ਮੋਗਾ ਵਿੱਚ ਖ਼ਾਲਿਸਤਾਨੀ ਝੰਡਾ ਲਹਿਰਾਉਣ ਵਾਲਾ +2 ਦਾ ਵਿਦਿਆਰਥੀ ਗ੍ਰਿਫ਼ਤਾਰ; ਬਾਕੀ ਦੋ ਮੁਲਜ਼ਮਾਂ ਵਿੱਚੋਂ ਇਕ ਥਾਣੇਦਾਰ ਦਾ ਪੁੱਤ
ਮਹਿੰਦਰ ਸਿੰਘ ਰੱਤੀਆਂ
ਮੋਗਾ, 20 ਅਗਸਤ
ਇਥੇ ਜ਼ਿਲ੍ਹਾ ਸਕੱਤਰੇਤ ਦੀ ਇਮਾਰਤ ਉੱਤੇ ਖ਼ਾਲਿਸਤਾਨੀ ਝੰਡਾ ਝੁਲਾਉਣ ਅਤੇ ਤਿਰੰਗੇ ਦੀ ਬੇਅਦਬੀ ਮਾਮਲੇ ਵਿੱਚ 12ਵੀਂ ਦੇ ਵਿਦਿਆਰਥੀ ਨੂੰ ਗ੍ਰਿਫ਼ਤਾਰ ਅਤੇ ਇੱਕ ਪੁਲੀਸ ਇੰਸਪੈਕਟਰ ਦੇ ਪੁੱਤ ਸਣੇ ਦੋ ਹੋਰ ਨੌਜਵਾਨਾਂ ਨੂੰ ਨਾਮਜ਼ਦ ਕੀਤਾ ਹੈ। ਗ੍ਰਿਫ਼ਤਾਰ ਨੌਜਵਾਨ ਨੇ ਝੰਡਾ ਝੁਲਾਉਣ ਦੀ ਵੀਡੀਓ ਬਣਾਈ ਸੀ। ਝੰਡਾ ਝੁਲਾਉਣ ਮਗਰੋਂ ਇੱਕ ਮੁਲਜਮ ਨੇ ਹਾਕਮ ਧਿਰ ਦੇ ਵਿਧਾਇਕ ਨੂੰ ਫੋਨ ਵੀ ਕਰਨ ਦੀ ਚਰਚਾ ਹੈ। ਜ਼ਿਲ੍ਹਾ ਪੁਲੀਸ ਮੁਖੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਜ਼ਿਲ੍ਹਾ ਸਕੱਤਰੇਤ ਦੀ ਇਮਾਰਤ ਉੱਤੇ ਖ਼ਾਲਿਸਤਾਨੀ ਝੰਡਾ ਝੁਲਾਉਣ ਅਤੇ ਤਿਰੰਗੇ ਦੀ ਬੇਅਦਬੀ ਮਾਮਲੇ ਵਿੱਚ ਵੀਡੀਓ ਬਣਾਉਣ ਵਾਲੇ ਨੌਜਵਾਨ ਅਕਾਸ਼ਦੀਪ ਸਿੰਘ (19) ਪਿੰਡ ਸਾਧੂਵਾਲਾ (ਜ਼ੀਰਾ) ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਸਪਾਲ ਸਿੰਘ ਉਰਫ਼ ਰਿੰਪਾ ਤੇ ਇੰਦਰਜੀਤ ਸਿੰਘ ਗਿੱਲ ਦੋਵੇਂ ਪਿੰਡ ਰੌਲੀ (ਮੋਗਾ) ਨੂੰ ਨਾਮਜ਼ਦ ਕੀਤਾ ਗਿਆ ਹੈ। ਦੋਵਾਂ ਦੀ ਗ੍ਰਿਫ਼ਤਾਰੀ ਲਈ ਪੁਲੀਸ ਛਾਪੇ ਜਾਰੀ ਹਨ। ਅਕਾਸ਼ਦੀਪ ਸਿੰਘ 12ਵੀਂ ਦਾ ਵਿਦਿਆਰਥੀ ਅਤੇ ਜਸਪਾਲ ਸਿੰਘ ਉਰਫ਼ ਰਿੰਪਾ ਦਾ ਪਿਤਾ ਪੰਜਾਬ ਪੁਲੀਸ ਵਿੱਚ ਇੰਸਪੈਕਟਰ ਹੈ ਅਤੇ ਇਹ ਆਪਸ ਵਿੱਚ ਮਾਮੇ-ਭੂਆ ਦੇ ਪੁੱਤ ਹਨ। ਝੰਡਾ ਝੁਲਾਉਣ ਮਗਰੋਂ ਰਿੰਪਾਂ ਤੇ ਗਿੱਲ ਦੋਵੇਂ ਪਿੰਡ ਪੱਖੋਵਾਲ (ਲੁਧਿਆਣਾ) ਵਿਖੇ ਜੱਗਾ ਸਿੰਘ ਕੋਲ ਚਲੇ ਗਏ, ਜੋ ਗਿੱਲ ਦਾ ਰਿਸ਼ਤੇਦਾਰ ਹੈ। ਇਹ ਨੌਜਵਾਨ ਭਾਰਤ ਵੱਲੋਂ ਅਤਿਵਾਦੀ ਐਲਾਨੇ ਜਾ ਚੁੱਕੇ ਸਿੱਖਸ ਫਾਰ ਜਸਟਿਸ ਜਥੇਬੰਦੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਵੱਲੋਂ ਖਾਲਿਸਤਾਨੀ ਝੰਡਾ ਲਹਿਰਾਉਣ ਵਾਲੇ ਨੂੰ 2500 ਡਾਲਰ ਦੇਣ ਦੇ ਐਲਾਨ ਤੋਂ ਲਾਲਚ ਵਿੱਚ ਆ ਗਏ ਸਨ।
ਐੱਸਪੀ(ਆਈ) ਜਗਤਪ੍ਰੀਤ ਸਿੰਘ ਨੇ ਦੱਸਿਆ ਕਿ ਅਕਾਸ਼ਦੀਪ ਸਿੰਘ ਤੋਂ ਪੁਲੀਸ ਰਿਮਾਂਡ ਦੌਰਾਨ ਪੁੱਛ-ਪੜਤਾਲ ਕੀਤੀ ਜਾਵੇਗੀ।