ਸਵੈ-ਸਹਾਇਤਾ ਗਰੁੱਪ ਦੀਆਂ ਔਰਤਾਂ ਨੂੰ 2 ਡਰੋਨ ਦਿੱਤੇ
ਗੁਰਦੀਪ ਸਿੰਘ ਲਾਲੀ
ਸੰਗਰੂਰ, 11 ਜਨਵਰੀ
ਕੇਂਦਰ ਸਰਕਾਰ ਦੀ ਯੋਜਨਾ ‘ਨਮੋ ਡਰੋਨ ਦੀਦੀ’ ਦੇ ਤਹਿਤ 2 ਡਰੋਨ ਦਿੱਤੇ ਗਏ ਹਨ, ਜਿਨ੍ਹਾਂ ਵਿੱਚ ਈ-ਰਿਕਸ਼ਾ, ਜੈਨਰੇਟਰ ਅਤੇ ਡਰੋਨ ਸ਼ਾਮਲ ਹਨ ਹੁਣ ਤੱਕ ਜ਼ਿਲ੍ਹੇ ਵਿੱਚ ਅਜਿਹੇ 2 ਸੈੱਟ ਦਿੱਤੇ ਜਾ ਚੁੱਕੇ ਹਨ, ਜਿਨ੍ਹਾਂ ਦੀ ਕੀਮਤ ਲਗਭਗ 30 ਲੱਖ ਰੁਪਏ ਹੈ। ਇਹ ਸਕੀਮ ਸਿਰਫ਼ ਸਵੈ-ਸਹਾਇਤਾ ਸਮੂਹਾਂ ਦੀਆਂ ਔਰਤਾਂ ਨੂੰ ਹੀ ਦਿੱਤੀ ਜਾਂਦੀ ਹੈ। ਇਹ ਜਾਣਕਾਰੀ ਦਿੰਦਿਆਂ ਉਮੀਦ ਫਾਊਂਡੇਸ਼ਨ ਦੇ ਚੇਅਰਮੈਨ ਤੇ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਅਰਵਿੰਦ ਖੰਨਾ ਨੇ ਦੱਸਿਆ ਕਿ ਜਿਨ੍ਹਾਂ ਔਰਤਾਂ ਨੂੰ ਇਹ ਸਕੀਮ ਦਿੱਤੀ ਗਈ ਹੈ, ਉਹ ਉਮੀਦ ਫਾਊਂਡੇਸ਼ਨ ਦੁਆਰਾ ਚਲਾਏ ਜਾ ਰਹੇ ਭੈਣਾਂ ਦੀ ਉਮੀਦ ਸਵੈ-ਸਹਾਇਤਾ ਸਮੂਹ ਦੀਆਂ ਮੈਂਬਰ ਹਨ, ਜਿਸ ਵਿੱਚ ਪ੍ਰਭਜੋਤ ਕੌਰ ਪਤਨੀ ਡਿਪਟੀ ਸਿੰਘ ਪਿੰਡ ਪੰਨਵਾਂ, ਬਲਾਕ ਭਵਾਨੀਗੜ੍ਹ ਅਤੇ ਰਜਨੀ ਸ਼ਰਮਾ ਪਤਨੀ ਜਤਿੰਦਰ ਸਿੰਘ ਗਿੱਲ, ਪਿੰਡ ਤਰੰਜੀ ਖੇੜਾ, ਬਲਾਕ ਦਿੜਬਾ ਨੂੰ ਇਫਕੋ ਫਰਟੀਲਾਈਜ਼ਰ ਵੱਲੋਂ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ‘ਨਮੋ ਡਰੋਨ ਦੀਦੀ’ ਯੋਜਨਾ ਤਹਿਤ ਪਿੰਡ ਮੰਡੇਰ ਕਲਾਂ ਦੀ ਹਰਪ੍ਰੀਤ ਕੌਰ ਪਤਨੀ ਸੁਖਜਿੰਦਰ ਸਿੰਘ ਨੂੰ ਇੱਕ ਡਰੋਨ ਦਿੱਤਾ ਗਿਆ ਸੀ। ਖੰਨਾ ਨੇ ਡਰੋਨ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਡਰੋਨ ਦੀ ਮਦਦ ਨਾਲ ਇੱਕ ਔਰਤ 4,000 ਏਕੜ ਜ਼ਮੀਨ ’ਤੇ ਸਪਰੇਅ ਕਰ ਸਕਦੀ ਹੈ ਅਤੇ 250 ਤੋਂ 300 ਰੁਪਏ ਪ੍ਰਤੀ ਏਕੜ ਕਮਾ ਸਕਦੀ ਹੈ, ਇਸ ਲਈ ਉਹ ਸਾਲਾਨਾ 12 ਲੱਖ ਰੁਪਏ ਤੱਕ ਕਮਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇੱਕ ਏਕੜ ਵਿੱਚ ਸਪਰੇਅ ਕਰਨ ਵਿੱਚ 7 ਤੋਂ 10 ਮਿੰਟ ਲੱਗਦੇ ਹਨ। ਖੰਨਾ ਨੇ ਕਿਹਾ ਕਿ ਇਸ ਨਾਲ ਰੁਜ਼ਗਾਰ ਦੇ ਮੌਕੇ ਵੀ ਮਿਲਣਗੇ ਤੇ ਸੰਸਥਾ ਭਵਿੱਖ ਵਿੱਚ ਵੀ ਅਜਿਹੇ ਕੰਮ ਜਾਰੀ ਰੱਖੇਗੀ। ਉਨ੍ਹਾਂ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਇਫਕੋ ਦੇ ਜ਼ਿਲ੍ਹਾ ਫੀਲਡ ਮੈਨੇਜਰ ਦਿਨੇਸ਼ ਕੁਮਾਰ, ਉਮੀਦ ਸੰਸਥਾ ਦੇ ਕੋਆਰਡੀਨੇਟਰ ਰਾਜਵਿੰਦਰ ਕੌਰ ਹਾਜ਼ਰ ਸਨ।