ਹਿਲੇਰੀ ਅਤੇ ਮੈਸੀ ਸਣੇ 19 ਹਸਤੀਆਂ ਸਨਮਾਨਿਤ
ਵਾਸ਼ਿੰਗਟਨ, 5 ਜਨਵਰੀ
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ, ਵਿਵਾਦਤ ਨਿਵੇਸ਼ਕ ਜੌਰਜ ਸੋਰੋਸ, ਵੋਗ ਮੈਗਜ਼ੀਨ ਦੀ ਮੁੱਖ ਸੰਪਾਦਕ ਐਨਾ ਵਿਨਟੌਰ, ਵਿਗਿਆਨੀ ਬਿਲ ਨੇਈ, ਅਦਾਕਾਰ ਡੇਨਜ਼ੇਲ ਵਾਸ਼ਿੰਗਟਨ ਅਤੇ ਫੁਟਬਾਲਰ ਲਿਓਨਲ ਮੈਸੀ ਸਮੇਤ 19 ਵਿਅਕਤੀਆਂ ਨੂੰ ਅਮਰੀਕਾ ਦੇ ਸਭ ਤੋਂ ਵੱਡੇ ਨਾਗਰਿਕ ਪੁਰਸਕਾਰ ‘ਪ੍ਰੈਜ਼ੀਡੈਂਸ਼ੀਅਲ ਮੈਡਲ ਆਫ਼ ਫਰੀਡਮ’ ਨਾਲ ਸਨਮਾਨਿਤ ਕੀਤਾ। ਇਹ ਪੁਰਸਕਾਰ ਉਨ੍ਹਾਂ ਵਿਅਕਤੀਆਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਅਮਰੀਕਾ ਦੀ ਖੁਸ਼ਹਾਲੀ, ਉਸ ਦੀਆਂ ਕਦਰਾਂ-ਕੀਮਤਾਂ, ਸੁਰੱਖਿਆ ਅਤੇ ਵਿਸ਼ਵ ਸ਼ਾਂਤੀ ’ਚ ਅਹਿਮ ਯੋਗਦਾਨ ਦਿੱਤਾ ਹੋਵੇ ਜਾਂ ਜਨਤਕ ਤੇ ਨਿੱਜੀ ਖੇਤਰਾਂ ’ਚ ਮਹੱਤਵਪੂਰਨ ਕੰਮ ਕੀਤੇ ਹੋਣ। ਮੈਸੀ ਖੁਦ ਪੁਰਸਕਾਰ ਲੈਣ ਲਈ ਹਾਜ਼ਰ ਨਾ ਹੋ ਸਕੇ। ਕਈ ਹੋਰ ਹਸਤੀਆਂ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਤਰਫ਼ੋਂ ਮੈਡਲ ਹਾਸਲ ਕੀਤੇ। ਅਮਰੀਕਾ ’ਚ ਨਸਲੀ ਨਿਆਂ ਲਈ ਸੰਘਰਸ਼ ਕਰਨ ਵਾਲੇ ਫੈਨੀ ਲੂ ਹੈਮਰ, ਸਾਬਕਾ ਰੱਖਿਆ ਮੰਤਰੀ ਐਸ਼ਟਨ ਕਾਰਟਰ, ਸਾਬਕਾ ਅਟਾਰਨੀ ਜਨਰਲ ਰੌਬਰਟ ਫਰਾਂਸਿਸ ਕੈਨੇਡੀ ਅਤੇ ਕਾਰੋਬਾਰੀ ਜੌਰਜ ਡਬਲਿਊ ਰੋਮਨੀ ਨੂੰ ਮਰਨ ਉਪਰੰਤ ਇਹ ਮੈਡਲ ਪ੍ਰਦਾਨ ਕੀਤਾ ਗਿਆ। -ਪੀਟੀਆਈ
ਸੋਰੋਸ ਨੂੰ ਪੁਰਸਕਾਰ ਦੇਣ ਦਾ ਵਿਰੋਧ
ਵਿਵਾਦਤ ਨਿਵੇਸ਼ਕ ਜੌਰਜ ਸੋਰੋਸ (94) ਵੱਲੋਂ ਇਹ ਪੁਰਸਕਾਰ ਉਨ੍ਹਾਂ ਦੇ ਪੁੱਤਰ ਐਲੇਕਸ ਸੋਰੋਸ ਨੇ ਹਾਸਲ ਕੀਤਾ। ਉਧਰ ਸੋਰੋਸ ਨੂੰ ਇਹ ਪੁਰਸਕਾਰ ਦੇਣ ਲਈ ‘ਮੇਕ ਅਮਰੀਕਾ ਗਰੇਟ ਅਗੇਨ’ ਦੇ ਹਮਾਇਤੀਆਂ ਅਤੇ ਰਿਪਬਲਿਕਨ ਪਾਰਟੀ ਦੇ ਆਗੂਆਂ ਨੇ ਬਾਇਡਨ ਦੀ ਆਲੋਚਨਾ ਕੀਤੀ। ਨਿੱਕੀ ਹੇਲੀ ਨੇ ਕਿਹਾ ਕਿ ਕਾਤਲਾਂ ਦੀ ਸਜ਼ਾ ਘੱਟ ਕਰਨ ਅਤੇ ਆਪਣੇ ਬੇਟੇ ਨੂੰ ਮੁਆਫ਼ ਕਰਨ ਮਗਰੋਂ ਹੁਣ ਜੌਰਜ ਸੋਰੋਸ ਨੂੰ ਰਾਸ਼ਟਰਪਤੀ ਮੈਡਲ ਦੇਣਾ ਅਮਰੀਕਾ ਦੇ ਮੂੰਹ ’ਤੇ ਇਕ ਚਪੇੜ ਹੈ। ਕਾਰੋਬਾਰੀ ਐਲਨ ਮਸਕ ਨੇ ਕਿਹਾ ਕਿ ਬਾਇਡਨ ਵੱਲੋਂ ਸੋਰੋਸ ਨੂੰ ‘ਮੈਡਲ ਆਫ਼ ਫਰੀਡਮ’ ਦਿੱਤਾ ਜਾਣਾ ਕੋਝਾ ਮਜ਼ਾਕ ਹੈ। -ਪੀਟੀਆਈ