17ਵਾਂ ਆਲ ਇੰਡੀਆ ਬਲਵੰਤ ਸਿੰਘ ਕਪੂਰ ਹਾਕੀ ਟੂਰਨਾਮੈਂਟ ਅੱਜ ਤੋਂ
ਨਿੱਜੀ ਪੱਤਰ ਪ੍ਰੇਰਕ
ਜਲੰਧਰ 18 ਨਵੰਬਰ
17ਵਾਂ ਆਲ ਇੰਡੀਆ ਬਲਵੰਤ ਸਿੰਘ ਕਪੂਰ ਯਾਦਗਾਰੀ ਟੂਰਨਾਮੈਂਟ-ਮਾਤਾ ਪ੍ਰਕਾਸ਼ ਕੌਰ ਕੱਪ 19 ਤੋਂ 26 ਨਵੰਬਰ ਤੱਕ ਜਲੰਧਰ ਦੇ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਕਰਵਾਇਆ ਜਾਵੇਗਾ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਬੰਧਕੀ ਕਮੇਟੀ ਦੇ ਮੁਖੀ ਹਰਭਜਨ ਸਿੰਘ ਕਪੂਰ ਨੇ ਦੱਸਿਆ ਕਿ ਇਹ ਟੂਰਨਾਮੈਂਟ 19 ਸਾਲ ਤੋਂ ਘੱਟ ਦੇ ਸਕੂਲੀ ਖਿਡਾਰੀਆਂ ਲਈ ਕਰਵਾਇਆ ਜਾਂਦਾ ਹੈ। ਇਹ ਟੂਰਨਾਮੈਂਟ ਹਾਕੀ ਇੰਡੀਆ ਤੋਂ ਮਾਨਤਾ ਪ੍ਰਾਪਤ ਹੈ। ਉਨ੍ਹਾਂ ਦੱਸਿਆ ਇਹ ਟੂਰਨਾਮੈਂਟ ਲੀਗ ਕਮ ਨਾਕ ਆਊਟ ਆਧਾਰ ’ਤੇ ਖੇਡਿਆ ਜਾਵੇਗਾ। ਇਸ ਟੂਰਨਾਮੈਂਟ ਵਿੱਚ ਦੇਸ਼ ਭਰ ਵਿੱਚੋਂ 12 ਬਿਹਤਰੀਨ ਟੀਮਾਂ ਹਿੱਸਾ ਲੈ ਰਹੀਆਂ ਹਨ।
ਉਦਘਾਟਨੀ ਮੈਚ ਨੇਵਲ ਟਾਟਾ ਹਾਕੀ ਅਕੈਡਮੀ ਜਮਸ਼ੇਦਪੁਰ ਅਤੇ ਮਾਲਵਾ ਖਾਲਸਾ ਸਕੂਲ ਲੁਧਿਆਣਾ ਦਰਮਿਆਨ ਖੇਡਿਆ ਜਾਵੇਗਾ। ਟੂਰਨਾਮੈਂਟ ਦੀ ਜੇਤੂ ਟੀਮ ਨੂੰ ਇਕ ਲੱਖ 50 ਹਜ਼ਾਰ ਰੁਪਏ ਨਗਦ ਅਤੇ ਮਾਤਾ ਪ੍ਰਕਾਸ਼ ਕੌਰ ਕੱਪ ਨਾਲ ਜਦੋਂਕਿ ਉਪ ਜੇਤੂ ਟੀਮ ਨੂੰ ਇਕ ਲੱਖ ਰੁਪਏ ਨਗਦ ਅਤੇ ਟਰਾਫੀ ਨਾਲ ਸਨਮਾਨਿਆ ਜਾਵੇਗਾ। ਤੀਜੇ ਸਥਾਨ ’ਤੇ ਰਹਿਣ ਵਾਲੀ ਟੀਮ ਨੂੰ 80 ਹਜ਼ਾਰ ਰੁਪਏ ਅਤੇ ਟਰਾਫੀ ਅਤੇ ਚੌਥੇ ਸਥਾਨ ਰਹਿਣ ਵਾਲੀ ਟੀਮ ਨੂੰ 60 ਹਜ਼ਾਰ ਰੁਪਏ ਨਗਦ ਅਤੇ ਟਰਾਫੀ ਨਾਲ ਸਨਮਾਨਿਆ ਜਾਵੇਗਾ। ਹਰਮੋਹਿੰਦਰ ਕੌਰ ਪਤਨੀ ਗੁਰਸ਼ਰਨ ਸਿੰਘ ਕਪੂਰ ਦੀ ਯਾਦ ਵਿੱਚ ਫੇਅਰ ਪਲੇਅ ਟਰਾਫੀ ਦਿੱਤੀ ਜਾਵੇਗੀ। ਟੂਰਨਾਮੈਂਟ ਦੇ ਅੰਤਿਮ ਦਿਨ ਪ੍ਰਬੰਧਕੀ ਕਮੇਟੀ ਵਲੋਂ ਬੇਹਤਰੀਨ ਗੋਲਕੀਪਰ, ਬੇਹਤਰੀਨ ਫੁਲ ਬੈਕ, ਬੇਹਤਰੀਨ ਹਾਫ ਬੈਕ, ਬੇਹਤਰੀਨ ਫਾਰਵਰਡ, ਸਰਵੋਤਮ ਗੋਲ ਸਕੋਰਰ ਅਤੇ ਬੇਹਤਰੀਨ ਉਭਰਦਾ ਖਿਡਾਰੀ ਵੀ ਐਲਾਨਿਆ ਜਾਵੇਗਾ, ਇਨ੍ਹਾਂ 6 ਖਿਡਾਰੀਆਂ ਨੂੰ ਦਸ ਦਸ ਹਜ਼ਾਰ ਰੁਪਏ ਨਕਦ ਨਾਲ ਸਨਮਾਨਿਤ ਕੀਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਦਾ ਉਦਘਾਟਨ 19 ਨਵੰਬਰ ਐਤਵਾਰ ਨੂੰ ਚੰਡੀਗੜ੍ਹ ਯੂਨੀਵਰਸਟੀ ਦੇ ਪ੍ਰੋ ਚਾਂਸਲਰ ਸ੍ਰੀ ਆਰ ਐਸ ਬਾਵਾ ਬਾਅਦ ਦੁਪਹਿਰ 2 ਵਜੇ ਕਰਨਗੇ।
ਇਸ ਮੌਕੇ ਮਨਜੀਤ ਸਿੰਘ ਕਪੂਰ, ਤੀਰਥ ਸਿੰਘ ਕਪੂਰ, ਓਲੰਪੀਅਨ ਦਵਿੰਦਰ ਸਿੰਘ ਗਰਚਾ, ਜਨਰਲ ਸਕੱਤਰ ਹਾਕੀ ਪੰਜਾਬ ਅਮਰੀਕ ਸਿੰਘ ਪੁਆਰ, ਗੁਨਦੀਪ ਸਿੰਘ ਕਪੂਰ, ਰਿਪੁਦਮਨ ਕੁਮਾਰ ਸਿੰਘ, ਓਲੰਪੀਅਨ ਸੰਜੀਵ ਕੁਮਾਰ, ਦਲਜੀਤ ਸਿੰਘ ਕਸਟਮਜ਼, ਤੇਜਾ ਸਿੰਘ ਸਿੰਧ ਬੈਂਕ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਅੱਜ ਦੇ ਮੈਚ
ਐੱਸਜੀਪੀ ਹਾਕੀ ਅਕੈਡਮੀ ਅੰਮ੍ਰਿਤਸਰ ਬਨਾਮ ਫਲਿਕਰ ਹਾਕੀ ਅਕੈਡਮੀ ਸ਼ਾਹਬਾਦ ਮਾਰਕੰਡਾ (11-00 ਵਜੇ) ਅਤੇ ਨੇਵਲ ਟਾਟਾ ਹਾਕੀ ਅਕੈਡਮੀ ਜਮਸ਼ੇਦਪੁਰ ਬਨਾਮ ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਲੁਧਿਆਣਾ (2 ਵਜੇ) ਹੋਣਗੇ।