ਲੱਦਾਖ ਸਕਾਊਟਸ ਰੈਜੀਮੈਂਟ ’ਚ 194 ਅਗਨੀਵੀਰ ਸ਼ਾਮਲ
ਲੇਹ/ਜੰਮੂ, 5 ਜੂਨ
ਲੇਹ ਵਿੱਚ ਪਾਸਿੰਗ-ਆਊਟ ਪਰੇਡ ਮਗਰੋਂ ਅੱਜ 194 ਅਗਨੀਵੀਰਾਂ ਨੂੰ ਲੱਦਾਖ ਸਕਾਊਟਸ ਰੈਜੀਮੈਂਟ ਵਿੱਚ ਸ਼ਾਮਲ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਨੌਜਵਾਨ ਅਗਨੀਵੀਰ ਲੱਦਾਖ ਦੇ ਵੱਖ-ਵੱਖ ਇਲਾਕਿਆਂ ਨਾਲ ਸਬੰਧਤ ਹਨ ਅਤੇ ਇਨ੍ਹਾਂ ਨੇ ਸਖ਼ਤ ਟਰੇਨਿੰਗ ਹਾਸਲ ਕੀਤੀ ਹੈ ਤੇ ਹੁਣ ਇਹ ਦੇਸ਼ ਸੇਵਾ ਲਈ ਤਿਆਰ ਹਨ।
ਰੱਖਿਆ ਤਰਜਮਾਨ ਨੇ ਕਿਹਾ, ‘‘ਅੱਜ ਲੇਹ ਵਿੱਚ ਲੱਦਾਖ ਸਕਾਊਟਸ ਰੈਜੀਮੈਂਟਲ ਸੈਂਟਰ ’ਚ ਪਾਸਿੰਗ ਆਊਟ ਪਰੇਡ ਹੋਈ, ਜਿਸ ਮਗਰੋਂ 194 ਅਗਨੀਵੀਰਾਂ ਰੰਗਰੂਟਾਂ ਨੂੰ ਅਗਨੀਵੀਰ ਸੈਨਿਕ ਵਜੋਂ ਲੱਦਾਖ ਸਕਾਊਟਸ ਰੈਜੀਮੈਂਟ ’ਚ ਸ਼ਾਮਲ ਕੀਤਾ ਗਿਆ।’’ ਤਰਜਮਾਨ ਮੁਤਾਬਕ ਇਹ ਸਮਾਗਮ ਫੌਜ ਦੀਆਂ ਰਵਾਇਤਾਂ ਮੁਤਾਬਕ ਕਰਵਾਇਆ ਗਿਆ ਤੇ ਇਸ ਦਾ ਨਿਰੀਖਣ ਯੂਨੀਫਾਰਮ ਫੋਰਸ ਦੇ ਜਨਰਲ ਆਫੀਸਰ ਕਮਾਂਡਿੰਗ (ਜੀਓਸੀ) ਮੇਜਰ ਜਨਰਲ ਗੁਰਪਾਲ ਸਿੰਘ ਨੇ ਕੀਤਾ। ਇਸ ਮੌਕੇ ਫੌਜੀ ਅਧਿਕਾਰੀਆਂ ਤੇ ਹੋਰ ਅਹਿਮ ਸ਼ਖਸੀਅਤਾਂ ਤੋਂ ਇਲਾਵਾ ਅਗਨੀਵੀਰਾਂ ਦੇ ਮਾਪੇ ਵੀ ਮੌਜੂਦ ਸਨ।
ਜੀਓਸੀ ਨੇ ਨਵ-ਨਿਯੁਕਤ ਜਵਾਨਾਂ ਨੂੰ ਸਾਰੇ ਖੇਤਰਾਂ ’ਚ ਸਰਵੋਤਮ ਪੱਧਰ ਹਾਸਲ ਕਰਨ ਤੇ ਮੁਲਕ ਦੀ ਪ੍ਰਭੂਸੱਤਾ ਦੀ ਰਾਖੀ ਲਈ ਹਰ ਹਾਲਾਤ ’ਤੇ ਡਟੇ ਰਹਿਣ ਦੀ ਸਹੁੰ ਚੁਕਾਈ। ਉਨ੍ਹਾਂ ਨੇ ਅਗਨੀਵੀਰਾਂ ਦੇ ਮਾਪਿਆਂ ਨੂੰ ਵਧਾਈ ਵੀ ਦਿੱਤੀ। ਜੀਓਸੀ ਗੁਰਪਾਲ ਸਿੰਘ ਨੇ ਲੱਦਾਖ ਸਕਾਊਟਸ ਦੇ ਜਵਾਨਾਂ ਦੀ ਬਹਾਦਰੀ ਅਤੇ ਯੋਗਦਾਨ ਦੀ ਵੀ ਪ੍ਰਸ਼ੰਸਾ ਕੀਤੀ। ਤਰਜਮਾਨ ਮੁਤਾਬਕ ਟਰੇਨਿੰਗ ਦੌਰਾਨ ਸਰਵੋਤਮ ਪ੍ਰਦਰਸ਼ਨ ਕਰਨ ਵਾਲੇ ਅਗਨੀਵੀਰਾਂ ਨੂੰ ਤਗ਼ਮਿਆਂ ਨਾਲ ਨਿਵਾਜਿਆ ਗਿਆ। -ਪੀਟੀਆਈ