ਗੁੱਜਰ ਭਾਈਚਾਰੇ ਦੀਆਂ 2 ਦਰਜਨ ਮੱਝਾਂ ਰੁੜ੍ਹੀਆਂ; 6 ਦੀ ਮੌਤ
ਸੰਤੋਖ ਗਿੱਲ
ਰਾਏਕੋਟ, 21 ਜੁਲਾਈ
ਥਾਣਾ ਸਦਰ ਰਾਏਕੋਟ ਅਧੀਨ ਪਿੰਡ ਕੁਤਬਾ ਵਿੱਚ ਪਿਛਲੇ ਲੰਬੇ ਸਮੇਂ ਤੋਂ ਦੁੱਧ ਦਾ ਕਾਰੋਬਾਰ ਕਰਨ ਵਾਲੇ ਗੁੱਜਰ ਭਾਈਚਾਰੇ ਦੀਆਂ ਦੋ ਦਰਜਨ ਮੱਝਾਂ ਬਠਿੰਡਾ ਬਰਾਂਚ ਨਹਿਰ ਵਿੱਚ ਰੁੜ੍ਹ ਗਈਆਂ ਪਰ ਲੋਕਾਂ ਦੀ ਮਦਦ ਨਾਲ ਕਰੀਬ ਡੇਢ ਦਰਜਨ ਮੱਝਾਂ ਨੂੰ ਨਹਿਰੀ ਪਾਣੀ ਦੇ ਤੇਜ਼ ਵਹਾਅ ਤੋਂ ਬਚਾ ਲਿਆ ਗਿਆ, ਹਾਲਾਂਕਿ 6 ਮੱਝਾਂ ਦੀ ਡੁੱਬਣ ਕਾਰਨ ਮੌਤ ਹੋ ਗਈ। ਪੀੜਤ ਮੁਹੰਮਦ ਖ਼ਾਨ ਨੇ ਦੱਸਿਆ ਕਿ ਰੋਜ਼ਾਨਾ ਵਾਂਗ ਬਾਅਦ ਦੁਪਹਿਰ ਨਹਿਰ ਕਨਿਾਰੇ ਮੱਝਾਂ ਨੂੰ ਚਾਰਨ ਲਈ ਲੈ ਕੇ ਗਏ ਸੀ, ਪਰ ਗਰਮੀ ਜ਼ਿਆਦਾ ਹੋਣ ਕਾਰਨ ਪਾਣੀ ਪੀਣ ਲਈ ਮੱਝਾਂ ਨਹਿਰ ਵਿੱਚ ਚਲੀਆਂ ਗਈਆਂ। ਪਰ ਪਾਣੀ ਦੇ ਤੇਜ਼ ਵਹਾਅ ਅੱਗੇ ਉਨ੍ਹਾਂ ਦੀ ਕੋਈ ਵਾਹ ਨਾ ਚਲਦੀ ਦੇਖ ਕੇ ਜਦੋਂ ਰੌਲਾ ਪਾਇਆ ਤਾਂ ਲੋਕਾਂ ਦੀ ਮਦਦ ਨਾਲ ਡੇਢ ਦਰਜਨ ਦੇ ਕਰੀਬ ਮੱਝਾਂ ਨੂੰ ਬਚਾਅ ਲਿਆ ਗਿਆ, ਪਰ 6 ਮੱਝਾਂ ਦੀ ਡੁੱਬਣ ਕਾਰਨ ਮੌਤ ਹੋ ਗਈ। ਸੂਚਨਾ ਮਿਲਣ ’ਤੇ ਥਾਣਾ ਸਦਰ ਰਾਏਕੋਟ ਦੇ ਮੁਖੀ ਸਬ ਇੰਸਪੈਕਟਰ ਹਰਦੀਪ ਸਿੰਘ ਅਤੇ ਪੁਲਿਸ ਚੌਕੀ ਜਲਾਲਦੀਵਾਲ ਦੇ ਇੰਚਾਰਜ ਸਬ ਇੰਸਪੈਕਟਰ ਹਰਪ੍ਰੀਤ ਸਿੰਘ ਘਟਨਾ ਸਥਾਨ ’ਤੇ ਪਹੁੰਚੇ। ਪੀੜਤ ਪਰਿਵਾਰ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਕਰੀਬ 5 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਥਾਣਾ ਮੁਖੀ ਹਰਦੀਪ ਸਿੰਘ ਅਨੁਸਾਰ ਡੁੱਬੀਆਂ ਮੱਝਾਂ ਨੂੰ ਬਾਹਰ ਕੱਢਣ ਲਈ ਯਤਨ ਕੀਤੇ ਜਾ ਰਹੇ ਹਨ ਅਤੇ ਮ੍ਰਿਤਕ ਮੱਝਾਂ ਦਾ ਪਸ਼ੂ ਹਸਪਤਾਲ ਤੋਂ ਪੋਸਟਮਾਰਟਮ ਕਰਵਾ ਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।