For the best experience, open
https://m.punjabitribuneonline.com
on your mobile browser.
Advertisement

1855: ਬਹਾਦਰ ਆਦਿਵਾਸੀ ਔਰਤਾਂ ਦੀ ਭੁੱਲੀ ਵਿਸਰੀ ਵਿਰਾਸਤ

10:37 AM Jul 09, 2023 IST
1855  ਬਹਾਦਰ ਆਦਿਵਾਸੀ ਔਰਤਾਂ ਦੀ ਭੁੱਲੀ ਵਿਸਰੀ ਵਿਰਾਸਤ
Advertisement

ਰੋਹ ਵਿਦਰੋਹ

Advertisement

ਅਮੋਲਕ ਸਿੰਘ

Advertisement

1857 ਦੇ ਗ਼ਦਰ ਨੂੰ ਭਾਰਤ ਦੀ ਪਹਿਲੀ ਜੰਗ-ਏ-ਆਜ਼ਾਦੀ ਕਿਹਾ ਜਾਂਦਾ ਹੈ। ਇਸ ਤੋਂ ਦੋ ਸਾਲ ਪਹਿਲਾਂ ਸੰਥਾਲ ਖੇਤਰ ਦੇ ਆਦਿਵਾਸੀਆਂ ਨੇ ਬ੍ਰਿਟਿਸ਼ ਰਾਜ ਅਤੇ ਸਥਾਨਕ ਰਜਵਾੜਿਆਂ, ਜਾਗੀਰਦਾਰਾਂ ਖਿਲਾਫ਼ ਗ਼ਦਰ ਕੀਤਾ ਜਿਸ ਦੀ 1855-56 ਦੌਰਾਨ ਪਈ ਗੂੰਜ ਨਾਲ ਜੰਗਲ ਗੂੰਜਦਾ ਰਿਹਾ। ਇਹ ਗੂੰਜ ਸਾਡੇ ਚੇਤਿਆਂ ਦੀ ਡਾਇਰੀ ਦਾ ਸਫ਼ਾ ਕਿਉਂ ਨਹੀਂ ਬਣ ਸਕੀ? ਇਹ ਸੁਆਲ ਮੁਲਕ ਦੇ ਹੁਕਮਰਾਨਾਂ, ਯੂਨੀਵਰਸਿਟੀਆਂ, ਖੋਜਾਰਥੀਆਂ ਦੇ ਮਨ ਵਿਚ ਖੌਰੂ ਪਾਉਂਦਾ ਰਹੇਗਾ। ਇਸ ਦੀ ਗਹਿਰੀ ਖੋਜ ਅਜੇ ਵੀ ਹੋਣੀ ਹੈ।
1855 ਦੀ ਗੱਲ ਹੈ ਕਿ ਬਰਤਾਨਵੀ ਈਸਟ ਇੰਡੀਆ ਕੰਪਨੀ ਨੇ ਜੰਗਲ ਉੱਪਰ ਨਿਗ੍ਹਾ ਟਿਕਾ ਲਈ। ਸੰਥਾਲ ਪਰਗਣਾ ਟੈਨੈਂਸੀ ਐਕਟ (1912) ਨੂੰ ਬਦਲ ਕੇ ਗ਼ੈਰ-ਕਬਾਇਲੀਆਂ ਨੂੰ ਜੰਗਲ ਅੰਦਰ ਜ਼ਮੀਨ ਜਾਇਦਾਦ ਖ਼ਰੀਦਣ ਦੀ ਖੁੱਲ੍ਹ ਦੇ ਦਿੱਤੀ। ਜੰਗਲ ਨਾਲ ਆਦਿਵਾਸੀਆਂ ਦਾ ਜਿਉਣ ਮਰਨ ਜੁੜਿਆ ਹੋਇਆ ਹੈ। ਜੰਗਲ ਆਦਿਵਾਸੀਆਂ ਲਈ ਕੁਦਰਤੀ ਅਨਮੋਲ ਖ਼ਜ਼ਾਨਾ ਸੀ ਉਹ ਇਸ ਨੂੰ ਚੁੱਪ-ਚੁਪੀਤੇ ਕਿਵੇਂ ਜਰ ਲੈਂਦੇ?
