ਸੱਤ ਕਿੱਲੋ ਹੈਰੋਇਨ, ਪੰਜ ਪਿਸਤੌਲਾਂ ਸਣੇ 2 ਗ੍ਰਿਫ਼ਤਾਰ
ਪੱਤਰ ਪ੍ਰੇਰਕ /ਟ੍ਰਿਬਿਉੂਨ ਨਿਉੂਜ਼ ਸਰਵਿਸ
ਅਟਾਰੀ/ਅੰਮ੍ਰਿਤਸਰ, 17 ਜੁਲਾਈ
ਸਰਹੱਦ ਪਾਰੋਂ ਤਸਕਰੀ ਦੇ ਮਾਮਲੇ ਵਿਚ ਪੰਜਾਬ ਪੁਲੀਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ 7 ਕਿੱਲੋ ਹੈਰੋਇਨ, ਪੰਜ ਪਿਸਤੌਲਾਂ ਤੇ ਹੋਰ ਸਾਮਾਨ ਬਰਾਮਦ ਕੀਤਾ ਹੈ। ਇਹ ਜਾਣਕਾਰੀ ਡੀਜੀਪੀ ਗੌਰਵ ਯਾਦਵ ਵੱਲੋਂ ਦਿੱਤੀ ਗਈ। ਮੁਲਜ਼ਮਾਂ ਦੀ ਪਛਾਣ ਗੁਰਮੁੱਖ ਸਿੰਘ ਵਾਸੀ ਭੂਰਾ ਕੋਨਾ (ਤਰਨ ਤਾਰਨ) ਅਤੇ ਜਗਵੰਤ ਸਿੰਘ ਵਾਸੀ ਮਹਿਦੀਪੁਰ ਵਜੋਂ ਹੋਈ ਹੈ। ਮੁਲਜ਼ਮਾਂ ਕੋਲੋਂ 7 ਕਿੱਲੋ ਹੈਰੋਇਨ ਅਤੇ ਪੰਜ ਪਿਸਤੌਲ ਜਿਨ੍ਹਾਂ ਵਿੱਚ ਚਾਰ 9 ਐੱਮਐੱਮ ਗਲੌਕ ਪਿਸਤੌਲਾਂ ਅਤੇ ਇੱਕ .32 ਬੋਰ ਸ਼ਾਮਲ ਹੈ, ਬਰਾਮਦ ਕੀਤੇ ਗਏ। ਮੁਲਜ਼ਮਾਂ ਕੋਲੋਂ 5 ਕਾਰਤੂਸ, ਪੰਜ ਮੈਗਜ਼ੀਨ ਅਤੇ ਕਾਰ ਵੀ ਮਿਲੀ ਹੈ।
ਡੀਜੀਪੀ ਨੇ ਦੱਸਿਆ ਕਿ ਪੁਲੀਸ ਨੂੰ ਖੁਫ਼ੀਆ ਇਤਲਾਹ ਮਿਲੀ ਸੀ ਕਿ ਮੁਲਜ਼ਮ ਕਾਰ ’ਤੇ ਸਵਾਰ ਹੋ ਕੇ ਹਥਿਆਰਾਂ ਦੀ ਖੇਪ ਪਹੁੰਚਾਉਣ ਜਾ ਰਹੇ ਹਨ। ਅੰਮ੍ਰਿਤਸਰ ਦਿਹਾਤੀ ਪੁਲੀਸ ਦੀ ਟੀਮ ਨੇ ਸਰਹੱਦੀ ਪਿੰਡ ਮੁਹਾਵਾ ਨੇੜੇ ਨਾਕਾ ਲਗਾ ਕੇ ਦੋਵਾਂ ਮੁਲਜ਼ਮਾਂ ਨੂੰ ਕਾਬੂ ਕੀਤਾ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਵੱਲੋਂ ਹਥਿਆਰਾਂ ਦੇ ਨਾਲ-ਨਾਲ ਹੈਰੋਇਨ ਵੀ ਪ੍ਰਾਪਤ ਕੀਤੀ ਗਈ ਸੀ, ਜੋ ਉਨ੍ਹਾਂ ਨੇ ਘਰ ਦੇ ਨੇੜੇ ਛੁਪਾ ਕੇ ਰੱਖੀ ਹੋਈ ਹੈ। ਪੁਲੀਸ ਨੇ ਦੱਸੇ ਟਿਕਾਣੇ ’ਤੇ ਛਾਪਾ ਮਾਰ ਕੇ 7 ਕਿੱਲੋ ਹੈਰੋਇਨ ਬਰਾਮਦ ਕੀਤੀ। ਉਨ੍ਹਾਂ ਦੱਸਿਆ ਕਿ ਦੋਵੇਂ ਮੁਲਜ਼ਮ ਪਾਕਿਸਤਾਨੀ ਤਸਕਰਾਂ ਦੇ ਸਿੱਧੇ ਸੰਪਰਕ ਵਿੱਚ ਸਨ ਅਤੇ ਡਰੋਨ ਰਾਹੀਂ ਪਾਕਿਸਤਾਨ ਤੋਂ ਤਸਕਰੀ ਕਰਕੇ ਸੂਬੇ ਭਰ ਵਿੱਚ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਖੇਪ ਸਪਲਾਈ ਕਰ ਰਹੇ ਸਨ। ਐੱਸਐੱਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਤਸਕਰਾਂ ਦੀ ਗੈਰ-ਕਾਨੂੰਨੀ ਢੰਗ ਨਾਲ ਬਣਾਈ ਜਾਇਦਾਦ ਨੂੰ ਜ਼ਬਤ ਕਰਨ ਲਈ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ।