ਭਵਾਨੀਗੜ੍ਹ ਵਿੱਚ ਪੀਆਰਟੀਸੀ ਦੀ ਵੋਲਵੋ ਬੱਸ ਪਲਟਣ ਕਾਰਨ 2 ਹਲਾਕ, 30 ਜ਼ਖ਼ਮੀ
ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 5 ਅਕਤੂਬਰ
PRTC Volvo Bus Accident: ਚੰਡੀਗੜ੍ਹ ਤੋਂ ਬਠਿੰਡਾ ਜਾ ਰਹੀ ਪੀਆਰਟੀਸੀ ਦੀ ਇਕ ਵੋਲਵੋ ਬੱਸ ਸ਼ੁੱਕਰਵਾਰ ਦੇਰ ਸ਼ਾਮ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਵਿਚ ਭਵਾਨੀਗੜ੍ਹ ਨੇੜੇ ਪਿੰਡ ਬਾਲਦ ਕਲਾਂ ਦੇ ਕੋਲ ਇਕ ਟੈਂਪੂ ਨੂੰ ਬਚਾਉਂਦੀ ਹੋਈ ਸੜਕ ਕੰਢੇ ਖਤਾਨਾਂ ਵਿਚ ਉਲਟ ਗਈ। ਇਸ ਹਾਦਸੇ ਵਿਚ ਇਕ ਔਰਤ ਸਮੇਤ ਦੋ ਸਵਾਰੀਆਂ ਦੀ ਮੌਤ ਹੋ ਗਈ ਜਦੋਂਕਿ ਹੋਰ 30 ਤੋਂ ਜ਼ਿਆਦਾ ਜ਼ਖ਼ਮੀ ਹੋ ਗਏ ਹਨ।
ਮ੍ਰਿਤਕਾਂ ਦੀ ਪਛਾਣ ਰਾਜਿੰਦਰ ਕੁਮਾਰ (28) ਪੁੱਤਰ ਰਾਮ ਸੁਭਾਗ, ਵਾਸੀ ਪਿੰਡ ਬਾਲਦ ਕਲਾਂ ਅਤੇ ਗੁਰਪ੍ਰੀਤ ਕੌਰ (50) ਵਾਸੀ ਪਿੰਡ ਤੁੰਗਵਾਲੀ, ਜ਼ਿਲ੍ਹਾ ਬਠਿੰਡਾ ਵਜੋਂ ਹੋਈ ਹੈ। ਹਾਦਸੇ ਤੋਂ ਫ਼ੌਰੀ ਬਾਅਦ ਐੱਸਟੀਐੱਫ ਟੀਮ ਅਤੇ ਰਾਹਗੀਰ ਮੌਕੇ ਉਤੇ ਪੁੱਜੇ ਅਤੇ ਮੁਸਾਫ਼ਰਾਂ ਨੂੰ ਬੱਸ ਤੋਂ ਬਾਹਰ ਕੱਢਿਆ ਤੇ ਜ਼ਖ਼ਮੀਆਂ ਨੂੰ ਭਵਾਨੀਗੜ੍ਹ ਦੇ ਸਿਵਲ ਹਸਪਤਾਲ ਪਹੁੰਚਾਇਆ।
ਜ਼ਖ਼ਮੀਆਂ ਵਿਚੋਂ 19 ਮੁਸਾਫ਼ਰਾਂ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ, ਜਿਨ੍ਹਾਂ ਵਿਚੋਂ 16 ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਰੈਫਰ ਕੀਤਾ ਗਿਆ ਹੈ ਤੇ ਤਿੰਨ ਨੂੰ ਸਿਵਲ ਹਸਪਤਾਲ ਸੰਗਰੂਰ ਰੈਫਰ ਕੀਤਾ ਗਿਆ ਹੈ। ਬਾਕੀ ਮਾਮੂਲੀ ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਦੇ ਕੇ ਘਰ ਭੇਜ ਦਿੱਤਾ ਗਿਆ।
ਬਠਿੰਡਾ ਜਾ ਰਹੀ ਬੱਸ ਜਦੋਂ ਹਨੀ ਢਾਬੇ ਕੋਲ ਪੁੱਜੀ ਤਾਂ ਅਚਾਨਕ ਸੜਕ ਉਤੇ ਇਕ ਟੈਂਕਰ ਆ ਗਿਆ, ਜਿਸ ਨੂੰ ਓਵਰਟੇਕ ਕਰਦਿਆਂ ਬੱਸ ਡਰਾਈਵਰ ਤੋਂ ਬੇਕਾਬੂ ਹੋ ਕੇ ਸੜਕ ਕੰਢੇ ਉਲਟ ਗਈ।