1984 ਸਿੱਖ ਕਤਲੇਆਮ: ਗ੍ਰਹਿ ਮੰਤਰਾਲੇ ਨੇ ਭਾਜਪਾ ਆਗੂ ਦਾ ਪੱਤਰ ਐੱਸਆਈਟੀ ਨੂੰ ਭੇਜਿਆ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 25 ਜੁਲਾਈ
1984 ਦੇ ਸਿੱਖ ਕਤਲੇਆਮ ਨਾਲ ਜੁੜੇ ਮਾਮਲੇ ‘ਚ ਭਾਜਪਾ ਆਗੂ ਆਰਪੀ ਸਿੰਘ ਵੱਲੋਂ ਜਸਟਿਸ ਢੀਂਗਰਾ ਕਮੇਟੀ ਦੀ ਰਿਪੋਰਟ ‘ਤੇ ਕਾਰਵਾਈ ਕਰਨ ਲਈ ਲਿਖੀ ਚਿੱਠੀ ਨੂੰ ਗ੍ਰਹਿ ਮੰਤਰਾਲੇ ਨੇ 2015 ‘ਚ ਬਣਾਈ ਐੱਸਆਈਟੀ ਤੇ ਦੰਗਾ ਰੋਕੂ ਸੈੱਲ ਦੇ ਡੀਸੀਪੀ ਨੂੰ ਭੇਜਿਆ ਹੈ। ਭਾਜਪਾ ਆਗੂ ਮੁਤਾਬਕ ਕਤਲੇਆਮ ਲਈ ਜ਼ਿੰਮੇਵਾਰ ਪਰਦੇ ਦੇ ਪਿੱਛੇ ਲੁਕੇ ਲੋਕਾਂ ਦੀ ਜਾਂਚ ਹੋਵੇ ਤੇ ਪਤਾ ਲਾਇਆ ਜਾਵੇ ਕਿ ਕਾਂਗਰਸੀ ਆਗੂਆਂ ਨੂੰ ਕਿਸੇ ਨੇ ਦੰਗਿਆਂ ਲਈ ਭੜਕਾਇਆ। ਪਕੇਂਦਰ ਨੇ ਫਰਵਰੀ 2015 ਨੂੰ ਸਿੱਖ ਕਤਲੇਆਮ ਦੀ ਜਾਂਚ ਲਈ ਐੱਸਆਈਟੀ ਨੂੰ ਹੁਕਮ ਦਿੱਤੇ ਸਨ। 2018 ‘ਚ ਸੁਪਰੀਮ ਕੋਰਟ ਨੇ ਸਿੱਖ ਕਤਲੇਆਮ ਦੇ 186 ਮਾਮਲਿਆਂ ਦੀ ਜਾਂਚ ਲਈ ਜਸਟਿਸ ਢੀਂਗਰਾ ਕਮੇਟੀ ਬਣਾਈ ਸੀ, ਜਿਸ ਨੇ ਜਨਵਰੀ 2020 ਨੂੰ ਰਿਪੋਰਟ ਅਦਾਲਤ ਨੂੰ ਸੌਂਪੀ ਸੀ। ਭਾਜਪਾ ਆਗੂ ਨੇ ਕਿਹਾ ਕਿ ਉਨ੍ਹਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵਾਅਦੇ ਮੁਤਾਬਕ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ ਕਿ ਜਨਵਰੀ ‘ਚ ਸਾਲਿਸਟਰ ਜਨਰਲ ਨੇ ਗ੍ਰਹਿ ਮੰਤਰਾਲੇ ਵੱਲੋਂ ਅਦਲਾਤ ਨੂੰ ਅਜਿਹਾ ਭਰੋਸਾ ਦਿੱਤਾ ਸੀ। ਆਰਪੀ ਸਿੰਘ ਨੇ ਯੋਜਨਾਵੱਧ ਢੰਗ ਨਾਲ ਕੀਤੇ ਗਏ ਕਤਲੇਆਮ ਪਿੱਛੇ ਅਦਿੱਖ ਹੱਥਾਂ ਦਾ ਪਤਾ ਲਾਉਣ ਲਈ ਨਵੀਂ ਐੱਸਆਈਟੀ ਦੀ ਮੰਗ ਵੀ ਕੀਤੀ ਕਿਉਂਕਿ 3 ਦਹਾਕੇ ਤੋਂ ਜ਼ਿਆਦਾ ਸਮੇਂ ਮਗਰੋਂ ਵੀ ਸਿੱਖ ਇਨਸਾਫ਼ ਲਈ ਫ਼ਰਿਆਦ ਕਰਦੇ ਆਏ ਹਨ। ਉਨ੍ਹਾਂ ਰਿਪੋਰਟ ਦੇ ਹਵਾਲੇ ਨਾਲ ਕਿਹਾ ਕਿ ਪ੍ਰਸ਼ਾਸਨ, ਪੁਲੀਸ ਤੇ ਹੋਰ ਧਿਰਾਂ ਨੇ ਕਿਵੇਂ ਦੋਸ਼ੀਆਂ ਨਾਲ ਸਾਂਝ ਪਾਈ।