ਨਿੱਜੀ ਜਾਇਦਾਦ ਦਾ ਹੱਕ ਮਿਲਦਿਆਂ ਹੀ ਜੰਗਲ, ਜਲ, ਜ਼ਮੀਨ ਨੂੰ ਜੱਫ਼ਾ ਮਾਰਨ ਲਈ ਧਾਅ ਕੇ ਪਏ ਜਾਗੀਰਦਾਰਾਂ ਅਤੇ ਦੇਸੀ ਵਿਦੇਸ਼ੀ ਕੰਪਨੀਆਂ ਨੇ ਉੱਥੇ ਕਾਬਜ਼ ਹੋਣ ਲਈ ਹਰ ਹਰਬਾ ਵਰਤਿਆ। ਇਨ੍ਹਾਂ ਦੇ ਨਾਲ ਨਾਲ ਸ਼ਾਹੂਕਾਰਾਂ ਸੂਦਖੋਰਾਂ ਦਾ ਟਿੱਡੀ ਦਲ ਵੀ ਜੰਗਲ ਦੇ ਜਨ-ਜੀਵਨ ਨੂੰ ਬੁਰਕ ਮਾਰਨ ਲੱਗਾ। ਲੋਕਾਂ ਅੰਦਰ ਰੋਹ ਭਰੀ ਵਿਦਰੋਹੀ ਚਿਣਗ ਮਘ ਉੱਠੀ। ਲੋਕਾਂ ਅੰਦਰ ਉੱਸਲਵੱਟੇ ਲੈਂਦੀ ਬੇਚੈਨੀ ਅਗਵਾਈ ਭਾਲਦੀ ਸੀ।
ਜੰਗਲ ਦੀ ਹੂਕ ਸੁਣ ਕੇ, ਜੰਗਲ ਦੀਆਂ ਜਾਈਆਂ ਜੌੜੀਆਂ ਭੈਣਾਂ ਫੂਲੋ ਮੁਰਮੂ ਅਤੇ ਝਾਨੋ ਮੁਰਮੂ ਨੇ ਈਸਟ ਇੰਡੀਆ ਕੰਪਨੀ, ਇਸ ਦੇ ਮਾਲਕਾਂ, ਇਸ ਦੇ ਸੇਵਾਦਾਰ ਭਾਰਤੀ ਜਾਗੀਰਦਾਰਾਂ, ਕੰਪਨੀਆਂ ਅਤੇ ਸ਼ਾਹੂਕਾਰਾਂ ਖਿਲਾਫ਼ ਬਗ਼ਾਵਤ ਦਾ ਝੰਡਾ ਚੁੱਕ ਲਿਆ। ਦੋਵੇਂ ਭੈਣਾਂ ਆਦਿਵਾਸੀ ਝੁੱਗੀਆਂ ਝੌਂਪੜੀਆਂ ਵੱਲ ਚੱਲ ਪਈਆਂ। ਉਨ੍ਹਾਂ ਨੇ ਉਦਾਸ ਲੋਕਾਂ ਨੂੰ ਮੋਢਾ ਦੇ ਕੇ ਖੜ੍ਹੇ ਕੀਤਾ। ਆਦਿਵਾਸੀਆਂ ਦੇ ਨੈਣਾਂ ਵਿਚ ਰੌਸ਼ਨ ਸਵੇਰ ਦੀ ਉਮੀਦ ਭਰੀ ਲਿਸ਼ਕੋਰ ਪਈ।
