2 HMPV cases confirmed: ਕਰਨਾਟਕ ਵਿੱਚ ਐੱਚਐੱਮਪੀਵੀ ਦੇ ਦੋ ਮਾਮਲਿਆਂ ਦੀ ਪੁਸ਼ਟੀ ਹੋਈ
ਨਵੀਂ ਦਿੱਲੀ, 6 ਜਨਵਰੀ
ਭਾਰਤੀ ਆਯੁਰਵਿਗਿਆਨ ਖੋਜ ਕੌਂਸਲ (ਆਈਸੀਐੱਮਆਰ) ਨੇ ਕਰਨਾਟਕ ਵਿੱਚ ਹਿਊਮਨ ਮੈਟਾਨਿਊਮੋਵਾਇਰਸ (ਐੱਚਐੱਮਪੀਵੀ) ਦੇ ਦੋ ਮਾਮਲਿਆਂ ਦਾ ਪਤਾ ਲਗਾਇਆ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਅੱਜ ਇਹ ਜਾਣਕਾਰੀ ਦਿੱਤੀ।
ਮੰਤਰਾਲੇ ਨੇ ਦੱਸਿਆ ਕਿ ਤਿੰਨ ਮਹੀਨਿਆਂ ਦੀ ਬੱਚੀ ਨੂੰ ‘ਬਰੋਂਕੋਨਿਊਮੋਨੀਆ’ ਦੀ ਸ਼ਿਕਾਇਤ ਸੀ ਅਤੇ ਉੁਸ ਨੂੰ ਬੰਗਲੂਰੂ ਦੇ ਬੈਪਟਿਸਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਸ ਦੇ ਐੱਚਐੱਮਪੀਪੀ ਤੋਂ ਪੀੜਤ ਹੋਣ ਦਾ ਪਤਾ ਲੱਗਾ ਸੀ। ਉਸ ਨੂੰ ਪਹਿਲਾਂ ਹੀ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।
‘ਬਰੋਂਕੋਨਿਊਮੋਨੀਆ’ ਤੋਂ ਪੀੜਤ ਅੱਠ ਮਹੀਨੇ ਦੇ ਇਕ ਬੱਚੇ ਨੂੰ 3 ਜਨਵਰੀ ਨੂੰ ਬੈਪਟਿਸਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ, ਜਿਸ ਮਗਰੋਂ ਜਾਂਚ ਵਿੱਚ ਉਸ ਦੇ ਐੱਚਐੱਮਪੀਵੀ ਤੋਂ ਪੀੜਤ ਹੋਣ ਦਾ ਪਤਾ ਲੱਗਾ। ਦੱਸਿਆ ਜਾਂਦਾ ਹੈ ਕਿ ਬੱਚੇ ਦੀ ਸਿਹਤ ਵਿੱਚ ਹੁਣ ਸੁਧਾਰ ਹੈ।
ਮੰਤਰਾਲੇ ਨੇ ਕਿਹਾ ਕਿ ਇਹ ਧਿਆਨ ਰੱਖਣਾ ਜ਼ਰੂਰੀ ਹੈ ਕਿ ਦੋਵੇਂ ਮਰੀਜ਼ਾਂ ਦਾ ਕੋਈ ਕੌਮਾਂਤਰੀ ਯਾਤਰਾ ਦਾ ਇਤਿਹਾਸ ਨਹੀਂ ਹੈ। ਮੰਤਰਾਲੇ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਐੱਚਐੱਮਪੀਵੀ ਦੀ ਲਾਗ ਪਹਿਲਾਂ ਤੋਂ ਹੀ ਭਾਰਤ ਸਣੇ ਕਈ ਦੇਸ਼ਾਂ ਵਿੱਚ ਫੈਲ ਰਹੀ ੲੈ ਅਤੇ ਵੱਖ ਵੱਖ ਦੇਸ਼ਾਂ ਵਿੱਚ ਇਸ ਨਾਲ ਸਬੰਧਤ ਸਾਹ ਸਬੰਧੀ ਬਿਮਾਰੀਆਂ ਦੇ ਮਾਮਲੇ ਸਾਹਮਣੇ ਆਏ ਹਨ।
ਮੰਤਰਾਲੇ ਨੇ ਕਿਹਾ ਕਿ ਇਸ ਤੋਂ ਇਲਾਵਾ, ਆਈਸੀਐੱਮਆਰ ਅਤੇ ਏਕੀਕ੍ਰਿਤ ਰੋਗ ਨਿਗਰਾਨੀ ਪ੍ਰੋਗਰਾਮ (ਆਈਡੀਐੱਸਪੀ) ਨੈੱਟਵਰਕ ਦੇ ਮੌਜੂਦ ਅੰਕੜਿਆਂ ਦੇ ਆਧਾਰ ’ਤੇ ਇਹ ਪਤਾ ਲੱਗਦਾ ਹੈ ਕਿ ਦੇਸ਼ ਵਿੱਚ ਇਨਫਲੂਏਂਜ਼ਾ ਵਰਗੀ ਬਿਮਾਰ (ਆਈਐੱਲਆਈ) ਜਾਂ ਗੰਭੀਰ ਤੇਜ਼ ਸਾਹ ਦੀ ਬਿਮਾਰ (ਐੱਸਆਰਆਈ) ਦੇ ਮਾਮਲਿਆਂ ਵਿੱਚ ਕੋਈ ਅਸਾਧਾਰਨ ਵਾਧਾ ਨਹੀਂ ਹੋਇਆ ਹੈ।
ਮੰਤਰਾਲੇ ਨੇ ਕਿਹਾ ਕਿ ਉਹ ਸਾਰੇ ਉਪਲਬਧ ਨਿਗਰਾਨੀ ਮਾਧਿਅਮਾਂ ਰਾਹੀਂ ਸਥਿਤੀ ਦੀ ਨਿਗਰਾਨੀ ਕਰ ਰਿਹਾ ਹੈ ਅਤੇ ਆਈਸੀਐੱਮਆਰ ਪੂਰੇ ਸਾਲ ਐੱਚਐੱਮਪੀਵੀ ਲਾਗ ਦੇ ਰੁਝਾਨਾਂ ’ਤੇ ਨਜ਼ਰ ਰੱਖੇਗਾ। ਵਿਸ਼ਵ ਸਿਹਤ ਸੰਸਥਾ ਪਹਿਲਾਂ ਤੋਂ ਹੀ ਚੀਨ ਵਿੱਚ ਹਾਲਾਤ ਬਾਰੇ ਸਮੇਂ ’ਤੇ ਸੂਚਨਾਵਾਂ ਦੇ ਰਿਹਾ ਹੈ ਤਾਂ ਜੋ ਲਾਗ ਤੋਂ ਬਚਾਅ ਦੇ ਉਪਾਵਾਂ ਬਾਰੇ ਹੋਰ ਵਧੇਰੇ ਜਾਣਕਾਰੀ ਮਿਲ ਸਕੇ। ਮੰਤਰਾਲੇ ਨੇ ਕਿਹਾ ਕਿ ਦੇਸ਼ ਭਰ ਵਿੱਚ ਹਾਲ ’ਚ ਕੀਤੀਆਂ ਗਈਆਂ ਤਿਆਰੀਆਂ ਤੋਂ ਪਤਾ ਲੱਗਦਾ ਹੈ ਕਿ ਭਾਰਤ ਸਾਹ ਸਬੰਧੀ ਬਿਮਾਰੀਆਂ ਵਿੱਚ ਕਿਸੇ ਵੀ ਸੰਭਾਵੀ ਵਾਧੇ ਤੋਂ ਨਜਿੱਠਣ ਲਈ ਤਿਆਰ ਹੈ ਅਤੇ ਲੋੜ ਪੈਣ ’ਤੇ ਜਨਤਕ ਸਿਹਤ ਉਪਾਅ ਤੁਰੰਤ ਲਾਗੂ ਕੀਤੇ ਜਾ ਸਕਦੇ ਹਨ। -ਪੀਟੀਆਈ