ਪਟਿਆਲਾ ਦੀਆਂ 1829 ਆਂਗਣਵਾੜੀ ਵਰਕਰਾਂ ਨੂੰ ਮਿਲੇਗਾ ਪ੍ਰਤੀ ਸਾਲ 2 ਹਜ਼ਾਰ ਦਾ ਮੋਬਾਈਲ ਡੇਟਾ ਪੈਕੇਜ
ਨਿੱਜੀ ਪੱਤਰ ਪ੍ਰੇਰਕ
ਦੇਵੀਗੜ੍ਹ, 4 ਜੂਨ
ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਬਾਰੇ ਮੰਤਰੀ ਡਾ. ਬਲਜੀਤ ਕੌਰ ਦੀ ਅਗਵਾਈ ਹੇਠ ਆਂਗਣਵਾੜੀ ਵਰਕਰਾਂ ਦੀ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਮੰਗ ਨੂੰ ਪੂਰ ਚੜ੍ਹਾਉਂਦਿਆਂ ਹਰੇਕ ਆਂਗਣਵਾੜੀ ਕੇਂਦਰ ਨੂੰ ਪ੍ਰਤੀ ਸਾਲ 2 ਹਜ਼ਾਰ ਰੁਪਏ ਦੇ ਮੋਬਾਈਲ ਡੇਟਾ ਪੈਕੇਜ ਦੀ ਸਹੂਲਤ ਲਾਗੂ ਕੀਤੀ ਗਈ ਹੈ ਜਿਸ ਤਹਿਤ ਪਟਿਆਲਾ ਜ਼ਿਲ੍ਹੇ ਦੇ 1829 ਆਂਗਣਵਾੜੀ ਸੈਂਟਰਾਂ ਨੂੰ ਹਰੇਕ ਸਾਲ ਪ੍ਰਤੀ ਸੈਂਟਰ 2000 ਰੁਪਏ ਦੇ ਹਿਸਾਬ ਨਾਲ ਡੇਟਾ ਪੈਕੇਜ ਦਿੱਤਾ ਜਾਵੇਗਾ।
ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨਰੇਸ਼ ਕੁਮਾਰ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਪੋਸ਼ਣ ਅਭਿਆਨ ਦੇ ਰਿਕਾਰਡ ਵਾਸਤੇ ਅਤੇ ਇਸ ਅਭਿਆਨ ਦੇ ਜ਼ਮੀਨੀ ਪੱਧਰ ‘ਤੇ ਨਿਰੀਖਣ ਲਈ ਪਿਛਲੇ ਸਮੇਂ ‘ਪੋਸ਼ਣ ਟਰੈਕਰ’ ਮੋਬਾਈਲ ਐਪ ਜਾਰੀ ਕੀਤੀ ਸੀ, ਜਿਸ ਨੂੰ ਚਲਾਉਣ ਵਾਸਤੇ ਆਂਗਣਵਾੜੀ ਵਰਕਰਾਂ ਨੂੰ ਮੋਬਾਈਲ ਡੇਟਾ ਪੈਕੇਜ ਲੋੜੀਂਦਾ ਸੀ ਤਾਂ ਜੋ ਉਨ੍ਹਾਂ ਨੂੰ ਆਪਣੇ ਕੋਲੋਂ ਡੇਟਾ ਨਾ ਖ਼ਰਚਣਾ ਪਵੇ। ਇਸ ਲਈ ਪੰਜਾਬ ਸਰਕਾਰ ਵੱਲੋਂ ਹਰੇਕ ਆਂਗਣਵਾੜੀ ਕੇਂਦਰ ਲਈ ਪ੍ਰਤੀ ਸਾਲ 2 ਹਜ਼ਾਰ ਰੁਪਏ ਦੇ ਡੇਟਾ ਪੈਕੇਜ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੋਸ਼ਣ ਅਭਿਆਨ ਤਹਿਤ ਆਂਗਣਵਾੜੀ ਕੇਂਦਰਾਂ ਰਾਹੀਂ ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਪੌਸ਼ਟਿਕ ਖੁਰਾਕ ਮੁਹੱਈਆ ਕਰਵਾਈ ਜਾਂਦੀ ਹੈ ਤਾਂ ਜੋ ਉਹ ਕੁਪੋਸ਼ਣ ਦਾ ਸ਼ਿਕਾਰ ਨਾ ਹੋਣ। ਉਨ੍ਹਾਂ ਦੱਸਿਆ ਕਿ ਆਂਗਣਵਾੜੀ ਵਰਕਰਾਂ ਨੂੰ ਆਪਣੇ ਸਮਾਰਟਫ਼ੋਨ ਰਾਹੀਂ ਪੋਸ਼ਨ ਟਰੈਕਰ ਦੀ ਬਿਹਤਰ ਵਰਤੋਂ ਕਰਨ ਦੇ ਯੋਗ ਬਣਾਇਆ ਜਾਵੇਗਾ।