ਇਨ੍ਹਾਂ ਵੀਰਾਂਗਣਾਵਾਂ ਨੇ ਆਪਣੇ ਮੋਢਿਆਂ ’ਤੇ ਤੀਰ ਕਮਾਨ ਚੁੱਕ ਲਏ। ਇਨ੍ਹਾਂ ਦੇ ਭੈਣ ਭਰਾ ਸ਼ਿੰਦੋ, ਕਾਨੂੰ, ਚਾਂਦ ਅਤੇ ਭੈਰਵ ਮੁਰਮੂ ਵੀ ਉਨ੍ਹਾਂ ਨਾਲ ਬਾਗ਼ੀ ਰਾਹਾਂ ਦੇ ਰਾਹੀ ਬਣ ਕੇ ਚੱਲ ਪਏ।
ਇਨ੍ਹਾਂ ਸਾਰਿਆਂ ਨੇ ਜੰਗਲ ਦੀ ਖ਼ਾਮੋਸ਼ੀ ਨੂੰ ਬੋਲ ਦਿੱਤੇ। ਰਾਤਾਂ ਨੂੰ ਨਿੰਮੀ ਨਿੰਮੀ ਲੋਅ ’ਚ ਆਪਣੇ ਵਡੇਰਿਆਂ ਨਾਲ ਰਾਵਾਂ ਕੀਤੀਆਂ। ਉਨ੍ਹਾਂ ਨਵੇਂ ਗੁਰ ਦੱਸੇ ਕਿ ਗੁੱਸੇ ਦੀ ਅੱਗ ਵਿਚ ਬਲਣ ਦੀ ਬਜਾਏ ਆਦਿਵਾਸੀ ਭਰਾਵਾਂ ਦਾ ਜਨਤਕ ਸਹਿਯੋਗ ਲਉ, ਇਕੱਲੇ ਇਕੱਲੇ ਭੜਕ ਕੇ ਕੁਝ ਨਹੀਂ ਬਣਨਾ, ਹਥਿਆਰਾਂ ਨਾਲ ਲੈਸ ਕੰਪਨੀਆਂ ਅਤੇ ਜਾਗੀਰਦਾਰਾਂ ਦੇ ਲੱਠਮਾਰਾਂ ਨੂੰ ਨਕੇਲ ਪਾਉਣ ਲਈ ਆਦਿਵਾਸੀ ਭਾਈਚਾਰੇ ਨੂੰ ਵਿਚਾਰਾਂ ਅਤੇ ਰਵਾਇਤੀ ਹਥਿਆਰਾਂ ਨਾਲ ਲੈਸ ਕਰਨਾ ਲਾਜ਼ਮੀ ਹੈ।
ਕੰਨੋਂ ਕੰਨ ਖ਼ਬਰਾਂ ਹੋਈਆਂ। ਕੁੱਲੀਆਂ ਆਪੋ ’ਚ ਵਿਚਾਰਾਂ ਕਰਨ ਲੱਗੀਆਂ। ਬਗਾਵਤ ਦੇ ਬੀਜ ਬੀਜਣ ਵਾਲਿਆਂ ਦੀ ਪੈੜ ਚਾਲ ਕੰਨੀਂ ਪੈਣ ਲੱਗੀ। ਆਦਿਵਾਸੀਆਂ ਨੇ ਆਪਣੀ ਨਵੀਂ ਜ਼ਿੰਦਗੀ ਦਾ ਨਵਾਂ ਨਕੋਰ ਸਫ਼ਾ ਲਿਖਿਆ। ਉਨ੍ਹਾਂ ਨੇ ‘ਹੂਲ’ (ਮੁਕਤੀ ਲਹਿਰ) ਦਾ ਨਾਦ ਵਜਾ ਦਿੱਤਾ। ਜੰਗਲ ਦਾ ਖਿੱਤਾ ਸਮੂਹ-ਗਾਇਨ ਵਾਂਗ ਵਿਦਰੋਹੀ ਗੀਤ ਗਾਉਣ ਲੱਗਾ: ‘ਜੀਵਾਂਗੇ ਜਾਂ ਮਰਾਂਗੇ, ਜੰਗਲ ਦੀ ਰਾਖੀ ਕਰਾਂਗੇ’; ‘ਜੰਗਲ, ਜੰਗਲ ਦੇ ਲੋਕਾਂ ਦਾ, ਨਹੀਂ ਧਾੜਵੀ ਜੋਕਾਂ ਦਾ’ ਵਰਗੇ ਨਾਅਰਿਆਂ ਦੀ ਗੂੰਜ ਲੋਕਾਂ ਦੇ ਬੋਲਾਂ ਵਿਚ ਘੁਲ-ਮਿਲ ਗਈ।
