19th East Asia Summit: ਸਮੱਸਿਆਵਾਂ ਦਾ ਹੱਲ ਜੰਗ ਦੇ ਮੈਦਾਨ ਤੋਂ ਨਹੀਂ ਆ ਸਕਦਾ: ਮੋਦੀ
ਵਿਏਅਨਟੀਏਨ, 11 ਅਕਤੂਬਰ
19th East Asia Summit: 19ਵੇਂ ਪੂਰਬੀ ਏਸ਼ੀਆ ਸੰਮੇਲਨ ਨੂੰ ਸੰਬੋਧਨ ਕਰਦਿਆਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਮੱਸਿਆਵਾਂ ਦਾ ਹੱਲ ਜੰਗ ਦੇ ਮੈਦਾਨ ਤੋਂ ਨਹੀਂ ਨਿਕਲ ਸਕਦਾ, ਵਿਸ਼ਵ ਦੇ ਵੱਖ-ਵੱਖ ਹਿੱਸਿਆਂ ਵਿੱਚ ਸੰਘਰਸ਼ਾਂ ਦਾ ਗਲੋਬਲ ਸਾਉਥ ਦੇ ਦੇਸ਼ਾਂ ’ਤੇ ਸਭ ਤੋਂ ਵੱਧ ਮਾੜਾ ਪ੍ਰਭਾਵ ਪੈ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਯੂਰੇਸ਼ੀਆ ਅਤੇ ਪੱਛਮੀ ਏਸ਼ੀਆ ਵਿੱਚ ਸ਼ਾਂਤੀ ਅਤੇ ਸਥਿਰਤਾ ਦੀ ਬਹਾਲੀ ਦਾ ਸੱਦਾ ਦਿੱਤਾ। ਇਸ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਇੱਕ ਆਜ਼ਾਦ, ਖੁੱਲ੍ਹਾ, ਸਮਾਵੇਸ਼ੀ, ਖੁਸ਼ਹਾਲ ਅਤੇ ਨਿਯਮ ਆਧਾਰਿਤ ਇੰਡੋ-ਪੈਸੀਫਿਕ ਸਮੁੱਚੇ ਖੇਤਰ ਦੀ ਸ਼ਾਂਤੀ ਅਤੇ ਤਰੱਕੀ ਲਈ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਦੱਖਣੀ ਚੀਨ ਸਾਗਰ ਦੀ ਸ਼ਾਂਤੀ, ਸੁਰੱਖਿਆ ਅਤੇ ਸਥਿਰਤਾ ਪੂਰੇ ਭਾਰਤ-ਪ੍ਰਸ਼ਾਂਤ ਖੇਤਰ ਦੇ ਹਿੱਤ ਵਿੱਚ ਹੈ।
ਸ੍ਰੀ ਮੋਦੀ ਨੇ ਕਿਹਾ ਕਿ ਸਾਡੀ ਪਹੁੰਚ ਵਿਕਾਸਵਾਦ ਵਾਲੀ ਹੋਣੀ ਚਾਹੀਦੀ ਹੈ ਨਾ ਕਿ ਵਿਸਤਾਰਵਾਦ ਵੱਲ। ਉਨ੍ਹਾਂ ਕਿਹਾ ਕਿ ਯੂਰੇਸ਼ੀਆ ਹੋਵੇ ਜਾਂ ਪੱਛਮੀ ਏਸ਼ੀਆ, ਸ਼ਾਂਤੀ ਅਤੇ ਸਥਿਰਤਾ ਜਲਦੀ ਤੋਂ ਜਲਦੀ ਬਹਾਲ ਹੋਣੀ ਚਾਹੀਦੀ ਹੈ। ਮੋਦੀ ਨੇ ਕਿਹਾ “ਮੈਂ ਬੁੱਧ ਦੀ ਧਰਤੀ ਤੋਂ ਆਇਆ ਹਾਂ, ਅਤੇ ਮੈਂ ਵਾਰ-ਵਾਰ ਕਿਹਾ ਹੈ ਕਿ ਇਹ ਯੁੱਧ ਦਾ ਯੁੱਗ ਨਹੀਂ ਹੈ। ਸਮੱਸਿਆਵਾਂ ਦਾ ਹੱਲ ਜੰਗ ਦੇ ਮੈਦਾਨ ਤੋਂ ਨਹੀਂ ਹੋ ਸਕਦਾ।’’ ਪੀਟੀਆਈ
19th East Asia Summit