ਸ਼ੈੱਲਰ ’ਚੋਂ ਝੋਨੇ ਦੇ 200 ਗੱਟੇ ਚੋਰੀ
ਨਿੱਜੀ ਪੱਤਰ ਪ੍ਰੇਰਕ
ਤਪਾ, 12 ਨਵੰਬਰ
ਤਪਾ-ਆਲੀਕੇ ਰੋਡ ’ਤੇ ਸਥਿਤ ਐੱਸਪੀਐੱਸ ਰਾਈਸ ਮਿਲ ’ਚ ਚੋਰਾਂ ਨੇ 2 ਲੱਖ ਰੁਪਏ ਦੀ ਕੀਮਤ ਦੇ 200 ਗੱਟੇ ਝੋਨੇ ਦੇ ਚੋਰੀ ਲਏ। ਚੋਰਾਂ ਨੇ ਬਿਨਾਂ ਕਿਸੇ ਡਰ-ਭੈਅ ਦੇ ਗੱਟਿਆਂ ’ਚ ਝੋਨਾ ਆਪਣੀ ਗੱਡੀ ’ਚ ਢੇਰੀ ਕਰਕੇ ਸਬੂਤ ਮਿਟਾਉਣ ਦੇ ਮੰਤਵ ਨਾਲ ਬਚੇ ਬਾਰਦਾਨੇ ਨੂੰ ਅੱਗ ਲਾ ਕੇ ਸਾੜ ਦਿੱਤਾ। ਪੁਲੀਸ ਨੇ ਘਟਨਾ ਦੀ ਜਾਂਚ ਕਰਦਿਆਂ ਕੇਸ ਦਰਜ ਕਰ ਕੇ ਚੋਰਾਂ ਦੀ ਪੈੜ ਨੱਪਣ ਲਈ ਟੀਮ ਬਣਾ ਦਿੱਤੀ। ਸ਼ੈੱਲਰ ਮਾਲਕ ਸੁਨੀਲ ਕੁਮਾਰ ਕਾਲੇਕੇ ਨੇ ਦੱਸਿਆ ਕਿ ਉਨ੍ਹਾਂ ਦਾ ਮੁਨੀਮ ਜਦੋਂ ਅੱਜ ਸਵੇਰੇ ਸ਼ੈੱਲਰ ਵਿੱਚ ਝੋਨੇ ਦੇ ਚੱਕਿਆਂ ’ਤੇ ਗੇੜਾ ਮਾਰਨ ਗਿਆ ਤਾਂ ਉਸ ਨੂੰ ਚੱਕਿਆਂ ਉੱਪਰ ਝੋਨੇ ਦੇ ਗੱਟੇ ਘੱਟ ਨਜ਼ਰ ਆਏ ਤਾਂ ਉਸ ਨੇ ਚੱਕਿਆਂ ਉੱਪਰ ਚੜ੍ਹ ਕੇ ਦੇਖਿਆ ਤਾਂ ਵੱਡੀ ਗਿਣਤੀ ’ਚ ਝੋਨੇ ਦੇ ਗੱਟੇ ਗਾਇਬ ਪਾਏ ਸਨ। ਮੁਨੀਮ ਦਾ ਫੋਨ ਆਉਣ ’ਤੇ ਜਦੋਂ ਉਹ ਸ਼ੈਲਰ ਪਹੁੰਚੇ ਤਾਂ ਦੇਖਿਆ ਕਿ ਚੋਰ ਸ਼ੈਲਰ ਦੇ ਪਿਛਲੇ ਪਾਸੇ ਲੱਗਦੇ ਖੇਤਾਂ ਰਾਹੀਂ ਸ਼ੈਲਰ ਅੰਦਰ ਦਾਖ਼ਲ ਹੋਏ, ਜਿਨ੍ਹਾਂ ਝੋਨੇ ਦੇ ਗੱਟੇ ਚੋਰੀ ਕਰਨ ਉਪਰੰਤ ਸ਼ੈੱਲਰ ਤੋਂ ਲਗਪਗ 500 ਫੁੱਟ ਦੀ ਦੂਰੀ ਪਹਿਲਾਂ ਹੀ ਖੜ੍ਹੇ ਕੀਤੇ ਆਪਣੇ ਕਿਸੇ ਵਾਹਨ ਰਾਹੀਂ ਲੱਦ ਕੇ ਫਰਾਰ ਹੋ ਗਏ। ਇਸ ਤੋਂ ਬਾਅਦ ਚੋਰਾਂ ਨੇ ਝੋਨੇ ਨੂੰ ਆਪਣੇ ਵਾਹਨ ’ਚ ਢੇਰੀ ਕਰਕੇ ਖਾਲੀ ਕੀਤੇ ਗੱਟਿਆਂ ਨੂੰ ਸ਼ੈਲਰ ਤੋਂ ਕਰੀਬ ਇੱਕ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਲੰਘਦੇ ਸੂਏ ’ਚ ਸੁੱਟ ਕੇ ਅੱਗ ਲਗਾ ਕੇ ਸਾੜ ਦਿੱਤਾ। ਤਪਾ ਪੁਲੀਸ ਦੇ ਸਹਾਇਕ ਥਾਣੇਦਾਰ ਸਤਿਗੁਰ ਸਿੰਘ ਨੇ ਪੁਲੀਸ ਪਾਰਟੀ ਸਮੇਤ ਘਟਨਾ ਸਥਾਨ ਦਾ ਜਾਇਜ਼ਾ ਲਿਆ। ਇਸ ਸਬੰਧੀ ਥਾਣਾ ਮੁਖੀ ਸੰਦੀਪ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਇਸ ਚੋਰੀ ਦੀ ਘਟਨਾ ਨੂੰ ਲੈ ਕੇ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।