1984 anti-Sikh riots: ਸੁਪਰੀਮ ਕੋਰਟ ਨੇ ਸੀਬੀਆਈ ਤੋਂ ਜਵਾਬ ਮੰਗਿਆ
ਨਵੀਂ ਦਿੱਲੀ, 6 ਦਸੰਬਰ
1984 anti-Sikh riots: ਸੁਪਰੀਮ ਕੋਰਟ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਕੇਸ ਵਿੱਚ ਸਜ਼ਾ ਮੁਅੱਤਲ ਕਰਨ ਦੀ ਮੰਗ ਕਰਨ ਵਾਲੀ ਬਲਵਾਨ ਖੋਖਰ ਦੀ ਪਟੀਸ਼ਨ ’ਤੇ ਸੀਬੀਆਈ ਤੋਂ ਜਵਾਬ ਮੰਗਿਆ ਹੈ। ਜਸਟਿਸ ਜੇਕੇ ਮਹੇਸ਼ਵਰੀ ਅਤੇ ਰਾਜੇਸ਼ ਬਿੰਦਲ ਦੇ ਬੈਂਚ ਨੇ ਸੀਬੀਆਈ ਨੂੰ ਸਜ਼ਾ ਮੁਅੱਤਲ ਕਰਨ ਦੀ ਮੰਗ ਵਾਲੀ ਖੋਖਰ ਦੀ ਪਟੀਸ਼ਨ ਦਾ ਜਵਾਬ ਦਾਖ਼ਲ ਕਰਨ ਲਈ ਕਿਹਾ ਹੈ।
ਇਸ ਸਬੰਧੀ ਪਟੀਸ਼ਨ ਬਲਵਾਨ ਖੋਖਰ ਵੱਲੋਂ ਐਡਵੋਕੇਟ ਰਾਕੇਸ਼ ਦਹੀਆ ਰਾਹੀਂ ਦਾਇਰ ਕੀਤੀ ਗਈ। ਉਸ ਨੇ ਸਰਵਉਚ ਅਦਾਲਤ ਨੂੰ ਜਾਣੂ ਕਰਵਾਇਆ ਕਿ ਜੇਲ੍ਹ ਅਧਿਕਾਰੀਆਂ ਨੇ 26 ਸਤੰਬਰ, 2024 ਨੂੰ ਹੀ ਅਰਜ਼ੀ ਰੱਦ ਕਰ ਦਿੱਤੀ ਸੀ ਜੋ ਪੂਰੀ ਤਰ੍ਹਾਂ ਗਲਤ ਹੈ।
ਦੱਸਣਾ ਬਣਦਾ ਹੈ ਕਿ ਖੋਖਰ ਨੇ ਹਾਈ ਕੋਰਟ ਦੇ 17 ਦਸੰਬਰ, 2018 ਦੇ ਹੁਕਮ ਨੂੰ ਚੁਣੌਤੀ ਦਿੱਤੀ ਹੈ ਜਿਸ ਵਿਚ ਖੋਖਰ, ਸੱਜਣ ਕੁਮਾਰ ਤੇ ਹੋਰਨਾਂ ਨੂੰ ਇਸ ਕੇਸ ਵਿੱਚ ਭਾਰਤੀ ਦੰਡ ਵਿਧਾਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਉਹ ਉਮਰ ਕੈਦ ਦੀ ਸਜ਼ਾ ਕੱਟ ਰਹੇ ਹਨ ਅਤੇ ਕੇਂਦਰੀ ਜੇਲ੍ਹ ਤਿਹਾੜ ਦਿੱਲੀ ਵਿੱਚ ਨਜ਼ਰਬੰਦ ਹਨ। ਇਸ ਤੋਂ ਪਹਿਲਾਂ ਹੇਠਲੀ ਅਦਾਲਤ ਨੇ ਉਸ ਨੂੰ ਦੋਸ਼ੀ ਠਹਿਰਾਇਆ ਸੀ।
ਖੋਖਰ ਨੇ ਆਪਣੀ ਅਰਜ਼ੀ ਵਿੱਚ ਦਾਅਵਾ ਕੀਤਾ ਕਿ ਉਹ 66 ਸਾਲ ਦੀ ਉਮਰ ਦਾ ਸੀਨੀਅਰ ਸਿਟੀਜ਼ਨ ਹੈ ਅਤੇ ਉਸ ਦੇ ਹੇਠਲੇ ਅੰਗ ਵਿੱਚ 54 ਫੀਸਦੀ ਕੰਮ ਨਹੀਂ ਕਰਦੇ। ਇਸ ਤੋਂ ਇਲਾਵਾ ਉਹ ਕਈ ਹੋਰ ਗੰਭੀਰ ਬਿਮਾਰੀਆਂ ਤੋਂ ਵੀ ਪੀੜਤ ਹੈ। ਏਐੱਨਆਈ