ਸੱਤਪਾਲ ਮਿੱਤਲ ਸਕੂਲ ਵਿੱਚ 18ਵੀਂ ਅਥਲੈਟਿਕ ਮੀਟ ਸਮਾਪਤ
ਸਤਵਿੰਦਰ ਬਸਰਾ
ਲੁਧਿਆਣਾ, 27 ਅਕਤੂਬਰ
ਸੱਤਪਾਲ ਮਿੱਤਲ ਸਕੂਲ ਦੀ 18ਵੀਂ ਦੋ ਰੋਜ਼ਾ ਸਾਲਾਨਾ ਅਥਲੈਟਿਕ ਮੀਟ ਕਰਵਾਈ ਗਈ। ਇਸ ਮੌਕੇ ਕਰਵਾਏ ਗਏ ਸਮਾਗਮ ਵਿੱਚ ਪੀਏਯੂ ਦੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਲਗਵਾਈ। ਸਕੂਲ ਦੇ ਵਾਈਸ ਚੇਅਰਮੈਨ ਬਿਪਿਨ ਗੁਪਤਾ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਦਿਨ ਦੀ ਸ਼ੁਰੂਆਤ ਸਕੂਲ ਦਾ ਝੰਡਾ ਲਹਿਰਾਉਣ ਨਾਲ ਹੋਈ, ਜਿਸ ਤੋਂ ਬਾਅਦ ਮੁੱਖ ਮਹਿਮਾਨ ਵੱਲੋਂ ਅਥਲੈਟਿਕ ਮੀਟ ਦੀ ਸ਼ੁਰੂਆਤ ਦਾ ਐਲਾਨ ਕੀਤਾ ਗਿਆ। ਚਾਰ ਹਾਊਸਾਂ- ਬਿਆਸ, ਚਨਾਬ, ਰਾਵੀ ਅਤੇ ਸਤਲੁਜ ਦੀਆਂ ਪਰੇਡ ਟੁਕੜੀਆਂ ਦੀ ਅਗਵਾਈ ਹੇਠ ਪਰੇਡ ਕੀਤੀ ਗਈ। ਖੇਡ ਮੁਕਾਬਲਿਆਂ ਦੌਰਾਨ ਰੀਲੇਅ ਰੇਸ, ਰੱਸਾਕਸ਼ੀ ਅਤੇ ਹੋਰ ਖੇਡਾਂ ਦੇ ਰੌਚਕ ਮੁਕਾਬਲੇ ਕਰਵਾਏ ਗਏ। ਯੋਗਾ, ਡਾਂਸ, ਫਿਟਨੈੱਸ, ਐਕਸਰਸਾਈਜ਼ ਅਤੇ ਡਾਂਡੀਆ ਡਰਿੱਲ ਵਿੱਚ ਅਥਲੀਟਾਂ ਦੇ ਪ੍ਰਦਰਸ਼ਨ ਨੇ ਆਪਣੇ ਸਮਰਪਣ ਨੂੰ ਪ੍ਰਦਰਸ਼ਿਤ ਕੀਤਾ। ‘ਏ’, ‘ਬੀ’, ‘ਸੀ’ ਅਤੇ ‘ਡੀ’ ਵੱਖ-ਵੱਖ ਸ਼੍ਰੇਣੀਆਂ ਵਿੱਚ ਕਰਵਾਏ ਇਸ ਮੁਕਾਬਲੇ ਵਿੱਚੋਂ ਗਰੁੱਪ ਏ ਵਿੱਚ ਰਿਆਨਾ ਅਰੋੜਾ, ਦੈਵਿਕ ਅਗਰਵਾਲ ਅਤੇ ਅਸ਼ਮਨ ਸਿੰਘ ਨੂੰ ਸਰਵੋਤਮ ਅਥਲੀਟ ਐਲਾਨਿਆ ਗਿਆ, ਇਸ਼ਿਤਾ ਗੋਇਲ ਅਤੇ ਤ੍ਰਿਮਾਨ ਸਿੰਘ ਨੂੰ ਗਰੁੱਪ ਬੀ ਵਿੱਚ ਸਰਵੋਤਮ ਅਥਲੀਟ, ਸਮਾਇਰਾ ਐਟਲੀ ਅਤੇ ਹਰਵਿਰਾਜ ਸਿੰਘ ਨੂੰ ਗਰੁੱਪ ਸੀ ਵਿੱਚ ਸਰਵੋਤਮ ਅਥਲੀਟ ਅਤੇ ਅਰਹਾਨ ਮਹੇਂਦਰੂ ਅਤੇ ਪ੍ਰਿਸ਼ਾ ਭਰਾਰਾ ਨੂੰ ਗਰੁੱਪ ਡੀ ਵਿੱਚ ਸਰਵੋਤਮ ਅਥਲੀਟ ਐਲਾਨਿਆ ਗਿਆ। ਜੇਤੂਆਂ ਨੂੰ ਇਨਾਮਾਂ ਦੀ ਵੰਡ ਵੀ ਕੀਤੀ ਗਈ। ਮੁੱਖ ਮਹਿਮਾਨ ਡਾ. ਗੋਸਲ ਨੇ ਕਿਹਾ ਕਿ ਖੇਡਾਂ ਹਰ ਕਿਸੇ ਦੇ ਜੀਵਨ ਵਿੱਚ ਖਾਸ ਕਰਕੇ ਵਿਦਿਆਰਥੀਆਂ ਦੇ ਜੀਵਨ ਵਿੱਚ ਅਹਿਮ ਭੂਮਿਕਾ ਅਦਾ ਕਰਦੀਆਂ ਹਨ। ਦਿਨ ਦੀ ਸਮਾਪਤੀ ਭੰਗੜੇ ਨਾਲ ਹੋਈ। ਅਖੀਰ ਵਿੱਚ ਪ੍ਰਿੰਸੀਪਲ ਭੁਪਿੰਦਰ ਗੋਗੀਆ ਨੇ ਸਮਾਗਮ ਨੂੰ ਸਫ਼ਲ ਬਣਾਉਣ ਲਈ ਸਾਰੇ ਭਾਗੀਦਾਰਾਂ, ਸਟਾਫ਼ ਤੇ ਮਾਪਿਆਂ ਦੀ ਸ਼ਲਾਘਾ ਕੀਤੀ।