ ਹੋ ਗਏ ਹਨ।