ਰਜਵਾਹੇ ’ਚ ਪਾੜ ਪੈਣ ਕਾਰਨ 20 ਏਕੜ ਝੋਨਾ ਡੁੱਬਿਆ
ਡੀਪੀਐੱਸ ਬੱਤਰਾ
ਸਮਰਾਲਾ, 23 ਜੂਨ
ਪਿੰਡ ਮਹਿਦੂਦਾਂ ਦੇ ਰਜਵਾਹੇ ਵਿੱਚ 10 ਤੋਂ 15 ਫੁੱਟ ਦਾ ਚੌੜਾ ਪਾੜ ਪਾ ਪੈਣ ਕਾਰਨ 20 ਏਕੜ ਰਕਬੇ ਵਿੱਚ ਲਾਇਆ ਝੋਨਾ ਡੁੱਬ ਗਿਆ ਜਦਕਿ 50 ਏਕੜ ਦੇ ਕਰੀਬ ਖੇਤਾਂ ਵਿੱਚ ਪਾਣੀ ਭਰ ਗਿਆ ਹੈ। ਪ੍ਰਭਾਵਿਤ ਕਿਸਾਨ ਗੁਰਮੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ ਪੱਕਾ ਕੀਤਾ ਇਹ ਰਜਵਾਹਾ ਪਹਿਲੀ ਵਾਰ ਪਾਣੀ ਛੱਡਣ ‘ਤੇ ਹੀ ਟੁੱਟ ਗਿਆ ਹੈ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ 20 ਸਾਲ ਪਹਿਲਾ ਵੀ ਪਾਣੀ ਬੰਦ ਕਰਵਾਇਆ ਸੀ ਕਿਉਂਕਿ ਇਥੇ ਰਜਵਾਹੇ ਦੇ ਪਾਣੀ ਕਾਰਨ ਹਰ ਵਾਰ ਹੀ ਉਨ੍ਹਾਂ ਦਾ ਨੁਕਸਾਨ ਹੁੰਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਜਿੱਥੇ ਦੋ-ਤਿੰਨ ਦਿਨ ਪਹਿਲਾ ਹੀ ਬੀਜੀ ਝੋਨੇ ਦੀ ਫ਼ਸਲ ਬਰਬਾਦ ਹੋਈ ਹੈ, ਉੱਥੇ ਖੇਤਾਂ ਵਿੱਚ ਪਾਣੀ ਖੜ੍ਹ ਜਾਣ ਕਾਰਨ ਫ਼ਸਲ ਦਸ ਦਿਨ ਲੇਟ ਬੀਜ ਹੋਵੇਗੀ। ਉਨ੍ਹਾਂ ਖਦਸ਼ਾ ਪ੍ਰਗਟ ਕੀਤਾ ਹੈ ਕਿ ਇਸ ਰਜਵਾਹੇ ਨੂੰ ਪੱਕਾ ਕਰਨ ਸਮੇਂ ਘਟੀਆ ਮਟੀਰੀਅਲ ਵਰਤਿਆ ਗਿਆ ਹੋ ਸਕਦਾ ਹੈ ਜਿਸ ਦੀ ਪੜਤਾਲ ਹੋਣੀ ਚਾਹੀਦੀ ਹੈ।
ਕਿਸਾਨਾਂ ਵੱਲੋਂ ਮੋਘੇ ਬੰਦ ਕਰਨ ‘ਤੇ ਪਾਣੀ ਹੋਇਆ ਓਵਰਫਲੋਅ: ਜੇਈ
ਸਮਰਾਲਾ-ਪਿੰਡ ਮਹਿਦੂਦਾ ਵਿੱਚ ਰਜਵਾਹੇ ਵਿੱਚ ਪਏ ਪਾੜ ਤੋਂ ਬਾਅਦ ਮੌਕੇ ‘ਤੇ ਪਹੁੰਚੇ ਜਲ ਸਰੋਤ ਵਿਭਾਗ ਦੇ ਜੇਈ ਨੀਰਜ ਨੇ ਦੱਸਿਆ ਕਿ ਲੋਕਾਂ ਵੱਲੋਂ ਆਈ ਮੰਗ ਅਨੁਸਾਰ ਰਜਵਾਹੇ ਵਿੱਚ ਪਾਣੀ ਛੱਡਿਆ ਗਿਆ ਸੀ ਪਰ ਕਿਸਾਨਾਂ ਨੇ ਸਿਰਫ ਇਕ-ਇਕ ਘੰਟਾ ਪਾਣੀ ਲੈ ਆਪਣੇ ਮੋਘੇ ਬੰਦ ਕਰ ਲਏ, ਜਿਸ ਕਾਰਨ ਪਾਣੀ ਓਵਰਫਲੋਅ ਹੋ ਗਿਆ ਪਰ ਹੁਣ ਪਾਣੀ ਨੂੰ ਪਿੱਛੋਂ ਹੀ ਬੰਦ ਕਰ ਦਿੱਤਾ ਗਿਆ ਹੈ।