ਕੇਂਦਰੀ ’ਵਰਸਿਟੀ ਦੇ 17 ਅਧਿਆਪਕ ਸਰਵੋਤਮ ਵਿਗਿਆਨੀਆਂ ਦੀ ਸੂਚੀ ’ਚ ਸ਼ਾਮਲ
ਮਨੋਜ ਸ਼ਰਮਾ
ਬਠਿੰਡਾ, 18 ਸਤੰਬਰ
ਪੰਜਾਬ ਕੇਂਦਰੀ ਯੂਨੀਵਰਸਿਟੀ ਦੇ 17 ਅਧਿਆਪਕਾਂ ਅਤੇ ਇੱਕ ਖੋਜਾਰਥੀ ਨੂੰ ਸਾਲ 2023 ਵਿੱਚ ਬੇਮਿਸਾਲ ਖੋਜ ਕਾਰਜਾਂ ਲਈ ਚੋਣ ਹੋਈ। ਇਸ ਦਾ ਖੁਲਾਸਾ ‘ਅਪਡੇਟਿਡ ਸਾਇੰਸ ਵਾਈਡ ਔਥਰਜ਼ ਡੇਟਾਬੇਸਿਜ਼ ਆਫ ਸਟੈਨਫੋਰਡ ਸਾਈਟੇਸ਼ਨ ਇੰਡੀਕੇਟਰਜ਼ 2024’ ਨਾਮੀ ਰਿਪੋਰਟ ਕੀਤਾ ਗਿਆ ਹੈ। ਇਹ ਰਿਪੋਰਟ ਅਮਰੀਕਾ ਦੀ ਸਟੈਨਫੋਰਡ ਯੂਨੀਵਰਸਿਟੀ ਦੇ ਪ੍ਰੋਫੈਸਰ ਜੌਹਨ ਪੀਏ ਨੇ ਜਾਰੀ ਕੀਤੀ ਹੈ। ਇਨ੍ਹਾਂ ਨੂੰ ਵਿਸ਼ਵ ਦੇ 2 ਪ੍ਰਤੀਸ਼ਤ ਸਰਵੋਤਮ ਵਿਗਿਆਨੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਇਹ ਚੋਣ ਦੁਨੀਆਂ ਭਰ ਦੇ ਵੱਖ ਵੱਖ ਮੈਗਜ਼ੀਨਾਂ ਵਿੱਚ ਆਪਣੇ ਵਿਸ਼ੇ ਬਾਰੇ ਲਿਖਣ ਵਾਲੇ ਵਿਗਿਆਨੀਆਂ ਤੇ ਖੋਜਾਰਥੀਆਂ ਦੀ ਕੀਤੀ ਹੈ। ਇਸ ਪ੍ਰਾਪਤੀ ’ਤੇ ਯੂਨੀਵਰਸਿਟੀ ਵਿਚ ਖੁਸ਼ੀ ਦਾ ਮਾਹੌਲ ਹੈ। ਦੂਜੇ ਪਾਸੇ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਪ੍ਰੋ. ਵਿਨੋਦ ਕੁਮਾਰ ਗਰਗ ਪਿਛਲੇ ਪੰਜ ਸਾਲਾਂ ਤੋਂ ਲਗਾਤਾਰ ਸਟੈਨਫੋਰਡ ਦੀ ‘ਟੌਪ ਇੰਟਰਨੈਸ਼ਨਲ ਸਾਇੰਟਿਸਟ ਲਿਸਟ’ ਵਿੱਚ ਬਣੇ ਹੋਏ ਹਨ। ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਕਿਹਾ ਕਿ ਸੀਯੂਪੀਬੀ ਦੇ ਕੁੱਲ 17 ਅਧਿਆਪਕਾਂ ਅਤੇ ਇੱਕ ਰਿਸਰਚ ਸਕਾਲਰ ਦਾ ਵਿਸ਼ਵ ਦੇ ਚੋਟੀ ਦੇ 2 ਫੀਸਦੀ ਵਿਗਿਆਨੀਆਂ ਦੀ ਸੂਚੀ ਵਿੱਚ ਸ਼ਾਮਲ ਹੋਣਾ ਇਸ ਤੱਥ ਨੂੰ ਵੀ ਉਜਾਗਰ ਕਰਦਾ ਹੈ ਕਿ ਇਸ ਯੂਨੀਵਰਸਿਟੀ ਦੀ ਫੈਕਲਟੀ ਵਿੱਚ ਵਿਸ਼ਵ ਵਿਗਿਆਨਕ ਭਾਈਚਾਰੇ ਦੇ ਬਰਾਬਰ ਖੋਜ ਕਰਨ ਦੀ ਸਮਰੱਥਾ ਹੈ ਅਤੇ ਯੂਨੀਵਰਸਿਟੀ ਗੁਣਾਤਮਕ ਖੋਜ ਰਾਹੀਂ ਗੁੰਝਲਦਾਰ ਸਮੱਸਿਆਵਾਂ ਦੇ ਨਵੀਨਤਾਕਾਰੀ ਹੱਲ ਲੱਭਣ ਦੇ ਰਾਹ ’ਤੇ ਅੱਗੇ ਵੱਧ ਰਹੀ ਹੈ। ਉਨ੍ਹਾਂ ਨੇ ਫਾਰਮਾਕੋਲੋਜੀ ਅਤੇ ਨੈਚੁਰਲ ਪ੍ਰੋਡਕਟਸ ਵਿਭਾਗ ਨੂੰ ਨਵਾਂ ਰਿਕਾਰਡ ਬਣਾਉਣ ਲਈ ਵਧਾਈ ਦਿੱਤੀ। ਇਸ ਵਿੱਚ ਪ੍ਰੋ. ਵਿਨੋਦ ਕੁਮਾਰ ਗਰਗ, ਡਾ. ਸ਼ਸ਼ਾਂਕ ਕੁਮਾਰ, ਡਾ. ਬਲਾਚੰਦਰ ਵੇਲਿੰਗੀਰੀ, ਡਾ. ਪੁਨੀਤ ਕੁਮਾਰ, ਡਾ. ਪ੍ਰਦੀਪ ਕੁਮਾਰ, ਡਾ. ਖੇਤਾਨ ਸ਼ਿਵਕਾਨੀ, ਪ੍ਰੋ. ਜਸਵਿੰਦਰ ਸਿੰਘ ਭੱਟੀ, ਪ੍ਰੋ. ਰਾਜ ਕੁਮਾਰ, ਡਾ. ਰਣਧੀਰ ਸਿੰਘ, ਪ੍ਰੋ. ਰਾਮਕ੍ਰਿਸ਼ਨ ਵੁਸੀਰਿਕਾ, ਡਾ. ਅੱਛੇ ਲਾਲ ਸ਼ਰਮਾ, ਡਾ. ਅਸ਼ੋਕ ਕੁਮਾਰ, ਡਾ. ਸਚਿਨ ਕੁਮਾਰ, ਡਾ. ਵਿਕਾਸ ਜੈਤਕ,; ਡਾ. ਸੁਰਿੰਦਰ ਕੁਮਾਰ ਸ਼ਰਮਾ, ਡਾ. ਵਿਕਰਮਦੀਪ ਸਿੰਘ ਮੋਂਗਾ, ਪ੍ਰੋ. ਸੁਰੇਸ਼ ਥਰੇਜਾ, ਅਤੇ ਅੰਕਿਤ ਕੁਮਾਰ ਸਿੰਘ ਦੇ ਨਾਂ ਸ਼ਾਮਲ ਹਨ। ਡਾ. ਪ੍ਰਦੀਪ ਕੁਮਾਰ ਨੂੰ ਮਾਈਕਰੋਬਾਇਓਲੋਜੀ ਦੇ ਨਾਲ-ਨਾਲ ਚਿਕਿਤਸਕ ਅਤੇ ਬਾਇਓਮੋਲੀਕਿਊਲਰ ਕੈਮਿਸਟਰੀ ਖੇਤਰ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਦੋਵਾਂ ਅਨੁਸ਼ਾਸਨਾ ਦੀ ਸੂਚੀ ਵਿੱਚ ਚੁਣਿਆ ਗਿਆ।