ਕੈਂਪ ਦੌਰਾਨ 175 ਵਿਅਕਤੀਆਂ ਵੱਲੋਂ ਖੂਨਦਾਨ
ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 28 ਦਸੰਬਰ
ਸ਼ਹੀਦੀ ਸਭਾ ਦੌਰਾਨ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਫ਼ਤਹਿਗੜ੍ਹ ਸਾਹਿਬ ਦੇ ਮੁੱਖ ਗੇਟ ’ਤੇ ਸ਼ਹੀਦ ਬਾਬਾ ਜੀਵਨ ਸਿੰਘ ਵੈਲਫੇਅਰ ਸੁਸਾਇਟੀ, ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਦਸਤਾਰਾਂ ਦਾ ਲੰਗਰ ਅਤੇ ਖੂਨਦਾਨ ਕੈਂਪ ਲਗਾਇਆ ਗਿਆ। ਇਸ ਦੌਰਾਨ 175 ਦਾਨੀਆਂ ਵੱਲੋਂ ਖ਼ੂਨਦਾਨ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਹਲਕਾ ਇੰਚਾਰਜ ਜਗਦੀਪ ਸਿੰਘ ਚੀਮਾ, ਜਥੇਦਾਰ ਅਵਤਾਰ ਸਿੰਘ ਰਿਆ ਸਾਬਕਾ ਜੂਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਕਮੇਟੀ ਅਤੇ ਪ੍ਰਿੰਸੀਪਲ ਡਾ. ਲਖਬੀਰ ਸਿੰਘ ਨੇ ਸ਼ਿਰਕਤ ਕੀਤੀ। ਸ਼ਹੀਦ ਬਾਬਾ ਜੀਵਨ ਸਿੰਘ ਜੀ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਜਥੇਦਾਰ ਜਗਰੂਪ ਸਿੰਘ ਗੁੱਜਰਵਾਲ ਨੇ ਦੱਸਿਆ ਕਿ ਦੀਪਕ ਹਸਪਤਾਲ ਲੁਧਿਆਣਾ ਵੱਲੋਂ ਲਗਾਏ ਕੈਂਪ ਵਿੱਚ ਦੂਸਰੇ ਦਿਨ ਵੀ ਨੌਜਵਾਨਾਂ ਵਿੱਚ ਭਾਰੀ ਉਤਸ਼ਾਹ ਰਿਹਾ। ਇਸ ਮੌਕੇ ਸ਼ਹੀਦ ਬਾਬਾ ਜੀਵਨ ਸਿੰਘ ਵੈਲਫੇਅਰ ਸੁਸਾਇਟੀ ਦੇ ਕੌਮੀ ਪ੍ਰਧਾਨ ਇੰਸਪੈਕਟਰ ਪ੍ਰੇਮ ਸਿੰਘ ਭੰਗੂ, ਅੰਤ੍ਰਿੰਗ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖਾਲਸਾ, ਗੁਰਮੀਤ ਸਿੰਘ ਸੋਨੂੰ ਚੀਮਾ, ਐਡਵੋਕੇਟ ਜਸਪ੍ਰੀਤ ਸਿੰਘ ਝੰਬਾਲੀ ਨੇ ਇਸ ਕਾਰਜ਼ ਦੀ ਸ਼ਲਾਘਾ ਕੀਤੀ।
ਯੂਥ ਕਲੱਬ ਦੇ ਕੈਂਪ ਦੌਰਾਨ 47 ਯੂਨਿਟ ਖੂਨ ਇਕੱਤਰ
ਘਨੌਲੀ (ਜਗਮੋਹਨ ਸਿੰਘ): ਅੱਜ ਇੱਥੇ ਪਿੰਡ ਲੋਹਗੜ੍ਹ ਫਿੱਡੇ ਵਿੱਚ ਯੂਥ ਕਲੱਬ ਵੱਲੋਂ ਰੋਟਰੀ ਕਲੱਬ ਰੋਪੜ ਸੈਂਟਰਲ ਤੇ ਜ਼ਿਲ੍ਹਾ ਯੂਥ ਕਲੱਬਜ਼ ਤਾਲਮੇਲ ਕਮੇਟੀ ਰੂਪਨਗਰ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਗਿਆ। ਇਸ ਦੌਰਾਨ ਬਲੱਡ ਬੈਂਕ ਸਿਵਲ ਹਸਪਤਾਲ ਸ੍ਰੀ ਆਨੰਦਪੁਰ ਸਾਹਿਬ ਤੋਂ ਡਾਕਟਰ ਬਖਤਾਵਰ ਸਿੰਘ ਰਾਣਾ ਦੀ ਅਗਵਾਈ ਹੇਠ ਆਈ ਟੀਮ ਵੱਲੋਂ 47 ਯੂਨਿਟ ਖੂਨ ਇਕੱਤਰ ਕੀਤਾ ਗਿਆ। ਪਰਮਿੰਦਰ ਸਿੰਘ ਜੌਹਲ ਤੇ ਰੋਟਰੀ ਕਲੱਬ ਦੇ ਪ੍ਰਧਾਨ ਕੁਲਤਾਰ ਸਿੰਘ ਦੀ ਦੇਖ ਰੇਖ ਅਧੀਨ ਲਗਾਏ ਕੈਂਪ ਨੂੰ ਸਫਲ ਬਣਾਉਣ ਵਿੱਚ ਨਿਰਮਲ ਸਿੰਘ ਪ੍ਰਧਾਨ ਡੇਰਾ ਪ੍ਰਬੰਧਕ ਕਮੇਟੀ, ਤਜਿੰਦਰ ਸਿੰਘ, ਗੁਰਿੰਦਰ ਸਿੰਘ, ਸਿਮਰਨਜੀਤ ਸਿੰਘ, ਜਸਪਾਲ ਸਿੰਘ, ਪਰਮਜੀਤ ਸਿੰਘ, ਅਮਨ ਹਾਜ਼ਰ ਸਨ।