ਪਹਿਲਾ ਟੀ20: ਭਾਰਤੀ ਮਹਿਲਾ ‘ਏ’ ਟੀਮ ਦਾ ਜੇਤੂ ਆਗਾਜ਼
ਮੁੰਬਈ, 29 ਨਵੰਬਰ
ਭਾਰਤ ਦੀ ਮਹਿਲਾ ‘ਏ’ ਟੀਮ ਨੇ ਅੱਜ ਇੱਥੇ ਤਿੰਨ ਮੈਚਾਂ ਦੀ ਲੜੀ ਦੇ ਪਹਿਲੇ ਟੀ20 ਮੈਚ ਵਿੱਚ ਸ਼ਾਨਦਾਰ ਵਾਪਸੀ ਕਰਦਿਆਂ ਇੰਗਲੈਂਡ ਮਹਿਲਾ ‘ਏ’ ਟੀਮ ’ਤੇ ਤਿੰਨ ਦੌੜਾਂ ਨਾਲ ਜਿੱਤ ਦਰਜ ਕੀਤੀ। ਵਾਨਖੇੜੇ ਸਟੇਡੀਅਮ ਵਿੱਚ ਜਿੱਤ ਲਈ 135 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਇੰਗਲੈਂਡ ਦੀ ਟੀਮ ਉਪ ਕਪਤਾਨ ਹੋਲੀ ਅਰਮਿਟੇਜ (52 ਦੌੜਾਂ) ਅਤੇ ਵਿਕਟਕੀਪਰ ਬੱਲੇਬਾਜ਼ ਸੇਰੇਨ ਸਮਾਲੇ (31 ਦੌੜਾਂ) ਦਰਮਿਆਨ ਚੌਥੀ ਵਿਕਟ ਲਈ 70 ਦੌੜਾਂ ਦੀ ਭਾਈਵਾਲੀ ਸਦਕਾ ਪੂਰੀ ਤਰ੍ਹਾਂ ਕਾਬੂ ਵਿੱਚ ਦਿਖ ਰਹੀ ਸੀ ਪਰ ਭਾਰਤ ਨੇ ਵਾਪਸੀ ਕਰਦਿਆਂ ਉਸ ਨੂੰ ਲਗਾਤਾਰ ਝਟਕੇ ਦਿੰਦਿਆਂ ਜਿੱਤ ਦਰਜ ਕੀਤੀ। ਇੰਗਲੈਂਡ ਨੇ ਅੱਠ ਵਿਕਟਾਂ ਦੇ ਨੁਕਸਾਨ ’ਤੇ 131 ਦੌੜਾਂ ਬਣਾਈਆਂ।
ਕਾਸ਼ਵੀ ਗੌਤਮ (23 ਦੌੜਾਂ ਦੇ ਕੇ ਦੋ ਵਿਕਟਾਂ) ਨੇ 18ਵੇਂ ਓਵਰ ਵਿੱਚ ਸਮਾਲੇ ਅਤੇ ਇਸੀ ਵੋਂਗ (02) ਨੂੰ ਆਊਟ ਕਰਕੇ ਭਾਰਤ ਲਈ ਵਾਪਸੀ ਦਾ ਰਾਹ ਖੋਲ੍ਹਿਆ। ਆਖਰੀ ਓਵਰ ਵਿੱਚ ਇੰਗਲੈਂਡ ਨੂੰ 13 ਦੌੜਾਂ ਦੀ ਲੋੜ ਸੀ, ਜਿਸ ਵਿੱਚ ਸ਼੍ਰੇਯੰਕਾ ਪਾਟਿਲ (26 ਦੌੜਾਂ ਦੇ ਕੇ ਦੋ ਵਿਕਟ) ਨੇ ਪਹਿਲੇ ਹੀ ਗੇਂਦ ’ਤੇ ਪੰਜ ਵਾਧੂ (ਵਾਈਡ) ਦੌੜਾਂ ਦਿੱਤੀਆਂ ਪਰ ਫਿਰ ਵੀ ਭਾਰਤ ਤਿੰਨ ਦੌੜਾਂ ਨਾਲ ਜਿੱਤ ਦਰਜ ਕਰਨ ਵਿੱਚ ਸਫ਼ਲ ਰਿਹਾ। ਭਾਰਤੀ ਮਹਿਲਾ ‘ਏ’ ਟੀਮ ਨੇ ਵੱਡਾ ਸਕੋਰ ਨਹੀਂ ਬਣਾਇਆ ਅਤੇ ਮੈਦਾਨ ’ਤੇ ਵੀ ਕਾਫ਼ੀ ਗਲਤੀਆਂ ਕੀਤੀਆਂ। ਆਰਮੀਟੇਜ ਨੇ ਨਵੇਂ ਮੌਕੇ ਦਾ ਲਾਹਾ ਲੈਂਦਿਆਂ ਮੈਚ ਵਿੱਚ 41 ਗੇਂਦਾਂ ’ਤੇ 52 ਦੌੜਾਂ ਬਣਾਈਆਂ, ਜਿਸ ਵਿੱਚ ਤਿੰਨ ਚੌਕੇ ਅਤੇ ਇੱਕ ਛੱਕਾ ਜੜਿਆ ਸੀ। ਆਰਮੀਟੇਜ ਅਤੇ ਸਮਾਲੇ ਨੇ ਕਈ ਸ਼ਾਨਦਾਰ ਸ਼ਾਟ ਲਗਾਏ।
ਪਾਟਿਲ ਨੇ ਭਾਰਤ ‘ਏ’ ਨੂੰ ਪਹਿਲੀ ਵਿਕਟ ਦੂਜੇ ਓਵਰ ਵਿੱਚ ਗਰੇਸ ਸਕਰੀਵੇਂਸ (07) ਵਜੋਂ ਦਿਵਾਈ। ਮੰਨਤ ਕਸ਼ਯਪ (23 ਦੌੜਾਂ ਦੇ ਕੇ ਇੱਕ ਵਿਕਟ) ਨੇ ਮੈਡੀ ਵਿਲੀਅਰਜ਼ (20 ਦੌੜਾਂ) ਅਤੇ ਪ੍ਰਕਾਸ਼ਿਕਾ ਨਾਇਕ ਨੇ ਫਰੇਯਾ ਕੇਅਪ (ਇੱਕ ਦੌੜ) ਨੂੰ ਆਊਟ ਕੀਤਾ। ਇਸ ਤੋਂ ਪਹਿਲਾਂ ਟਾਸ ਜਿੱਤ ਕੇ ਬੱਲੇਬਾਜ਼ੀ ਕਰਦਿਆਂ ਭਾਰਤ ਨੇ 20 ਓਵਰਾਂ ਵਿੱਚ ਸੱਤ ਵਿਕਟਾਂ ’ਤੇ 134 ਦੌੜਾਂ ਬਣਾਈਆਂ। ਦਿਸ਼ਾ ਕਸਾਤ ਨੇ 32 ਗੇਂਦਾਂ ’ਤੇ ਤਿੰਨ ਚੌਕੇ ਜੜ੍ਹ ਕੇ 25 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਇਲਾਵਾ ਵਰਿਧਾ ਦਿਨੇਸ਼ ਅਤੇ ਜੀ ਦਿਵਿਆ ਨੇ 22-22 ਦੌੜਾਂ ਦਾ ਯੋਗਦਾਨ ਪਾਇਆ।
ਇੰਗਲੈਂਡ ਦੀ ਕਪਤਾਨ ਚਾਰਲੀ ਡੀਨ ਨੇ ਚਾਰ ਓਵਰਾਂ ਵਿੱਚ 19 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ, ਜਦਕਿ ਕੇਅਪ ਨੇ ਚਾਰ ਓਵਰ ਵਿੱਚ 30 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਵੋਂਗ, ਲਾਰੇਨ ਫਾਈਲਰ ਅਤੇ ਕਰਸਟੀ ਗਾਰਡਨ ਨੇ ਇੱਕ-ਇੱਕ ਵਿਕਟ ਲਈ। -ਪੀਟੀਆਈ