ਰੂਪਨਗਰ ’ਚ 19 ਵਿਅਕਤੀ ਕਰੋਨਾ ਪਾਜ਼ੇਟਿਵ
ਪੱਤਰ ਪ੍ਰੇਰਕ
ਰੂਪਨਗਰ, 19 ਅਗਸਤ
ਰੂਪਨਗਰ ਸ਼ਹਿਰ ਵਿੱਚ ਅੱਜ 19 ਵਿਅਕਤੀ ਕਰੋਨਾ ਪਾਜ਼ੇਟਿਵ ਪਾਏ ਗਏ ਹਨ। ਰੂਪਨਗਰ ਦੇ ਸਿਵਲ ਸਰਜਨ ਡਾ. ਐੱਚਐੱਨ ਸ਼ਰਮਾ ਨੇ ਦੱਸਿਆ ਕਿ ਹੁਣ ਜ਼ਿਲ੍ਹੇ ਵਿੱਚ ਐਕਟਿਵ ਕਰੋਨਾ ਕੇਸਾਂ ਦੀ ਗਿਣਤੀ 190 ਹੋ ਗਈ ਹੈ। ਇਸੇ ਦੌਰਾਨ ਰੂਪਨਗਰ ਦੇ ਜਗਜੀਤ ਨਗਰ ਇਲਾਕੇ ਨੂੰ 6 ਕਰੋਨਾ ਕੇਸਾਂ ਦੇ ਮੱਦੇਨਜ਼ਰ ਮਾਈਕਰੋ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ ਹੈ। ਰੂਪਨਗਰ ਵਿੱਚ ਪੱਕਾ ਬਾਗ਼, ਜਿਸ ਨੂੰ ਕਿ ਮਾਈਕਰੋ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ ਹੈ, ਵਿਚ ਲੱਗੀਆਂ ਪਾਬੰਦੀਆਂ ਦੀ ਉਲੰਘਣਾਂ ਦੇ ਦੋਸ਼ ਹੇਠ ਇੱਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾਹੈ।
ਐੱਸਡੀਐੱਮ ਕਨੂੰ ਗਰਗ ਕਰੋਨਾ ਪਾਜ਼ੇਟਿਵ
ਸ੍ਰੀ ਆਨੰਦਪੁਰ ਸਾਹਿਬ (ਪੱਤਰ ਪ੍ਰੇਰਕ): ਅੱਜ ਐੱਸਡੀਐੱਮ ਆਨੰਦਪੁਰ ਸਾਹਿਬ ਕਨੂੰ ਗਰਗ ਪੀਸੀਐੱਸ ਦੇ ਕਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਤਹਿਸੀਲ ਸ੍ਰੀ ਅਨੰਦਪੁਰ ਸਾਹਿਬ ਤੇ ਨੰਗਲ ਦਾ ਵਾਧੂ ਚਾਰਜ ਸਹਾਇਕ ਕਮਿਸ਼ਨਰ ਸ਼ਿਕਾਇਤਾਂ ਤੇ ਜਨਰਲ ਇੰਦਰਪਾਲ ਸਿੰਘ ਪੀਸੀਐੱਸ ਨੂੰ ਦੇ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਕਰੋਨਾ ਮਹਾਮਾਰੀ ਦੇ ਲਗਾਤਾਰ ਵੱਧ ਦੇ ਪ੍ਰਕੋਪ ਤੋਂ ਬਾਅਦ ਜਿੱਥੇ ਜ਼ਿਲ੍ਹਾ ਰੂਪਨਗਰ ਦੀ ਡਿਪਟੀ ਕਮਿਸ਼ਨਰ ਪਹਿਲਾਂ ਕਰੋਨਾ ਪਾਜ਼ੇਟਿਵ ਆਈ ਸੀ ਤੇ ਹੁਣ ਨੰਗਲ, ਆਨੰਦਪੁਰ ਤਹਿਸੀਲ ਦੀ ਐੱਸਡੀਐੱਮ ਕੰਨੂੰ ਗਰਗ ਦਾ ਵੀ ਟੈਸਟ ਪਾਜ਼ੇਟਿਵ ਆਇਆ ਹੈ।
ਖਰੜ (ਪੱਤਰ ਪੇ੍ਰਕ): ਖਰੜ ਖੇਤਰ ਵਿੱਚ ਕਰੋਨਾ ਬਿਮਾਰੀ ਦਾ ਪ੍ਰਕੋਪ ਹਰ ਰੋਜ਼ ਵੱਧ ਰਿਹਾ ਹੈ ਤੇ ਹਰ ਰੋਜ਼ ਨਵੇਂ-ਨਵੇਂ ਵਿਅਕਤੀ ਇਸ ਬੀਮਾਰੀ ਤੋਂ ਪੀੜਿਤ ਪਾਏ ਜਾ ਰਹੇ ਹਨ। ਖਰੜ ਸਿਵਲ ਹਸਪਤਾਲ ਦੇ ਐੱਸਐੱਮਓ ਡਾ. ਮਨੋਹਰ ਸਿੰਘ ਨੇ ਦੱਸਿਆ ਕਿ ਅੱਜ ਖਰੜ ਦੇ ਡੀਐੱਸਪੀ ਪਾਲ ਸਿੰਘ ਦੀ ਰਿਪੋਰਟ ਵੀ ਕਰੋਨਾ ਪਾਜ਼ੇਟਿਵ ਆਈ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਨਿਜੀ ਸਟਾਫ਼ ਦੇ ਮੈਂਬਰਾਂ ਦੇ ਸੈਂਪਲ ਲਏ ਜਾ ਰਹੇ ਹਨ।
