ਅਰਧ ਸ਼ਹਿਰੀ ਇਲਾਕੇ ’ਚੋਂ ਬਿਜਲੀ ਚੋਰੀ ਦੇ 190 ਮਾਮਲੇ ਫੜੇ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 23 ਅਗਸਤ
ਪੰਜਾਬ ਰਾਜ ਬਿਜਲੀ ਨਿਗਮ ਵਲੋਂ ਬਿਜਲੀ ਚੋਰੀ ਰੋਕਣ ਦੀ ਵਿੱਢੀ ਮੁਹਿੰਮ ਤਹਿਤ ਜ਼ਿਲ੍ਹੇ ਦੇ ਅਰਧ ਸ਼ਹਿਰੀ ਇਲਾਕੇ ਵਿੱਚ ਕੀਤੀ ਗਈ ਜਾਂਚ ਦੌਰਾਨ 190 ਬਿਜਲੀ ਚੋਰੀ ਦੇ ਮਾਮਲੇ ਫੜੇ ਹਨ ਅਤੇ ਬਿਜਲੀ ਚੋਰੀ ਕਰਨ ਵਾਲਿਆਂ ਨੂੰ 28.50 ਲੱਖ ਰੁਪਏ ਦੇ ਜੁਰਮਾਨੇ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਬ ਅਰਬਨ ਇਲਾਕੇ ਦੇ ਡਿਪਟੀ ਚੀਫ ਇੰਜਨੀਅਰ ਸਤਿੰਦਰ ਸ਼ਰਮਾ ਨੇ ਦੱਸਿਆ ਕਿ ਇਸ ਸਬੰਧ ਵਿਚ ਬਿਜਲੀ ਕਰਮਚਾਰੀਆਂ ਅਤੇ ਅਧਿਕਾਰੀਆਂ ਦੀਆਂ 24 ਟੀਮਾਂ ਬਣਾਈਆਂ ਗਈਆਂ ਸਨ, ਜਿਨ੍ਹਾਂ ਨੇ ਅਰਧ ਸ਼ਹਿਰੀ ਅਤੇ ਪੇਂਡੂ ਇਲਾਕੇ ਵਿਚ 3546 ਬਿਜਲੀ ਕੁਨੈਕਸ਼ਨਾਂ ਦੀ ਜਾਂਚ ਕੀਤੀ। ਇਸ ਜਾਂਚ ਦੌਰਾਨ 190 ਬਿਜਲੀ ਚੋਰੀ ਦੇ ਮਾਮਲੇ ਫੜੇ ਗਏ ਹਨ। ਉਨ੍ਹਾਂ ਦੱਸਿਆ ਕਿ ਬਿਜਲੀ ਚੋਰੀ ਕਰਨ ਵਾਲਿਆਂ ਨੂੰ 28.50 ਲੱਖ ਰੁਪਏ ਦੇ ਜੁਰਮਾਨੇ ਕੀਤੇ ਹਨ। ਇਸ ਦੌਰਾਨ ਬਾਰਡਰ ਜ਼ੋਨ ਦੇ ਚੀਫ ਇੰਜਨੀਅਰ ਪ੍ਰਦੀਪ ਕੁਮਾਰ ਸੈਣੀ ਨੇ ਬਿਜਲੀ ਖ਼ਪਤਕਾਰਾਂ ਨੂੰ ਅਪੀਲ ਕੀਤੀ ਹੈ ਕਿ ਬਿਜਲੀ ਚੋਰੀ ਨਾ ਕੀਤੀ ਜਾਵੇ ਅਤੇ ਬਿਜਲੀ ਦੇ ਬਕਾਇਆਂ ਦਾ ਤੁਰੰਤ ਭੁਗਤਾਨ ਕੀਤਾ ਜਾਵੇ। ਬੁਲਾਰੇ ਨੇ ਦੱਸਿਆ ਕਿ ਬੀਤੇ ਦਿਨੀਂ ਵੀ 48 ਟੀਮਾਂ ਵਲੋਂ ਜਾਂਚ ਕਰਦਿਆਂ 200 ਬਿਜਲੀ ਚੋਰੀ ਮਾਮਲੇ ਫੜੇ ਸਨ ਅਤੇ 60 ਲੱਖ ਰੁਪਏ ਦੇ ਜੁਰਮਾਨੇ ਕੀਤੇ ਗਏ ਸਨ।
ਸ੍ਰੀ ਸ਼ਰਮਾ ਨੇ ਕਿਹਾ ਕਿ ਵਿਭਾਗ ਇਮਾਨਦਾਰ ਖਪਤਕਾਰਾਂ ਦੇ ਹਿਤਾਂ ਦਾ ਧਿਆਨ ਰੱਖਣ ਲਈ ਪਾਬੰਦ ਹੈ। ਊਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਚੋਰਾਂ ਵਿਰੁੱਧ ਕਾਰਵਾਈ ਜਾਰੀ ਰੱਖੀ ਜਾਵੇਗੀ। ਊਨ੍ਹਾਂ ਕਿਹਾ ਕਿ ਵਿਭਾਗ ਸਰਹੱਦੀ ਖੇਤਰ ਦੇ ਵਿੱਚ ਬਿਜਲੀ ਦੀ ਚੋਰੀ ਰੋਕਣ ਲਈ ਹਰ ਕੋਸ਼ਿਸ਼ ਕਰ ਰਿਹਾ ਹੈ।
ਪੀਣਯੋਗ ਪਾਣੀ ਸਪਲਾਈ ਦੀਆਂ ਮੋਟਰਾਂ ਦੇ ਕੁਨੈਕਸ਼ਨ ਕੱਟੇ
ਆਦਮਪੁਰ ਦੋਆਬਾ(ਹਤਿੰਦਰ ਮਹਿਤਾ): ਨੇੜਲੇ ਪਿੰਡਾਂ ਦੋਲਿਕੇ ਸੁੰਦਰਪੁਰ, ਕਰਾੜੀ, ਬਿਆਸ ਪਿੰਡ, ਧੋਗੜੀ ਅਤੇ ਕਿਸ਼ਨਗੜ੍ਹ ਦੀਆਂ ਪੰਚਾਇਤਾਂ ਵੱਲੋਂ ਪਿੰਡ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਲਗਾਏ ਗਏ ਪਾਣੀ ਦੀ ਮੋਟਰਾਂ ਦੇ ਬਿਜਲੀ ਬਿੱਲ ਨਾ ਭਰਨ ਕਾਰਨ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ ਵੱਲੋਂ ਮੋਟਰਾਂ ਦੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਗਏ ਜਿਸ ਕਾਰਨ ਪੀਣ ਵਾਲੇ ਪਾਣੀ ਦੀ ਸਪਲਾਈ ਨਾ ਮਿਲਣ ਕਾਰਨ ਉਪਰੋਕਤ ਪਿੰਡ ਦੇ ਲੋਕਾਂ ਵਿਚਕਾਰ ਹਾਹਾਕਾਰ ਮੱਚ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਲਾਵਲਪੁਰ ਸਬ ਡਿਵੀਜ਼ਨ ਦੇ ਐੱਸ.ਡੀ.ਓ ਨੇ ਦੱਸਿਆ ਕਿ ਪਿੰਡ ਦੋਲਿਕ ਸੁੰਦਰਪੁਰ ਦਾ ਬਿਜਲੀ ਬਿੱਲ ਬਕਾਇਆ ਲਗਪਗ 6 ਲੱਖ 4 ਹਜ਼ਾਰ ਰੁਪਏ, ਪਿੰਡ ਕਰਾੜੀ ਦੇ ਲਗਪਗ 7 ਲੱਖ 53 ਹਜ਼ਾਰ ਰੁਪਏ, ਬਿਆਸ ਪਿੰਡ ਦੇ 8 ਲੱਖ 39 ਹਜ਼ਾਰ ਰੁਪਏ,ਪਿੰਡ ਧੋਗੜੀ ਦੇ 9 ਲੱਖ 79 ਹਜ਼ਾਰ ਰੁਪਏ, ਪਿੰਡ ਕਿਸ਼ਨਗੜ੍ਹ ਦੇ ਤਕਰੀਬਨ 4 ਲੱਖ 39 ਹਜ਼ਾਰ ਰੁਪਏ ਅਤੇ ਪਿੰਡ ਸੰਘਵਾਲ ਦੇ ਕਰੀਬ 3 ਲੱਖ ਰੁਪਏ ਬਿਜਲੀ ਬਿੱਲ ਵਕਾਇਆ ਹਨ। ਉਨ੍ਹਾਂ ਕਿਹਾ ਕਿ ਪੰਚਾਇਤਾਂ ਨੂੰ ਵਾਰ ਵਾਰ ਨੋਟਿਸ ਜਾਰੀ ਕਰਨ ਦੇ ਬਾਵਜੂਦ ਬਿਜਲੀ ਦੇ ਬਿੱਲ ਨਹੀਂ ਭਰੇ। ਪਿੰਡ ਸੰਘਵਾਲ ਕੋਲ ਇਸ ਸਮੇਂ ਕਰੀਬ 3 ਲੱਖ 21 ਹਜ਼ਾਰ ਰੁਪਏ ਪਾਣੀ ਵਾਲੀ ਟੈਂਕੀ ਦਾ ਬਕਾਇਆ ਵੀ ਹੈ, ਜਿਸ ਨੂੰ ਜਲਦੀ ਹੀ ਕੱਟ ਦਿੱਤਾ ਜਾਵੇਗਾ। ਉਨ੍ਹਾਂ ਅਲਾਵਲਪੁਰ ਸਬ ਡਿਵੀਜ਼ਨ ਵਿੱਚ ਪੈਂਦੇ ਬਿਜਲੀ ਖਪਤਕਾਰਾਂ ਨੂੰ ਪ੍ਰੈਸ ਰਾਹੀਂ ਅਪੀਲ ਕੀਤੀ ਕਿ ਉਨ੍ਹਾਂ ਦੇ ਬਿਜਲੀ ਬਿੱਲ ਦੇ ਬਕਾਏ ਜਲਦੀ ਤੋਂ ਜਲਦੀ ਕਰਵਾਉਣ ਤਾਂ ਜੋ ਉਨ੍ਹਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾ ਸਕੇ।