ਸਿਕੰਦਰਪੁਰ ਵਿੱਚੋਂ 18 ਮੋਟਰਾਂ ਦੀਆਂ ਤਾਰਾਂ ਚੋਰੀ
ਹਤਿੰਦਰ ਮਹਿਤਾ
ਜਲੰਧਰ, 4 ਸਤੰਬਰ
ਥਾਣਾ ਆਦਮਪੁਰ ਅਧੀਨ ਆਉਂਦੀ ਪੁਲੀਸ ਚੌਕੀ ਅਲਾਵਲਪੁਰ ਦੇ ਪਿੰਡ ਸਿਕੰਦਰਪੁਰ ਵਿੱਚ ਕਿਸਾਨਾਂ ਦੀਆਂ ਮੋਟਰਾਂ ਦੀਆਂ ਤਾਰਾਂ ਚੋਰੀ ਹੋ ਜਾਣ ਦਾ ਸਿਲਸਿਲਾ ਜਾਰੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅਲਾਵਲਪੁਰ ਨੇੜੇ ਪਿੰਡ ਸਿਕੰਦਰਪੁਰ ਵਿੱਚ ਲਗਭਗ ਪਿਛਲੇ 40 ਦਿਨਾਂ ਤੋਂ ਪਿੰਡ ਵਿੱਚ ਕਿਸਾਨਾਂ ਦੀਆਂ ਮੋਟਰਾਂ ਦੀਆਂ ਤਾਰਾਂ ਬੀਤੀ ਰਾਤ ਤੀਜੀ ਵਾਰ ਚੋਰੀ ਹੋ ਗਈਆਂ। ਜ਼ਿਕਰਯੋਗ ਹੈ ਕਿ ਸਿਕੰਦਰਪੁਰ ਵਿੱਚ ਪਹਿਲੀ ਵਾਰ ਤਾਰਾਂ ਚੋਰੀ ਹੋਣ ਮਗਰੋਂ ਪੁਲੀਸ ਪ੍ਰਸ਼ਾਸਨ ਨੇ ਪਿੰਡ ਵਿੱਚ ਪਹਿਰਾ ਲਗਾਉਣ ਦੀ ਸਲਾਹ ਦਿੱਤੀ। ਪਹਿਰਾ ਲੱਗਣ ਦੇ ਬਾਵਜੂਦ ਚੋਰਾਂ ਨੇ ਬੀਤੀ ਰਾਤ 18 ਮੋਟਰਾਂ ਦੀਆਂ ਤਾਰਾਂ ਚੋਰੀ ਕਰ ਲਈਆਂ। ਅਲਾਵਲਪੁਰ ਪੁਲੀਸ ਚੌਕੀ ਇੰਚਾਰਜ ਏਐੱਸਆਈ ਰਜਿੰਦਰ ਸ਼ਰਮਾ ਨੇ ਪੁਲੀਸ ਪਾਰਟੀ ਨਾਲ ਵੱਖ ਵੱਖ ਮੋਟਰਾਂ ’ਤੇ ਜਾ ਕੇ ਚੋਰੀ ਸਬੰਧੀ ਜਾਂਚ ਸ਼ੁਰੂ ਕੀਤੀ ਹੈ। ਸੀਸੀਟੀਵੀ ਫੁਟੇਜ਼ ਵਿੱਚੋਂ ਪੁਲੀਸ ਨੂੰ ਕੁਝ ਹਾਸਿਲ ਨਹੀਂ ਹੋਇਆ।
ਚੋਰਾਂ ਨੇ ਪਿੰਡ ਦੇ ਕਿਸਾਨ ਰਸ਼ਪਾਲ ਸਿੰਘ ਦੀਆਂ ਛੇ ਮੋਟਰਾਂ, ਜਰਨੈਲ ਸਿੰਘ ਦੀ ਇੱਕ ਮੋਟਰ, ਸਰਬਜੀਤ ਸਿੰਘ ਇੱਕ ਮੋਟਰ, ਸੁਖਜੀਤ ਸਿੰਘ ਇੱਕ ਮੋਟਰ, ਸੁਖਵਿੰਦਰ ਸਿੰਘ ਇੱਕ, ਬਲਵਿੰਦਰ ਸਿੰਘ ਇੱਕ, ਲਸ਼ਕਰ ਸਿੰਘ ਇੱਕ ਮੋਟਰ, ਕਰਨੈਲ ਸਿੰਘ ਇੱਕ, ਦਵਿੰਦਰ ਸਿੰਘ ਦੋ, ਚਰਨਜੀਤ ਸਿੰਘ ਇੱਕ, ਹਰਬੰਸ ਸਿੰਘ ਇੱਕ, ਚੰਚਲ ਸਿੰਘ ਇੱਕ ਮੋਟਰ ਲਗਭਗ 18 ਮੋਟਰਾਂ ਦੀਆਂ ਤਾਰਾਂ ਚੋਰੀ ਹੋਈਆਂ।
ਸਿਕੰਦਰਪੁਰ ਦੇ ਪੀੜਤ ਕਿਸਾਨਾਂ ਨੇ ਕਿਹਾ ਕਿ ਪੁਲੀਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਹੀ ਪਿੰਡ ਵਿੱਚ ਤੀਜੀ ਵਾਰ ਮੋਟਰਾਂ ਦੀਆਂ ਤਾਰਾਂ ਚੋਰੀ ਹੋਈਆਂ ਹਨ। ਉਨ੍ਹਾਂ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਲਾਕੇ ਵਿੱਚ ਵਧ ਰਹੀਆਂ ਚੋਰੀਆਂ ਨੂੰ ਠੱਲ ਪਾਉਣ ਲਈ ਉਚਿਤ ਪ੍ਰਬੰਧ ਕੀਤੇ ਜਾਣ ਤਾਂ ਜੋ ਕਿਸਾਨਾਂ ਦੇ ਹੋ ਰਹੇ ਨੁਕਸਾਨ ਨੂੰ ਰੋਕਿਆ ਜਾ ਸਕੇ।