ਕੰਪਨੀਆਂ ਤੋਂ ਪੁਰਾਣੇ ਇਲੈਕਟ੍ਰਿਕ ਵਾਹਨ ਖ਼ਰੀਦਣ ’ਤੇ ਲੱਗੇਗਾ 18 ਫ਼ੀਸਦ ਜੀਐੱਸਟੀ
ਜੈਸਲਮੇਰ, 21 ਦਸੰਬਰ
ਜੀਐੱਸਟੀ ਕੌਂਸਲ ਨੇ ਕੰਪਨੀਆਂ ਤੋਂ ਖ਼ਰੀਦੇ ਗਏ ਪੁਰਾਣੇ ਇਲੈਕਟ੍ਰਿਕ ਵਾਹਨ ਦੇ ਮਾਰਜਿਨ ਮੁੱਲ ’ਤੇ ਟੈਕਸ ਦੀ ਦਰ 12 ਫ਼ੀਸਦ ਤੋਂ ਵਧਾ ਕੇ 18 ਫ਼ੀਸਦ ਕਰ ਦਿੱਤੀ ਹੈ। ਉਂਝ ਨਿੱਜੀ ਤੌਰ ’ਤੇ ਪੁਰਾਣੇ ਵਾਹਨਾਂ ਦੀ ਵੇਚ-ਵੱਟ ’ਤੇ ਜੀਐੱਸਟੀ ਤੋਂ ਛੋਟ ਜਾਰੀ ਰਹੇਗੀ। ਕਿਸਾਨਾਂ ਵੱਲੋਂ ਵੇਚੀ ਜਾਣ ਵਾਲੀ ਕਾਲੀ ਮਿਰਚ ਅਤੇ ਕਿਸ਼ਮਿਸ਼ ਜੀਐੱਸਟੀ ਦੇ ਦਾਇਰੇ ’ਚ ਨਹੀਂ ਆਉਣਗੇ। ਕੌਂਸਲ ਨੇ ਕੁਦਰਤੀ ਆਫ਼ਤਾਂ ਕਾਰਨ ਵਿੱਤੀ ਸੰਕਟ ਤੋਂ ਉਭਰਨ ਵਾਸਤੇ ਸੂਬਿਆਂ ਨੂੰ ਜੀਐੱਸਟੀ ਲਗਾਉਣ ਦੀ ਤਜਵੀਜ਼ ਵਾਸਤੇ ਮੰਤਰੀ ਸਮੂਹ ਬਣਾਉਣ ਦਾ ਫ਼ੈਸਲਾ ਲਿਆ ਹੈ। ਇਸ ’ਚ ਉੱਤਰ ਪ੍ਰਦੇਸ਼, ਤਿਲੰਗਾਨਾ ਅਤੇ ਪੱਛਮੀ ਬੰਗਾਲ ਦੇ ਵਿੱਤ ਮੰਤਰੀ ਸ਼ਾਮਲ ਹੋਣਗੇ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਹੈ ਕਿ ਜੀਐੱਸਟੀ ਕੌਂਸਲ ਨੇ ਫੋਰਟੀਫਾਈਡ ਚੌਲਾਂ ’ਤੇ ਟੈਕਸ ਦੀ ਦਰ 18 ਫ਼ੀਸਦ ਤੋਂ ਘਟਾ ਕੇ ਪੰਜ ਫ਼ੀਸਦ ਕਰ ਦਿੱਤੀ ਹੈ। ਜੀਐੱਸਟੀ ਕੌਂਸਲ ਦੀ ਇਥੇ ਹੋਈ ਮੀਟਿੰਗ ਦੌਰਾਨ ਪੌਪਕੌਰਨ ’ਤੇ ਟੈਕਸ ਬਾਰੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਗਿਆ ਕਿ ਕੈਰਾਮਲਾਈਜ਼ਡ ਪੌਪਕੌਰਨ ’ਤੇ 18 ਫ਼ੀਸਦ ਟੈਕਸ ਲੱਗੇਗਾ। ਕੌਂਸਲ ਨੇ ਸਵਿਗੀ ਅਤੇ ਜ਼ੋਮੈਟੋ ਜਿਹੀਆਂ ਕੰਪਨੀਆਂ ਲਈ ਟੈਕਸ ਦਰਾਂ ਬਾਰੇ ਫ਼ੈਸਲਾ ਮੁਲਤਵੀ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜੀਨ ਥੈਰੇਪੀ ਨੂੰ ਹੁਣ ਜੀਐੱਸਟੀ ਤੋਂ ਰਾਹਤ ਦਿੱਤੀ ਗਈ ਹੈ। ਸੀਤਾਰਮਨ ਨੇ ਕਿਹਾ ਕਿ ਬੈਂਕਾਂ ਜਾਂ ਵਿੱਤੀ ਅਦਾਰਿਆਂ ਵੱਲੋਂ ਕਰਜ਼ਦਾਤਿਆਂ ’ਤੇ ਲਾਏ ਜਾਂਦੇ ਜੁਰਮਾਨੇ ’ਤੇ ਕੋਈ ਜੀਐੱਸਟੀ ਨਹੀਂ ਦੇਣਾ ਪਵੇਗਾ। ਉਧਰ ਟੈਕਸ ਦਰਾਂ ਨੂੰ ਤਰਕਸੰਗਤ ਬਣਾਉਣ ’ਤੇ ਮੰਤਰੀ ਸਮੂਹ ਦੀ ਰਿਪੋਰਟ ਕੌਂਸਲ ਅੱਗੇ ਪੇਸ਼ ਨਹੀਂ ਕੀਤੀ ਗਈ। ਏਵੀਏਸ਼ਨ ਟਰਬਾਈਨ ਫਿਊਲ (ਏਟੀਐੱਫ) ਨੂੰ ਜੀਐੱਸਟੀ ਦੇ ਘੇਰੇ ’ਚ ਲਿਆਉਣ ’ਤੇ ਵੀ ਸਹਿਮਤੀ ਨਹੀਂ ਬਣੀ ਹੈ। -ਪੀਟੀਆਈ
ਜੀਵਨ ਤੇ ਸਿਹਤ ਬੀਮੇ ’ਤੇ ਟੈਕਸ ਘਟਾਉਣ ਸਬੰਧੀ ਫ਼ੈਸਲਾ ਟਲਿਆ
ਜੀਐੱਸਟੀ ਕੌਂਸਲ ਨੇ ਜੀਵਨ ਤੇ ਸਿਹਤ ਬੀਮੇ ਉੱਤੇ ਟੈਕਸ ਘਟਾਉਣ ਸਬੰਧੀ ਫ਼ੈਸਲਾ ਮੁਲਤਵੀ ਕਰ ਦਿੱਤਾ ਹੈ। ਕੌਂਸਲ ਦੇ ਕੁਝ ਮੈਂਬਰਾਂ ਨੇ ਮਹਿਸੂਸ ਕੀਤਾ ਕਿ ਬੀਮੇ ’ਤੇ ਟੈਕਸ ਦੇ ਸਬੰਧ ’ਚ ਅੰਤਿਮ ਫ਼ੈਸਲਾ ਲੈਣ ਤੋਂ ਪਹਿਲਾਂ ਹੋਰ ਵਿਚਾਰ ਵਟਾਂਦਰੇ ਦੀ ਲੋੜ ਹੈ ਕਿਉਂਕਿ ਬੀਮਾ ਨਿਗਰਾਨ ‘ਇਰਡਾ’ ਦੀਆਂ ਟਿੱਪਣੀਆਂ ਸਮੇਤ ਕਈ ਸੁਝਾਵਾਂ ਦੀ ਉਡੀਕ ਹੈ। ਬੀਮੇ ਬਾਰੇ ਮੰਤਰੀ ਸਮੂਹ ਦੀ ਕਮੇਟੀ ਦੇ ਮੁਖੀ ਤੇ ਸਮਰਾਟ ਚੌਧਰੀ ਨੇ ਕਿਹਾ ਕਿ ਕਮੇਟੀ ਦੀ ਜਨਵਰੀ ’ਚ ਮੀਟਿੰਗ ਹੋਵੇਗੀ। -ਪੀਟੀਆਈ