ਅੰਬਾਲਾ ਵਿੱਚ 68 ਨਵੇਂ ਕੇਸ; ਦੋ ਮੌਤਾਂ
ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਅੰਬਾਲਾ ਜ਼ਿਲ੍ਹੇ ਵਿਚ ਕਰੋਨਾ ਮਹਾਮਾਰੀ ਨੇ ਦੋ ਹੋਰ ਮਰੀਜ਼ਾਂ ਦੀ ਜਾਨ ਲੈ ਲਈ ਹੈ। ਸਿਵਲ ਸਰਜਨ ਨੇ ਦੱਸਿਆ ਕਿ ਮਰਨ ਵਾਲਿਆਂ ਵਿਚ ਉਨ੍ਹਾਂ ਦੇ ਮਹਿਕਮੇ ਦਾ ਸੁਲਰ ਨਿਵਾਸੀ 43 ਸਾਲਾ ਐਂਬੂਲੈਂਸ ਡਰਾਈਵਰ ਵੀ ਸ਼ਾਮਲ ਹੈ, ਜਿਸ ਦੀ ਕਰੋਨਾ ਪਾਜ਼ੇਟਿਵ ਰਿਪੋਰਟ ਉਸ ਦੇ ਮਰਨ ਤੋਂ ਬਾਅਦ ਆਈ ਹੈ। ਸਿਵਲ ਸਰਜਨ ਨੇ ਦੱਸਿਆ ਕਿ ਡਰਾਈਵਰ ਨੂੰ ਬੁਖ਼ਾਰ ਚੜ੍ਹਿਆ ਸੀ ਤੇ ਕਹਿਣ ਦੇ ਬਾਵਜੂਦ ਵੀ ਉਸ ਨੇ ਆਪਣਾ ਟੈਸਟ ਨਹੀਂ ਸੀ ਕਰਾਇਆ ਤੇ ਪਿੰਡ ਚਲਾ ਗਿਆ ਸੀ। ਦੂਜੀ ਮੌਤ ਅੰਬਾਲਾ ਸ਼ਹਿਰ ਦੇ ਨਾਹਨ ਹਾਊਸ ਨਿਵਾਸੀ 68 ਸਾਲਾ ਮਰੀਜ਼ ਦੀ ਹੋਈ ਹੈ, ਜੋ ਸੂਗਰ ਤੇ ਦਿਲ ਦੇ ਰੋਗ ਤੋਂ ਪੀੜਤ ਸੀ ਤੇ ਉਸ ਨੂੰ ਬਰੇਨ ਸਟਰੋਕ ਵੀ ਹੋ ਚੁੱਕਾ ਸੀ। ਅੱਜ ਜ਼ਿਲ੍ਹੇ ਵਿਚ 68 ਨਵੇਂ ਕੇਸ ਆਏ ਹਨ।
ਜ਼ਿਲ੍ਹਾ ਫਤਹਿਗੜ੍ਹ ਸਾਹਿਬ ’ਚ ਰਾਤ 9 ਤੋਂ ਸਵੇਰੇ 5 ਵਜੇ ਤੱਕ ਕਰਫਿਊ
ਫਤਹਿਗੜ੍ਹ ਸਾਹਿਬ (ਪੱਤਰ ਪ੍ਰੇਰਕ): ਕੋਵਿਡ-19 ਦੇ ਵੱਧ ਰਹੇ ਕੇਸਾਂ ਨੂੰ ਵੇਖਦੇ ਹੋਏ ਜ਼ਿਲ੍ਹਾ ਮੈਜਿਸਟਰੇਟ ਅੰਮ੍ਰਿਤ ਕੌਰ ਗਿੱਲ ਨੇ ਬਸੀ ਪਠਾਣਾਂ ਤੇ ਕਟਿਹਾਰਾ ਮੁਹੱਲਾ ਥਾਣਾ, ਵੇਰਕਾ ਮਿਲਕ ਪਲਾਂਟ ਬਸੀ ਪਠਾਣਾਂ, ਸਿਟੀ ਪੁਲੀਸ ਸਟੇਸ਼ਨ ਬਸੀ ਪਠਾਣਾਂ, ਵਾਰਡ ਨੰਬਰ 9 ਅੰਨੀਆਂ ਰੋਡ ਅਮਲੋਹ, ਸ਼ਾਸਤਰੀ ਨਗਰ ਮੰਡੀ ਗੋਬਿੰਦਗੜ੍ਹ ਅਤੇ ਜਟਾਣਾ ਉੱਚਾ ਤਹਿਸੀਲ ਖਮਾਣੋਂ ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਐਲਾਨਿਆ ਹੈ। ਇਸ ਦੇ ਨਾਲ ਹੀ ਜ਼ਿਲ੍ਹੇ ਵਿੱਚ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਲਗਾਇਆ ਗਿਆ ਹੈ।