ਉਨ੍ਹਾਂ ਨੇ ਲੋਕਾਂ ਨੂੰ ਸਮਝਾਇਆ ਕਿ ਅਸੀਂ ਅਮਨ ਦੀਆਂ ਘੁੱਗੀਆਂ ਕਿੰਨੀ ਦੇਰ ਬਾਜ਼ਾਂ ਦੇ ਪੰਜਿਆਂ ਵਿਚ ਤੜਫ਼ਦੀਆਂ ਰਹਾਂਗੀਆਂ। ਅਸੀਂ ਜੰਗਲ ਦੇ ਬਿਰਖ਼ ਦੀ ਟਾਹਣੀ ਟੁੱਟਦੀ ’ਤੇ ਵੀ ਉਹਦੇ ਵਿਯੋਗ ਵਿਚ ਉਦਾਸ ਹੋ ਜਾਂਦੇ ਹਾਂ। ਸਾਡੀਆਂ ਮਾਵਾਂ ਸਰਘੀ ਵੇਲੇ ਹੀ ਕੰਮਾਂ ਨੂੰ ਤੁਰ ਜਾਂਦੀਆਂ। ਸਾਨੂੰ ਤਾਂ ਲੋਰੀਆਂ ਹੀ ਜੰਗਲ ਦੀ ਗੋਦ ਵਿਚ ਮਿਲੀਆਂ ਨੇ। ਅਸੀਂ ਬਿਰਖਾਂ ਦੇ ਝੂਲੇ ਅਤੇ ਹਵਾ ਦੇ ਬੁੱਲੇ ਮਾਣੇ ਨੇ। ਇਹ ਸਭ ਕੁਝ ਖੋਹਣ ਆ ਪਏ ਨੇ। ਇਹ ਧਾੜਵੀ, ਅਰਜ਼ੀਆਂ ਨਾਲ ਆਪਣੇ ਪੈਰ ਪਿੱਛੇ ਕਰਨ ਵਾਲੇ ਨਹੀਂ।
ਉਨ੍ਹਾਂ ਪ੍ਰੇਰਿਆ ਕਿ ਆਪਣੇ ਤੀਰ, ਨੇਜ਼ੇ, ਕੁਹਾੜੀ ਅਤੇ ਹੋਰ ਰਵਾਇਤੀ ਹਥਿਆਰ ਆਪਣੀ ਸਵੈ-ਰਾਖੀ ਲਈ ਇਕੱਠੇ ਕਰਨਾ ਆਪਣੀ ਅਣਸਰਦੀ ਲੋੜ ਹੈ। ਜੰਗਲ ਸਾਡੀ ਮਾਂ ਹੈ, ਕੋਈ ਮਾਂ ਨੂੰ ਉਧਾਲਣ ਆ ਪਵੇ ਤਾਂ ਮਾਂ ਦੀ ਆਬਰੂ ਨਾਲ ਖਿਲਵਾੜ ਕਿਵੇਂ ਝੱਲਿਆ ਜਾ ਸਕਦਾ ਹੈ। ਇਹ ਬਾਗ਼ੀ ਸੁਰਾਂ ਡਾਢਿਆਂ ਤੱਕ ਵੀ ਪੁੱਜੀਆਂ। ਉਹ ਬਾਗ਼ੀ ਪੌਣਾਂ ਥੰਮ੍ਹਣ ਲਈ ਗੋਂਦਾਂ ਗੁੰਦਣ ਲੱਗੇ। ਉਨ੍ਹਾਂ ਨੇ ਆਦਿਵਾਸੀ ਭੈਣਾਂ ਦੀ ਅਗਵਾਈ ਹੇਠ ਕਰਵਟ ਲੈ ਰਹੇ ਜੰਗਲ ਦੀ ਸੰਘੀ ਨੱਪਣ ਵਾਸਤੇ ਘੇਰਾਬੰਦੀ ਕਰ ਲਈ।
ਫੂਲੋ ਮੁਰਮੂ ਅਤੇ ਝਾਨੋ ਮੁਰਮੂ ਪੂਰੀ ਹੁਸ਼ਿਆਰੀ ਨਾਲ ਘੇਰੇ ’ਚੋਂ ਨਿਕਲ ਗਈਆਂ। ਉਹ ਅੰਬਰੋਂ ਡਿੱਗੀ ਬਿਜਲੀ ਵਾਂਗ ਵਰ੍ਹੀਆਂ ਅਤੇ ਉਨ੍ਹਾਂ ਨੇ ਰਾਤ ਦੇ ਹਨੇਰੇ ਵਿਚ 21 ਬ੍ਰਿਟਿਸ਼ ਫ਼ੌਜੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਬੱਸ ਫਿਰ ਕੀ ਸੀ ਬ੍ਰਿਟਿਸ਼ ਹਕੂਮਤ ਨੂੰ ਸੱਤੀਂ ਕੱਪੜੀਂ ਅੱਗ ਲੱਗ ਗਈ। ਉਨ੍ਹਾਂ ਨੇ ਬਗ਼ਾਵਤ ਦਾ ਨਾਮੋ ਨਿਸ਼ਾਨ ਮਿਟਾ ਦੇਣ ਦੀ ਠਾਣ ਲਈ। ਬਾਗ਼ੀ ਖੇਤਰ ਦਾ ਘੇਰਾ ਹੋਰ ਤੰਗ ਕਰ ਦਿੱਤਾ। ਹਰ ਤਰ੍ਹਾਂ ਦੀ ਨਾਕਾਬੰਦੀ ਕਰ ਦਿੱਤੀ। 1855-56 ਦਰਮਿਆਨ ਸੰਥਾਲ ਆਜ਼ਾਦੀ ਘੁਲਾਟੀਏ ਸੀਸ ਤਲੀ ’ਤੇ ਧਰ ਕੇ ਲੜੇ। ਕੋਈ 25,000 ਆਦਿਵਾਸੀ ਇਸ ਸੰਗਰਾਮ ’ਚ ਸ਼ਹੀਦੀ ਜਾਮ ਪੀ ਗਏ। ਇੱਕ ਵੀ ਆਦਿਵਾਸੀ ਨੇ ਸਾਹਮਣੇ ਖੜ੍ਹੀ ਮੌਤ ਤੱਕ ਕੇ ਗੋਡੇ ਨਾ ਟੇਕੇ; ਆਤਮ ਸਮਰਪਣ ਨਾ ਕੀਤਾ। ਉਨ੍ਹਾਂ ਜਿੰਦਾਂ ਵਾਰ ਕੇ ਸੰਗਰਾਮ ਨੂੰ ਜ਼ਿੰਦਾ ਰੱਖਿਆ, ਇਤਿਹਾਸ ਦੀ ਸ਼ਾਨ ਸਲਾਮਤ ਰੱਖੀ।
1857 ਦੇ ਗ਼ਦਰ ਤੋਂ ਪਹਿਲਾਂ ਹੋਇਆ ਇਹ ਸ਼ਾਨਾਮੱਤਾ ਇਤਿਹਾਸਕ ਗ਼ਦਰ ਸ਼ਾਇਦ ਇਸ ਕਰਕੇ ਸਮਿਆਂ ਦੀ ਧੂੜ ਵਿਚ ਗੁਆਚ ਗਿਆ ਕਿਉਂਕਿ ਆਦਿਵਾਸੀ ਅੰਦੋਲਨ ਦੀ ਅਜੋਕੇ ਸਮਿਆਂ ਅੰਦਰ ਪ੍ਰਸੰਗਿਕਤਾ ਅਤੇ ਮਹੱਤਤਾ ਗਹਿਰੇ ਅਰਥ ਰੱਖਦੀ ਹੈ। ਖ਼ਾਸ ਕਰਕੇ ਅੱਜ ਜਦੋਂ ਆਦਿਵਾਸੀ ਖੇਤਰ ਦੇ ਅਨਮੋਲ ਕੁਦਰਤੀ ਖ਼ਜ਼ਾਨਿਆਂ ਉਪਰ ਜੱਫ਼ਾ ਮਾਰਿਆ ਜਾ ਰਿ ਹਾਹੈ। ਆਦਿਵਾਸੀਆਂ ਦੀ ਜ਼ੁਬਾਨਬੰਦੀ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਜਾਗਰੂਕ ਕਰਨ ਤੁਰੇ ਲੋਕ-ਦਰਦੀਆਂ ਨੂੰ ਜੇਲ੍ਹਾਂ ਅੰਦਰ ਡੱਕਿਆ ਜਾ ਰਿਹਾ ਹੈ।
‘’ਆਜ਼ਾਦੀ ਦਾ ਅੰਮ੍ਰਿਤ ਮਹਾਂ ਉਤਸਵ’ ਮਨਾਉਣ ਸਮੇਂ ਆਦਿਵਾਸੀਆਂ ਦਾ ਇਹ ਸਮੂਹਿਕ ਕਤਲੇਆਮ ਕਿਉਂ ਭੁਲਾ ਦਿੱਤਾ। ਜਲ੍ਹਿਆਂਵਾਲਾ ਬਾਗ਼ ਦੀ ਖ਼ੂਨੀ ਵਿਸਾਖੀ ਹੀ ਆਦਿਵਾਸੀਆਂ ਵੱਲੋਂ ਮੁਲਕ ਦੇ ਆਜ਼ਾਦੀ ਸੰਗਰਾਮ ਵਿਚ 25000 ਲੋਕਾਂ ਅਤੇ ਅਗਵਾਈ ਕਰਦੀਆਂ ਵੀਰਾਂਗਣਾ ਭੈਣਾਂ ਵੱਲੋਂ ਦਿੱਤੀ ਲਾਸਾਨੀ ਕੁਰਬਾਨੀ, ਆਜ਼ਾਦੀ ਦੇ ਇਤਿਹਾਸ ’ਚੋਂ ਮਨਫ਼ੀ ਕੀਤੀ ਜਾ ਰਹੀ ਹੈ।
ਦੁੱਮਕਾ (ਸੀ ਅਮੜਾ) ਚੌਕ ਵਿੱਚ ਆਦਿਵਾਸੀ ਵੀਰਾਂਗਣਾਂ ਦਾ ਇਕ ਬੁੱਤ ਲਗਾ ਕੇ, ਕਾਲਜ ਦਾ ਨਾਮ ਰੱਖ ਕੇ ਜਾਂ ਰਾਸ਼ਟਰਪਤੀ ਮੁਰਮੂ ਦਾ ਹਵਾਲਾ ਦੇ ਕੇ ਆਦਿਵਾਸੀ ਇਤਿਹਾਸ ਦੀ ਪ੍ਰਤੀਨਿਧਤਾ ਦਾ ਢੁਕਵਾਂ ਜਵਾਬ ਨਹੀਂ ਮਿਲ ਸਕਦਾ।
ਇਹ ਜੁਲਾਈ 1855 ਦੇ ਸ਼ੁਰੂਆਤੀ ਦਿਨ ਸਨ। ਫੂਲੋ ਮੁਰਮੂ, ਝਾਨੋ ਮੁਰਮੂ ਅਤੇ ਹਜ਼ਾਰਾਂ ਆਦਿਵਾਸੀਆਂ ਦੀ ਭੁਲਾਈ ਵਿਸਾਰੀ ਜਾ ਰਹੀ ਡੁੱਲ੍ਹੀ ਰੱਤ, ਇਸ ਗੌਰਵਮਈ ਵਿਰਾਸਤ ਵੱਲ ਪਿੱਠ ਕਰਨ ਬਾਰੇ ਸੁਆਲ ਕਰਦੀ ਰਹੇਗੀ: ‘‘ਕੀ ਇਹ ਵੀਰਾਂਗਣਾਂ ਅਤੇ ਜਿੰਦੜੀਆਂ ਵਾਰ ਗਏ ਆਦਿਵਾਸੀ ਆਜ਼ਾਦੀ ਸੰਗਰਾਮ ਦੀ ਅਮੀਰ ਵਿਰਾਸਤ ਨਹੀਂ?’’
ਸੰਪਰਕ: 98778-68710

Advertisement
Tags :
Author Image

sukhwinder singh

View all posts

Advertisement